ਜਗਰਾਉਂ ਵੇਅਰਹਾਊਸ ਮਾਮਲਾ: ਚੌਲਾਂ ਦੀਆਂ ਬੋਰੀਆਂ ਗਿੱਲੀਆਂ ਕਰਨਾ... ‘ਮੁਰੰਮਤ’ ਦੱਸ ਕੇ ਰਿਪੋਰਟ ਤਿਆਰ, ਅਧਿਕਾਰੀਆਂ ਦੀ ਜਲਦਬਾਜ਼ੀ 'ਤੇ ਉਠੇ ਸਵਾਲ
ਦੀਪਕ ਜੈਨ
ਜਗਰਾਉਂ, 10 ਦਸੰਬਰ 2025
ਜਗਰਾਉਂ ਨੇੜਲੇ ਸਰਕਾਰੀ ਵੇਅਰਹਾਊਸ ਵਿੱਚ ਚੌਲਾਂ ਦੀਆਂ ਬੋਰੀਆਂ 'ਤੇ ਜਾਣ-ਬੁੱਝ ਕੇ ਪਾਣੀ ਪਾਉਣ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਸਿਰਫ਼ ਇੱਕ ਦਿਨ ਵਿੱਚ ਹੀ ਚਾਰ ਮੈਂਬਰੀ ਜਾਂਚ ਕਮੇਟੀ ਤਿਆਰ ਹੋਈ, ਜਾਂਚ ਵੀ ਮੁਕੰਮਲ ਹੋ ਗਈ ਅਤੇ ਅਧਿਕਾਰੀਆਂ ਵੱਲੋਂ "ਕੋਈ ਗੜਬੜ ਨਹੀਂ ਹੋਈ" ਦੀ ਕਲੀਨ ਚਿੱਟ ਵੀ ਜਾਰੀ ਕਰ ਦਿੱਤੀ ਗਈ। ਇਸ ਤਰ੍ਹਾਂ ਦੀ ਤੁਰੰਤ ਜਾਂਚ ਤੇ ਫੈਸਲਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਕਿ ਆਖਰ ਅਜਿਹੀ ਜਲਦਬਾਜ਼ੀ ਕਿਸ ਮਜਬੂਰੀ ਵਿੱਚ ਹੋਈ? ਕੀ ਸੱਚਾਈ ਨੂੰ ਓਹਲੇ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ?
ਪਿਛਲੇ ਮਾਮਲੇ ‘ਚ ਵੱਡੀ ਕਾਰਵਾਈ, ਇੱਥੇ ਕਲੀਨ ਚਿੱਟ!
ਇਹ ਵੀ ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਇੱਕ ਹੋਰ ਵੇਅਰਹਾ ਊਸ ਵਿੱਚ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਕਈ ਅਧਿਕਾਰੀਆਂ ਤੇ ਵਿਭਾਗੀ ਕਾਰਵਾਈ ਕੀਤੀ ਗਈ ਸੀ। ਉਸ ਵੇਲੇ ਜਾਂਚ ਹਫ਼ਤਿਆਂ ਤੱਕ ਚਲੀ ਸੀ ਅਤੇ ਦਸਤਾਵੇਜ਼ੀ ਪ੍ਰਮਾਣਾਂ 'ਤੇ ਫੈਸਲਾ ਲਿਆ ਗਿਆ ਸੀ। ਫਿਰ ਹੁਣ ਇਹ ਜਲਦ ਨਿਪਟਾਰਾ ਕਿਹੜੇ ਦਬਾਅ ਜਾਂ ਰੁਚੀ ਤਹਿਤ ਕੀਤਾ ਗਿਆ?
ਜਲਦਬਾਜ਼ੀ ਜਾਂ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼
ਜ਼ਿਲ੍ਹਾ ਮੈਨੇਜਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਸੀ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਜਦਕਿ ਚਾਰ ਮੈਂਬਰੀ ਕਮੇਟੀ ਵੱਲੋਂ ਰਿਪੋਰਟ ਤਿਆਰ ਕਰਨ ਦਾ ਤਰੀਕਾ ਹੀ ਲੋਕਾਂ ਵੱਲੋਂ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਜਨਤਾ ਦੀ ਮੰਗ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਜੋ ਪਤਾ ਲੱਗ ਸਕੇ ਕਿ ਚੌਲਾਂ ਦਾ ਵਜ਼ਨ ਵਧਾਉਣ ਦੀ ਖੇਡ ਪਿੱਛੇ ਕੋਈ ਸਿਸਟਮੈਟਿਕ ਗੜਬੜ ਤਾਂ ਨਹੀਂ।