ਚੰਦ ਭਾਨ ਕਾਂਡ : ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ
ਅਸ਼ੋਕ ਵਰਮਾ
ਜੈਤੋ,7 ਫਰਵਰੀ 2025: ਪਿੰਡ ਚੰਦਭਾਨ ਵਿਖੇ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਹੋਏ ਟਕਰਾਅ ਅਤੇ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਪੰਜਾਹ ਦੇ ਕਰੀਬ ਮਜ਼ਦੂਰ ਮਰਦ ਔਰਤਾਂ ਨੂੰ ਗਿਰਫ਼ਤਾਰ ਕਰਨ ਦੇ ਮਾਮਲੇ ਨੂੰ ਲੈ ਕੇ ਅੱਜ ਮਜ਼ਦੂਰ ਜਥੇਬੰਦੀਆਂ ਦਾ ਇੱਕ ਵਫਦ ਐਸ ਪੀ (ਡੀ) ਜਸਮੀਤ ਸਿੰਘ ਨੂੰ ਮਿਲਿਆ ਅਤੇ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਥਾਣਾ ਜੈਤੋ ਵਿਖੇ ਐਸ ਪੀ ਡੀ ਨੂੰ ਮਿਲੇ ਮਜ਼ਦੂਰ ਆਗੂਆਂ ਵੱਲੋਂ ਇਸ ਟਕਰਾਅ ਨੂੰ ਮੰਦਭਾਗਾ ਦੱਸਦਿਆਂ ਇਸ ਮਸਲੇ ਦੇ ਵੱਡੇ ਟਕਰਾਅ ਵਿੱਚ ਬਦਲਣ ਲਈ ਥਾਣਾ ਜੈਤੋ ਦੇ ਮੁਖੀ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਸਖ਼ਤ ਕਾਰਵਾਈ ਕਰਨ ਅਤੇ ਪਿੰਡ ਚ ਛਾਪੇਮਾਰੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ । ਉਹਨਾਂ ਆਖਿਆ ਕਿ ਪਿੰਡ ਚੰਦਭਾਨ ਦੇ ਮਜ਼ਦੂਰਾਂ ਵੱਲੋਂ ਆਪਣੇ ਉਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਉਹਨਾਂ ਦੱਸਿਆ ਕਿ ਥਾਣਾ ਮੁਖੀ ਦਾ ਜਵਾਬੀ ਹੁੰਗਾਰਾ ਬੇਹੱਦ ਹੰਕਾਰੀ ਰਿਹਾ ਜਿਸਨੇ ਮਜ਼ਦੂਰਾਂ ਦੇ ਰੋਸ ਨੂੰ ਤਿੱਖਾ ਕਰ ਦਿੱਤਾ ਅਤੇ ਉਹ ਸੜਕ 'ਤੇ ਧਰਨਾ ਮਾਰ ਕੇ ਬੈਠ ਗਏ। ਉਹਨਾਂ ਆਖਿਆ ਕਿ ਇਸ ਤਣਾਅ ਪੂਰਨ ਸਥਿਤੀ ਨੂੰ ਤਹੱਮਲ ਨਾਲ਼ ਨਜਿੱਠਣ ਚ ਥਾਣਾ ਮੁਖੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਅਤੇ ਪੁਲਿਸ ਅਤੇ ਆਮ ਲੋਕਾਂ ਦਾ ਟਕਰਾਅ ਗੰਭੀਰ ਰੂਪ ਧਾਰਨ ਕਰ ਗਿਆ।ਮਜ਼ਦੂਰ ਆਗੂਆਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਇਸ ਗੱਲ ਦੇ ਪੁਖਤਾ ਸਬੂਤ ਵੀ ਮਹੱਈਆ ਕਰਵਾਏ ਕਿ ਪੁਲਿਸ ਦੀ ਹਾਜ਼ਰੀ ਵਿੱਚ ਕੁੱਝ ਲੋਕਾਂ ਵੱਲੋਂ ਮਜ਼ਦੂਰਾਂ ਉਤੇ ਸ਼ਰੇਆਮ ਫਾਇਰਿੰਗ ਕੀਤੀ ਗਈ ਪਰ ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀ ਉਹਨਾਂ ਨੂੰ ਰੋਕਣ ਦੀ ਬਜਾਏ ਹੱਲਾਸ਼ੇਰੀ ਦਿੰਦੇ ਰਹੇ ਇਸ ਲਈ ਉਹਨਾਂ ਦੋਸ਼ੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।
ਇਸ ਵਫ਼ਦ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ,ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਮੰਗਾ ਸਿੰਘ ਵੈਰੋਕੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸਿਕੰਦਰ ਸਿੰਘ ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸੁਖਪਾਲ ਸਿੰਘ ਖਿਆਲੀ ਵਾਲਾ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਲਿਬਰੇਸ਼ਨ, ਸਤਨਾਮ ਸਿੰਘ ਆਦਿ ਆਗੂ ਮੌਜੂਦ ਸਨ। ਉਹਨਾਂ ਇਹ ਵੀ ਮੰਗ ਕੀਤੀ ਕਿ ਮਸਲੇ ਨੂੰ ਸੁਲਝਾਉਣ ਲਈ ਗਿਰਫ਼ਤਾਰ ਮਜ਼ਦੂਰਾਂ ਨੂੰ ਰਿਹਾਅ ਕੀਤਾ ਜਾਵੇ। ਐਸ ਪੀ ਡੀ ਵੱਲੋਂ ਮਜ਼ਦੂਰ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਨੂੰ ਤੁਰੰਤ ਬੰਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਬਾਕੀ ਮੰਗਾਂ ਤੇ ਵੀ ਗੰਭੀਰਤਾ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੂੰ ਮਿਲਣ ਉਪਰੰਤ ਮਜ਼ਦੂਰ ਆਗੂਆਂ ਵੱਲੋਂ ਪਿੰਡ ਚੰਦਭਾਨ ਦੀ ਮਜ਼ਦੂਰ ਬਸਤੀ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਇਕੱਠੇ ਹੋਏ ਮਜ਼ਦੂਰਾਂ ਵੱਲੋਂ ਦੱਸਿਆ ਗਿਆ ਕਿ ਪਿੰਡ ਦੇ ਮਜ਼ਦੂਰਾਂ ਵੱਲੋਂ ਇੱਕ ਵਿਅਕਤੀ ਨੂੰ ਆਪਣਾ ਗੰਦਾ ਪਾਣੀ ਮਜ਼ਦੂਰ ਬਸਤੀ ਵਾਲੇ ਪਾਸੇ ਪਾਉਣ ਤੋਂ ਰੋਕਣ ਕਾਰਨ ਹੀ ਇਹ ਸਾਰਾ ਮਾਮਲਾ ਵਧਿਆ ਹੈ।