ਈਦ ਗਾਹ ਕਿਲਾ ਰਹਿਮਤ ਗੜ੍ਹ ਵਿਖੇ ਸ਼ਰਧਾ ਅਤੇ ਅਕੀਦਤ ਨਾਲ ਅਦਾ ਕੀਤੀ ਗਈ ਈਦ ਉਲ ਅਜ਼ਹਾ ਦੀ ਨਮਾਜ਼
- ਅੱਲਾ ਦੇ ਨਾਂ ਤੇ ਹਰ ਚੀਜ਼ ਕੁਰਬਾਨ ਕਰਨ ਲਈ ਤਿਆਰ ਰਹਿਣਾ ਹੀ ਈਦ ਉਲ ਅਜ਼ਹਾ ਦਾ ਸਬਕ ਜਿਸ ਤੇ ਹਰ ਇਨਸਾਨ ਨੂੰ ਪੂਰੀ ਜਿੰਦਗੀ ਪਹਿਰਾ ਦੇਣਾ ਚਾਹੀਦਾ-ਮੁਫਤੀ ਅਸਅਦ
ਮਾਲੇਰਕੋਟਲਾ 8 ਜੂਨ 2025 - ਮਾਲੇਰਕੋਟਲਾ ਦੇ ਇਲਾਕਾ ਕਿਲਾ ਰਹਿਮਤ ਗੜ੍ਹ ਦੀ ਈਦ ਗਾਹ ਵਿਖੇ ਈਦ-ਉਲ-ਅਜ਼ਹਾ (ਬਕਰੀਦ) ਦੇ ਤਿਉਹਾਰ ਨਾਲ ਸਬੰਧਿਤ ਬਕਰੀਦ ਦੀ ਵਿਸ਼ੇਸ਼ ਨਮਾਜ਼ ਇਲਾਕੇ ਦੇ ਲੋਕਾਂ ਵੱਲੋ ਹਜ਼ਾਰਾਂ ਦੀ ਗਿਣਤੀ 'ਚ ਸ਼ਿਰਕਤ ਕਰਕੇ ਅਦਾ ਕੀਤੀ ਗਈ ਜਿਸ ਕਾਰਨ ਮੁਸਲਿਮ ਭਾਈਚਾਰੇ ਚ ਬੇਹੱਦ ਖੁਸ਼ੀ ਪਾਈ ਜਾ ਰਹੀ ਸੀ । ਬਕਰੀਦ ਦੀ ਨਮਾਜ਼ ਤੋ ਪਹਿਲਾਂ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਅਸਅਦ ਸਾਹਿਬ ਇਮਾਮ ਜਾਮਾ ਮਸਜਿਦ ਕਿਲਾ ਰਹਿਮਤ ਗੜ੍ਹ ਨੇ ਕਿਹਾ ਕਿ ਬਕਰੀਦ ਮੌਕੇ ਪੈਗੰਬਰ ਹਜ਼ਰਤ ਇਬਰਾਹੀਮ (ਅਲੈ.) ਦੀ ਖਾਸ ਸੁੰਨਤ ਨੂੰ ਅੱਲ੍ਹਾ ਪਾਕ ਨੇ ਹਰ ਮਾਲਦਾਰ ਮੁਸਲਮਾਨ ਲਈ ਜਰੂਰੀ ਕਰ ਦਿੱਤਾ, ਕਿਉਕਿ ਆਪ ਨੇ ਵੱਖ-ਵੱਖ ਅਜਮਾਇਸ਼ਾਂ ਰਾਹੀਂ ਅਪਣੇ ਆਪ ਨੂੰ ਰੱਬ ਦਾ ਖਲੀਲ ਬਣਾ ਲਿਆਾ ਜੋ ਸਰਫ ਹੋਰ ਕਿਸੇ ਨਬੀ ਨੂੰ ਪ੍ਰਾਪਤ ਨਹੀ ਹੋ ਸਕਿਆ।ਉਨਾਂ ਕਿਹਾ ਕਿ ਅਜਿਹੇ ਮੌਕੇ ਸਾਨੂੰ ਅੱਲਾ ਦੇ ਨਾਮ ਤੇ ਹਰ ਚੀਜ਼ ਕੁਰਬਾਨ ਕਰਨ ਦੀ ਸਿਖਿਆਂ ਦਿੱਦੇ ਹਨ ਕਿ ਜਿਸ ਤਰਾਂ ਆਪ ਨੇ ਬੁਢਾਪੇ ਦੀ ਹਾਲਤ 'ਚ ਮਿਲੀ ਔਲਾਦ ਨੂੰ ਰੱਬ ਦੇ ਰਾਸਤੇ 'ਚ ਕੁਰਬਾਨ ਕਰਨ ਦਾ ਹੀਆ ਕੀਤਾ ਸਾਨੂੰ ਵੀ ਅੱਲਾ ਦੇ ਨਾਂ ਤੇ ਹਰ ਚੀਜ਼ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਇਹੋ ਈਦ ਉਲ ਅਜ਼ਹਾ ਦਾ ਸਬਕ ਹੈ ਜਿਸ ਤੇ ਹਰ ਇਨਸਾਨ ਨੂੰ ਪੂਰੀ ਜਿੰਦਗੀ ਪਹਿਰਾ ਦੇਣਾ ਚਾਹੀਦਾ ਹੈ।
ਉਹਨਾਂ ਆਪਣੇ ਖਿਤਾਬ 'ਚ ਈਦ ਉਲ ਅਜ਼ਹਾ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਉਕਤ ਤਿਓਹਾਰ ਇਸਲਾਮ ਦੀ ਮਸ਼ਹੂਰ ਨਬੀ ਹਜ਼ਰਤ ਇਬਰਾਹੀਮ(ਅਲੈ.) ਦੀ ਯਾਦ ‘ਚ ਮਨਾਇਆਂ ਜਾਂਦਾ ਹੈ।ਜਿਨਾਂ ਨੇ ਬੁਢਾਪੇ ਦੇ ਦਿਨਾਂ ‘ਚ ਆਪਣੇ ਘਰ ਪੈਦਾ ਹੋਏ ਪੁੱਤਰ(ਇਸਮਾਇਲ ਅਸ.) ਨੂੰ ਰੱਬ ਦੀ ਰਜ਼ਾ ਲਈ ਜ਼ਮੀਨ ‘ਤੇ ਲਿਟਾ ਕੇ ਕੁਰਬਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸੱਚੇ ਰੱਬ ਨੂੰ ਉਨਾਂ ਦੀ ਇਹ ਅਦਾ ਇੰਨੀ ਪਸੰਦ ਆਈ ਕਿ ਉਨਾਂ ਮੁਸਲਿਮ ਲੋਕਾਂ ਨੂੰ ਕਿਆਮਤ ਤੱਕ ਇਬਰਾਹੀਮ ਅਲੈਹਸ. ਦੀ ਨਕਲ ਕਰਨ ਦਾ ਹੁਕਮ ਦੇ ਦਿੱਤਾ ਜੋ ਕਿ ਪਸ਼ੂਆਂ ਦੀ ਸ਼ਕਲ ‘ਚ ਕੁਰਬਾਨੀ ਦੇ ਕੇ ਕੀਤਾ ਜਾਂਦਾ ਹੈ।ਮੌਲਾਨਾ ਨੇ ਹੋਰ ਕਿਹਾ ਕਿ ਕੁਰਬਾਨੀ ਦਾ ਮਕਸਦ ਸੱਚਾ ਰੱਬ ਇਹ ਦੇਖਣਾ ਚਾਹੁੰਦਾ ਹੈ ਕਿ ਕੀ ਮੇਰਾ ਬੰਦਾ ਮੇਰੀ ਖੁਸ਼ੀ ਲਈ ਆਪਣੀ ਪਿਆਰੀ ਤੋਂ ਪਿਆਰੀ ਚੀਜ਼ ਮੇਰੇ ਲਈ ਕੁਰਬਾਨ ਕਰਨ ਲਈ ਤਿਆਰ ਹੈ ਜਾਂ ਨਹੀਂ।
ਉਨਾਂ ਇਸ ਮੌਕੇ ਹਾਜ਼ਰ ਲੋਕਾਂ ਨੂੰ ਕੁਰਬਾਨੀ ਦੇ ਦਿਨਾਂ ‘ਚ ਸਫਾਈ ਆਦਿ ਦਾ ਖਾਸ ਖਿਆਲ ਰੱਖਣ, ਮੁਲਕ ਦੇ ਗ਼ੈਰ ਮੁਸਲਿਮ ਭਰਾਵਾਂ ਨਾਲ ਮਿਲ ਜੁਲ ਅਜਿਹੇ ਤਿਓਹਾਰ ਮਨਾਉਣ ਅਤੇ ਮਜਬੂਰ ਅਤੇ ਗਰੀਬ ਲੋਕਾਂ ਦਾ ਸਹਾਰਾ ਬਣਨ ਦੀ ਵੀ ਅਪੀਲ ਕੀਤੀ। ਅਜਿਹੀ ਰੱਬ ਪਰਬਰੀ ਦੀ ਕੋਈ ਉਦਾਹਰਨ ਕਿਤੇ ਨਹੀ ਮਿਲਦੀ ਜਿੱਥੇ ਇਨਸਾਨ ਰੱਬ ਦੀ ਮੁਹੱਬਤ ਵਿੱਚ ਆਪਣੀ ਔਲਾਦ ਨੂੰ ਵੀ ਕੁਰਬਾਨ ਕਰਨ ਲਈ ਤੁਰ ਪਵੇ ।ਉਨਾਂ ਕਿਹਾ ਕਿ ਅਜਿਹੇ ਮੋਕਿਆ ਤੇ ਸਾਨੂੰ ਗਰੀਬਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਇਸੇ ਲਈ ਕੁਰਬਾਨੀ ਦੇ ਗੋਸਤ ਨੂੰ ਉਨਾਂ ਤੱਕ ਪਹੁਚਾਉਣ ਲਈ ਧਾਰਮਿਕ ਤੌਰ ਤੇ ਇੱਕ ਹਿੱਸਾ ਗਰੀਬਾ ਲਈ ਰੱਖਣ ਵਾਸਤੇ ਕਿਹਾ ਗਿਆ ਹੈ।ਇਸ ਤੋ ਬਾਦ ਉਨਾਂ ਈਦ ਦੀ ਵਿਸ਼ੇਸ਼ ਨਮਾਜ ਅਦਾ ਕਰਵਾਈ ਤੇ ਖੁਤਬਾ ਦਿਤਾ ਜਿਸ ਨੂੰ ਵੱਡੀ ਗਿਣਤੀ 'ਚ ਪਹੁੰਚੇ ਲੋਕਾ ਨੇ ਬੜੀ ਸਰਦਾ ਨਾਲ ਸੁਣਿਆ। ਆਖਿਰ ਵਿੱਚ ਈਦ ਉਲ ਅਜਹਾ ਦੀ ਵਿਸ਼ੇਸ਼ ਨਮਾਜ਼ ਤੋਂ ਫ਼ਾਰਗ ਹੋ ਕੇ ਪਹੁੰਚੇ ਲੋਕਾਂ ਨੇ ਗਲੇ ਮਿਲ ਕੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।ਇਸ ਮੌਕੇ ਤੇ ਸਥਾਨਕ ਪੁਲਸ ਵੱਲੋਂ ਇੰਸਪੈਕਟਰ ਮਨਜੋਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨਾਲ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ।
ਇਸ ਸਬੰਧੀ ਗੱਲਬਾਤ ਕਰਦਿਆਂ ਈਦਗਾਹ ਕਮੇਟੀ ਦੇ ਪ੍ਰਧਾਨ ਮੁਹੰਮਦ ਅਨਵਾਰ ਘੋਲੂ ਨੇ ਦੱਸਿਆ ਕਿ ਅੱਜ ਸਾਰੇ ਧਰਮਾਂ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਗਲੇ ਮਿਲਕੇ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਉਹਨਾਂ ਕਿਹਾ ਕਿ ਸਾਡੇ ਤਿੱਥ-ਤਿਉਹਾਰ ਸਭ ਧਰਮਾਂ ਦੇ ਸਾਂਝੇ ਹਨ । ਈਦ ਦੀ ਨਮਾਜ਼ ਕਾਰੀ ਮੁਨੱਵਰ ਆਲਮ ਦੇ ਸਾਹਿਬਜ਼ਾਦੇ ਹਜ਼ਰਤ ਮੌਲਾਨਾ ਮੁਫਤੀ ਅਸਅਦ ਸਾਹਿਬ ਵੱਲੋਂ ਅਦਾ ਕਰਵਾਈ ਗਈ । ਉਹਨਾਂ ਦੱਸਿਆ ਕਿ ਅੱਜ ਈਦ ਉਲ ਅਜ਼ਹਾ ਦੇ ਪਵਿੱਤਰ ਮੌਕੇ ‘ਤੇ ਬੇਕਸੂਰ ਜੇਲ੍ਹਾਂ ‘ਚ ਬੰਦ ਮੁਸਲਿਮ ਯੋਧਿਆਂ ਦੀ ਰਿਹਾਈ ਲਈ ਵੀ ਵਿਸ਼ੇਸ਼ ਤੌਰ ‘ਤੇ ਦੁਆ ਕਰਵਾਈ ਗਈ । ਇਸ ਮੌਕੇ ਉਹਨਾਂ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਜਿੱਥੇ ਈਦ ਉਲ ਅਜ਼ਹਾ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਜ਼ਿਲਾ ਪੁਲਸ ਮੁੱਖੀ ਦਾ ਪੁੱਖਤਾ ਸੁਰੱਖਿਆ ਅਤੇ ਨਗਰ ਕੌਂਸਲ ਦਾ ਸਫਾਈ ਪ੍ਰਬੰਧਾਂ ਲਈ ਧੰਨਵਾਦ ਵੀ ਕੀਤਾ ।