Mohali ਵਿੱਚ ਵਿਦਿਆਰਥੀਆਂ ਲਈ ਮਾਸ ਕਾਊਂਸਲਿੰਗ ਪ੍ਰੋਗਰਾਮ ਆਯੋਜਿਤ
ਵਿਦਿਆਰਥੀਆਂ ਨੂੰ ਕਰੀਅਰ ਦੀ ਸਹੀ ਦਿਸ਼ਾ ਚੁਣਨ ਲਈ ਪ੍ਰੇਰਿਤ ਕੀਤਾ ਗਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਨਵੰਬਰ 2025 : ਸਿੱਖਿਆ ਵਿਭਾਗ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ) ਵੱਲੋਂ ਅੱਜ ਸਕੂਲ ਆਫ਼ ਐਮੀਨੈਂਸ ਬਨੂੜ, ਸਰਕਾਰੀ ਹਾਈ ਸਕੂਲ ਕਰਾਲਾ, ਸਰਕਾਰੀ ਹਾਈ ਸਕੂਲ ਦੱਪਰ ਅਤੇ ਸਰਕਾਰੀ ਹਾਈ ਸਕੂਲ ਹਸਨਪੁਰ ਵਿਖੇ ਮਾਸ ਕਾਊਂਸਲਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਮੌਕੇ 'ਤੇ ਮੇਜਰ (ਸੇਵਾਮੁਕਤ) ਹਰਪ੍ਰੀਤ ਸਿੰਘ ਮਾਨਸ਼ਾਹੀਆਂ, ਡਿਪਟੀ ਡਾਇਰੈਕਟਰ, ਡੀ.ਬੀ.ਈ.ਈ. ਮੋਹਾਲੀ ਨੇ ਕਿਹਾ ਕਿ ਇਸ ਮਾਸ ਕਾਊਂਸਲਿੰਗ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਪਲਬਧ ਕਰੀਅਰ ਮੌਕਿਆਂ ਅਤੇ ਸਵੈ-ਰੋਜ਼ਗਾਰ ਯੋਜਨਾਵਾਂ ਬਾਰੇ ਜਾਣੂ ਕਰਾਉਣਾ ਹੈ, ਤਾਂ ਜੋ ਉਹ ਆਪਣੀ ਯੋਗਤਾ, ਰੁਝਾਨ ਅਤੇ ਰੁਚੀ ਅਨੁਸਾਰ ਸਹੀ ਦਿਸ਼ਾ ਦੀ ਚੋਣ ਕਰ ਸਕਣ।
ਇਸ ਦੌਰਾਨ ਡਾ. ਸਰੂਤੀ ਸ਼ੁਕਲਾ (ਐਸ.ਸੀ.ਈ.ਆਰ.ਟੀ. ਦਫ਼ਤਰ ਮੋਹਾਲੀ), ਮੈਡਮ ਨਬੀਹਾ (ਰੋਜ਼ਗਾਰ ਦਫ਼ਤਰ ਮੋਹਾਲੀ), ਸ੍ਰੀ ਮਨਵੀਰ ਸਿੰਘ (ਆਈ.ਟੀ.ਆਈ. ਬਨੂੜ) ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ੍ਰੀ ਸੁਸ਼ੀਲ ਕੁਮਾਰ ਨੇ ਸਾਂਝੇ ਤੌਰ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਕਰੀਅਰ ਕਾਊਂਸਲਿੰਗ ਬਹੁਤ ਜ਼ਰੂਰੀ ਹੋ ਗਈ ਹੈ, ਕਿਉਂਕਿ ਬਹੁਤੇ ਵਿਦਿਆਰਥੀ ਪੜ੍ਹਾਈ ਮਗਰੋਂ ਸਹੀ ਦਿਸ਼ਾ ਦੀ ਚੋਣ ਕਰਨ ਵਿੱਚ ਦੁਬਿਧਾ ਦਾ ਸ਼ਿਕਾਰ ਹੋ ਜਾਂਦੇ ਹਨ।
ਡੀ.ਬੀ.ਈ.ਈ. ਮੋਹਾਲੀ ਵੱਲੋਂ ਅਜਿਹੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਰੋਜ਼ਗਾਰ, ਕੌਸ਼ਲ ਵਿਕਾਸ ਅਤੇ ਸਵੈ-ਰੋਜ਼ਗਾਰ ਦੇ ਖੇਤਰਾਂ ਵਿੱਚ ਨਵੇਂ ਮੌਕੇ ਖੋਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੈਸ਼ਨ ਦੌਰਾਨ ਵਿਦਵਾਨਾਂ ਵੱਲੋਂ ਮੈਡੀਕਲ, ਇੰਜੀਨੀਅਰਿੰਗ, ਆਰਟਸ, ਕਾਮਰਸ, ਲਾਅ, ਖੇਡਾਂ, ਡਿਫੈਂਸ, ਪੋਲੀਟੈਕਨਿਕ, ਆਈ.ਟੀ.ਆਈ., ਪੀ.ਐੱਸ.ਡੀ.ਐਮ., ਸੀ ਪਾਈਟ, ਸੈਲਫ਼ ਇੰਪਲੋਇਮੈਂਟ ਸਕੀਮਾਂ ਅਤੇ ਖ਼ਾਸ ਤੌਰ ‘ਤੇ ਆਰਮਡ ਫ਼ੋਰਸਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਆਪਣੇ ਕਰੀਅਰ ਸਬੰਧੀ ਪ੍ਰਸ਼ਨ ਪੁੱਛੇ। ਮੌਕੇ ‘ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਰੀਤੂ ਬਾਲਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗਾਈਡੈਂਸ ਦੀ ਮਹੱਤਤਾ ‘ਤੇ ਰੌਸ਼ਨੀ ਪਾਈ। ਇਸ ਮੌਕੇ ਸ੍ਰੀ ਗੁਰਚਰਨ ਸਿੰਘ, ਬਲਾਕ ਕਰੀਅਰ ਅਧਿਆਪਕ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।