ਬਠਿੰਡਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 16 ਜਨਵਰੀ 2026 : ਮੋਦੀ ਸਰਕਾਰ ਵੱਲੋਂ ਕਾਰਪਰੇਟ ਪੱਖੀ ਨੀਤੀਆਂ ਲਾਗੂ ਕਰਨ ਲਈ ਕਾਨੂੰਨਾਂ ਚ ਕੀਤੀ ਜਾ ਰਹੀਆਂ ਸੋਧਾਂ, ਜਨਤਕ ਅਦਾਰਿਆਂ ਦਾ ਕੇਂਦਰੀਕਰਨ ਕਰਨ ਅਤੇ ਇਹਨਾਂ ਨੂੰ ਰਾਜ ਸਰਕਾਰਾਂ ਦੁਆਰਾ ਲਾਗੂ ਕਰਨ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ, ਠੇਕਾ ਕਾਮੇ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਡੀ ਸੀ ਦਫਤਰ ਅੱਗੇ ਧਰਨੇ ਦੇਣ ਦੇ ਸੱਦੇ ਤਹਿਤ ਅੱਜ ਡੀਸੀ ਦਫਤਰ ਬਠਿੰਡਾ ਅੱਗੇ ਧਰਨਾ ਦੇ ਕੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦੇਣ ਤੋਂ ਬਾਅਦ ਹਨੂਮਾਨ ਚੌਂਕ ਤੱਕ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ • ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਬੀਕੇਯੂ ਡਕੌਂਦਾ(ਧਨੇਰ) ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬੀਕੇਯੂ ਡਕੌਂਦਾ( ਬੁਰਜ ਗਿੱਲ) ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਪੂਹਲੀ,ਬੀ ਕੇ ਯੂ ਮਾਨਸਾ ਦੇ ਸੂਬਾ ਜਰਨਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਮਾਲਵਾ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ,ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਔਰਤਾਂ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਬਿੱਲ 2025 ਰਾਹੀਂ ਦੇਸ਼ ਦੇ ਵੱਡੇ ਜਨਤਕ ਅਦਾਰੇ ਨੂੰ ਕਾਰਪੋਰੇਟ ਘਰਾਣੇ ਦੇ ਹਵਾਲੇ ਕਰਨ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ ਜਿਸ ਨਾਲ ਬਿਜਲੀ ਅਮੀਰ ਲੋਕਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇਗੀ ਅਤੇ ਲੋਕਾਂ ਲਈ ਬਣੀ ਹੋਈ ਸਾਹ ਰਗ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਕੇਂਦਰ ਸਰਕਾਰ ਬੀਜ ਬਿੱਲ 2025 ਲਿਆ ਕੇ ਕਿਸਾਨਾਂ ਕੋਲ ਬੀਜ ਰੱਖਣ ਅਤੇ ਸਰਕਾਰੀ ਖੇਤਰ ਵਿੱਚ ਬੀਜ ਦੀ ਖੋਜ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਨਾਲ ਬੀਜ ਦਾ ਕਾਰੋਬਾਰ ਸਮੁੱਚਾ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਹੋ ਜਾਵੇਗਾ ਕੰਪਨੀਆਂ ਕਿਸਾਨਾਂ ਦੀ ਲੁੱਟ ਕਰਨਗੀਆਂ ਅਤੇ ਖੇਤੀ ਹੋਰ ਮਹਿੰਗੀ ਹੋਵੇਗੀ ਇਸ ਸਾਜਿਸ਼ ਦੇ ਪਿੱਛੇ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ ਕਰਜਾਈ ਕਰਕੇ ਉਹਨਾਂ ਦੀਆਂ ਜਮੀਨਾਂ ਉੱਪਰ ਪ੍ਰਾਈਵੇਟ ਘਰਾਣਿਆਂ ਦੇ ਕਬਜ਼ੇ ਕਰਾਉਣਾ ਮੁੱਖ ਮੰਤਵ ਹੈ। ਇਸੇ ਤਰ੍ਹਾਂ ਮਨਰੇਗਾ ਦੇ ਕਾਨੂੰਨ ਨੂੰ ਬਦਲ ਦਿੱਤਾ ਗਿਆ ਹੈ ਜਿਸ ਰਾਹੀਂ ਪਹਿਲਾਂ ਤੋਂ ਹੀ ਮਨਰੇਗਾ ਰਾਹੀਂ ਮਜ਼ਦੂਰਾਂ ਨੂੰ ਮਿਲਦਾ ਨਿਗੂਣਾ ਰੁਜ਼ਗਾਰ ਬੰਦ ਹੋ ਗਿਆ ਹੈ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮਿੱਠੂ ਸਿੰਘ ਘੁੱਦਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਅਮੀ ਲਾਲ,ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਸਿੰਘ, ਮਜ਼ਦੂਰ ਅਧਿਕਾਰ ਅੰਦੋਲਨ ਦੇ ਨਛੱਤਰ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਦੇ ਅੰਗਰੇਜ਼ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸ ਦੇ ਅਮਨਦੀਪ ਕੁਮਾਰ, ਪ ਸ ਸ ਫ( ਰਾਣਾ ਗਰੁੱਪ ) ਦੇ ਗਗਨਦੀਪ ਸਿੰਘ, ਮੁਲਾਜ਼ਮ ਆਗੂ ਬਲਰਾਜ ਸਿੰਘ ਮੌੜ, ਪੀ ਐਸ ਈ ਬੀ ਦੇ ਮੁਲਾਜ਼ਮ ਆਗੂ ਅਰੁਣ ਕੁਮਾਰ ਅਤੇ ਬਿੰਦਰ ਸਿੰਘ ਮਲੂਕਾ, ਡੀਟੀਐਫ ਦੇ ਸੂਬਾ ਆਗੂ ਰੇਸ਼ਮ ਸਿੰਘ ਖੇਮੂਆਣਾ,ਸਟੂਡੈਂਟ ਆਗੂ ਪਰਮਿੰਦਰ ਕੌਰ, ਮੁਲਾਜ਼ਮ ਆਗੂ ਸੁਖਵਿੰਦਰ ਸਿੰਘ ਬਰਾੜ, ਚੰਦਰ ਸ਼ਰਮਾ ਰਘਬੀਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਇਮਪਲਾਈਜ ਫੈਡਰੇਸ਼ਨ ਦੇ ਆਗੂ ਰਣਜੀਤ ਸਿੰਘ ਨੇ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ । ਇਸ ਮੌਕੇ ਆਗੂਆਂ ਨੇ ਵੱਖ-ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਵੀ ਕੀਤੀ ਅਤੇ ਮੰਗ ਪੱਤਰ ਵੀ ਦਿੱਤਾ।