ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸ਼੍ਰੀ ਰਾਮ ਮੂਰਤੀ ਸਥਾਪਨਾ ਦਿਹਾੜੇ ਤੇ ਸਜਾਈ ਜਾਏਗੀ ਵਿਸ਼ਾਲ ਸ਼ੋਭਾ ਯਾਤਰਾ
ਰੋਹਿਤ ਗੁਪਤਾ
ਗੁਰਦਾਸਪੁਰ, 6 November 2025 : ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਵਿੱਚ ਭਗਵਾਨ ਰਾਮ ਦੀ ਮੂਰਤੀ ਸਥਾਪਨਾ ਦੇ ਤੀਸਰੇ ਸਾਲ ਵੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਏਗੀ । ਦੱਸ ਦਈਏ ਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਮੂਰਤੀ ਸਥਾਪਨਾ ਦਿਹਾੜੇ ਮੌਕੇ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜਿਸ ਵਿੱਚ ਗੁਰਦਾਸਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਵੀ ਵੱਧ ਚੜ ਕੇ ਹਿੱਸਾ ਲੈਂਦੀ ਹੈ । ਅਯੋਧਿਆ ਵਿਖੇ 22 ਜਨਵਰੀ 2024 ਨੂੰ ਭਗਵਾਨ ਸ਼੍ਰੀ ਰਾਮ ਦੀ ਖੂਬਸੂਰਤ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਸ ਦੀ ਖੁਸ਼ੀ ਜਾਹਰ ਕਰਦਿਆਂ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਗੁਰਦਾਸਪੁਰ ਵਿਖੇ ਵੀ 22 ਜਨਵਰੀ ਨੂੰ ਪਹਿਲੀ ਸ਼ੋਭਾ ਯਾਤਰਾ ਸਜਾਈ ਗਈ ਸੀ।
2025 ਵਿੱਚ ਇਹ ਯੋਗ 11 ਜਨਵਰੀ ਨੂੰ ਬਣਿਆ ਸੀ ਅਤੇ 11 ਜਨਵਰੀ 2025 ਨੂੰ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਗੁਰਦਾਸਪੁਰ ਵਿਖੇ ਸ਼ੋਭਾ ਯਾਤਰਾ ਸਜਾਈ ਗਈ ਸੀ। ਇਸ ਵਾਰ ਭਾਰਤੀ ਕੈਲੰਡਰ ਅਨੁਸਾਰ 22 ਜਨਵਰੀ 2024 ਵਾਲੇ ਯੋਗ 31 ਦਸੰਬਰ 2025 ਵਿੱਚ ਹੀ ਬਣ ਰਹੇ ਹਨ। ਅਯੋਧਿਆ ਵਿੱਚ ਵੀ ਮੂਰਤੀ ਸਥਾਪਨਾ ਦਿਹਾੜਾ 31 ਦਸੰਬਰ ਨੂੰ ਹੀ ਮਨਾਇਆ ਜਾ ਰਿਹਾ ਹੈ ਇਸ ਲਈ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਅਹੁਦੇਦਾਰਾਂ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਗੁਰਦਾਸਪੁਰ ਵਿੱਚ ਵੀ ਇਸ ਵਾਰ 31 ਦਸੰਬਰ ਨੂੰ ਹੀ ਸ਼ੋਭਾ ਯਾਤਰਾ ਸਜਾਈ ਜਾਏਗੀ।
ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਕੱਦਾਂ ਵਾਲੀ ਮੰਡੀ ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੀ ਪਰਿਕ੍ਰਮਾ ਕਰਦੀ ਹੋਈ ਮੁੜ ਮੰਡੀ ਵਿਖੇ ਹੀ ਵਿਸ਼ਰਾਮ ਲਵੇਗੀ। ਇਸ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਇਸ ਦਾ ਸਵਾਗਤ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਹਰ ਵਾਰ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਣ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਪਹੁੰਚੀ ਭਗਵਾਨ ਰਾਮ ਦੀ ਮੂਰਤੀ ਅਤੇ ਬੁਲੇਟ ਮੋਟਰਸਾਈਕਲ ਚਲਾਉਂਦੀਆਂ ਲੜਕੀਆਂ ਬਣਦੀਆਂ ਹਨ ਪਰ ਇਸ ਵਾਰ ਸ਼ੋਭਾ ਯਾਤਰਾ ਵਿੱਚ ਕੁਝ ਵੱਖ ਪ੍ਰਬੰਧ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।
ਬੈਠਕ ਵਿੱਚ ਰਵੀ ਮਹਾਜਨ,ਦਲਜੀਤ ਕੁਮਾਰ, ਨਵੀਨ ਸ਼ਰਮਾ ,ਮਨਦੀਪ ਸ਼ਰਮਾ ਰਿੰਕੂ, ਮਨੋਜ ਰੈਣਾ, ਅਨੁਪਮ ਡੋਗਰਾ, ਸੋਹਨ ਲਾਲ, ਦੀਪਕ ਸ਼ਰਮਾ, ਕਿਰਨ ਸ਼ਰਮਾ, ਦੀਕਸ਼ਾ ਮਹਿਰਾ ਦੀ ਵੀ ਹਾਜ਼ਰ ਸਨ।