ਪਿੰਡ ਕੋਠੇ ਲਾਲੇਆਣਾ ਵਿਖੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲਗਾਏ ਸਾਂਝੇ ਬੂਥ ਦੀ ਸਪੀਕਰ ਸੰਧਵਾਂ ਵੱਲੋਂ ਸ਼ਲਾਘਾ
ਕੋਟਕਪੂਰਾ, 14 ਦਸੰਬਰ (ਗਿਆਨ ਸਿੰਘ): ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਕੋਠੇ ਲਾਲੇਆਣਾ ਵਿੱਚ ਚੋਣਾਂ ਦੌਰਾਨ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦੀ ਇੱਕ ਵਿਲੱਖਣ ਤੇ ਪ੍ਰੇਰਕ ਮਿਸਾਲ ਵੇਖਣ ਨੂੰ ਮਿਲੀ। ਇੱਥੇ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਵੱਲੋਂ ਮਿਲ ਕੇ ਇੱਕੋ ਸਾਂਝਾ ਪੋਲਿੰਗ ਬੂਥ ਅਤੇ ਸਾਂਝਾ ਟੈਂਟ ਲਗਾਇਆ ਗਿਆ, ਜਿਸ ਨਾਲ ਲੋਕਤੰਤਰਕ ਪ੍ਰਕਿਰਿਆ ਨੂੰ ਮਜ਼ਬੂਤੀ ਮਿਲੀ ਅਤੇ ਪਿੰਡ ਵਿੱਚ ਸਹਿਮਤੀ ਤੇ ਭਰੋਸੇ ਦਾ ਮਾਹੌਲ ਬਣਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਵੱਲੋਂ ਜਸਵਿੰਦਰ ਸਿੰਘ ਖਾਲਸਾ, ਕਾਂਗਰਸ ਵੱਲੋਂ ਸਾਬਕਾ ਸਰਪੰਚ ਕਿਸ਼ੋਰੀ ਲਾਲ, ਭਾਜਪਾ ਵੱਲੋਂ ਰਿੰਕੂ ਸ਼ਰਮਾ ਅਤੇ ਅਕਾਲੀ ਦਲ ਬਾਦਲ ਵੱਲੋਂ ਗੁਲਾਬ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਵਿੱਚ ਹਰ ਚੋਣ ਮੌਕੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਸਾਰੇ ਪੱਖਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਸਫਲ ਰਿਹਾ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਬਹਾਦਰ ਸਿੰਘ ਸੰਧੂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਵੇਰ ਤੋਂ ਸ਼ਾਮ ਤੱਕ ਸਾਰੀਆਂ ਪਾਰਟੀਆਂ ਦੇ ਆਗੂਆਂ, ਵਰਕਰਾਂ, ਵੋਟਰਾਂ ਅਤੇ ਪੋਲਿੰਗ ਸਟਾਫ ਲਈ ਸਾਦਾ ਲੰਗਰ ਲਗਾਇਆ ਗਿਆ, ਜੋ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਸਾਰਥਕ ਕਦਮ ਹੈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਪਹਲ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਗਲਤ ਤਰੀਕਿਆਂ ਦੀ ਵਰਤੋਂ ਹੁੰਦੀ ਰਹੀ ਹੈ, ਪਰ ਕੋਠੇ ਲਾਲੇਆਣਾ ਵਿੱਚ ਖੁੱਲ੍ਹੇ ਲੰਗਰ ਅਤੇ ਸਾਂਝੇ ਪੋਲਿੰਗ ਬੂਥ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਸਾਂਝ ਅਤੇ ਸੇਵਾ ਵਾਲੀ ਵਿਚਾਰਧਾਰਾ ਨੂੰ ਅਪਣਾਇਆ ਗਿਆ ਹੈ, ਜੋ ਸਾਰੇ ਪੰਜਾਬ ਲਈ ਇੱਕ ਸਕਾਰਾਤਮਕ ਮਿਸਾਲ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਵੱਲੋਂ ਇਕੱਠੇ ਪੋਲਿੰਗ ਬੂਥ ਲਗਾਉਣਾ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਮੂਲ ਅਧਿਕਾਰ ਅਤੇ ਫਰਜ਼ ਹੈ, ਪਰ ਇਸਦੇ ਨਾਲ-ਨਾਲ ਪਿੰਡਾਂ ਵਿੱਚ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਬਣਾਈ ਰੱਖਣਾ ਵੀ ਉਤਨਾ ਹੀ ਜ਼ਰੂਰੀ ਹੈ।
ਅੰਤ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਕਿ ਕੋਠੇ ਲਾਲੇਆਣਾ ਵੱਲੋਂ ਦਿਖਾਈ ਗਈ ਇਸ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਵਾਲੀ ਪਹਲ ਤੋਂ ਸਾਰੇ ਪੰਜਾਬ ਵਾਸੀਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।
ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਗੈਰੀ ਵੜਿੰਗ, ਸੁਖਜੀਤ ਢਿੱਲਵਾਂ, ਮੌਂਗਾ ਜੀ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ, ਵਰਕਰ ਅਤੇ ਅਹੁਦੇਦਾਰ ਵੀ ਹਾਜ਼ਰ ਰਹੇ।