ਧੀਆਂ ਦੀਆਂ ਲੋਹੜੀਆਂ ਪੁੱਤਰਾਂ ਵਾਂਗੂ ਪਾਉਣ ਦੀ ਸੋਚ ਵੱਧਾਉਣ ਦੀ ਲੋੜ ਹੈ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 4 ਜਨਵਰੀ,2025
ਬੀ ਐਲ ਐਮ ਗਰਲਜ਼ ਕਾਲਜ਼ ਦੇ ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਹੋਏ “ਬੇਟੀ ਬਚਾਓ” ਤੇ ਖੂਨਦਾਨ ਸੇਵਾਵਾਂ ਵਾਰੇ ਵਿਚਾਰ ਚਰਚਾ ਕੀਤੀ ਗਈ। ਉਪਕਾਰ ਸੋਸਾਇਟੀ ਦੇ ਪ੍ਰਧਾਨ ਜੇ ਐਸ ਗਿੱਦਾ ਨੇ ਕਿਹਾ ਕਿ “ਬੇਟੀ ਬਚਾਓ” ਲਹਿਰ ਦੇ ਪਸਾਰ ਲਈ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਪਿਛਲੇ 20 ਸਾਲ ਤੋਂ ਹਰ ਸਾਲ ਧੀਆਂ ਦੀ ਲੋਹੜੀ ਪਾਉਣ ਦਾ ਜਾਗਰੂਕਤਾ ਕਾਰਜ ਜਾਰੀ ਹੈ ਇਸ ਤਰ੍ਹਾਂ ਸਮਾਜ ਹੁਣ ਧੀਆਂ ਦੀਆਂ ਲੋਹੜੀਆਂ ਪੁੱਤਰਾਂ ਵਾਂਗ ਪਾਉਣ ਵੱਲ ਵਧ ਰਿਹਾ ਹੈ।
ਇੱਥੋਂ ਨਜ਼ਦੀਕ ਪਿੰਡ ਚੂਹੜਪੁਰ ਦੇ ਸਰਕਾਰੀ ਸਕੂਲ ਵਿਖੇ ਚੱਲ ਰਹੇ ਕੈਂਪ ਵਿੱਚ ਉਹਨਾਂ ਕਿਹਾ ਕਿ ਅੱਜ ਜਦੋਂ ਧੀਆਂ ਹਰ ਖੇਤਰ ਵਿੱਚ ਵਿਸ਼ੇਸ਼ ਸਫਲਤਾਵਾਂ ਹਾਸਲ ਕਰ ਰਹੀਆਂ ਹਨ ਤਾਂ ਸਮਾਜ ਨੂੰ ਸਦੀਆਂ ਪੁਰਾਣੀ ਸੋਚ ਨੂੰ ਬਦਲ ਕੇ ਧੀ ਪੁੱਤਰ ਨੂੰ ਇੱਕ-ਬਰਾਬਰ ਪਿਆਰ ਅਤੇ ਵਧਣ ਫੁੱਲਣ ਦੇ ਮੌਕੇ ਦੇਣ ਦੀ ਲੋੜ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੱਕ ਸਾਲ ਤੱਕ ਦੇ ਬੱਚਿਆਂ ਵਿੱਚ ਇੱਕ ਹਜਾਰ ਪੁੱਤਰਾਂ ਪਿੱਛੇ 962 ਧੀਆਂ ਦੀ ਗਿਣਤੀ ਦਰਜ ਹੋਈ ਹੈ ਜੋ ਪੰਜਾਬ ਚੋਂ ਪਹਿਲਾ ਸਥਾਨ ਹੈ। ਉਹਨਾਂ ਕਿਹਾ ਕਿ “ਨਵਾਂ ਸ਼ਹਿਰ ਮਾਡਲ” ਨੂੰ ਕੌਮੀ ਪੱਧਰ ਤੇ ਜਾਣਿਆ ਜਾਂਦਾ ਹੈ। ਉਹਨਾਂ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਉਪਕਾਰ ਸੋਸਾਇਟੀ, ਪੀ.ਐਸ.ਟੀ.ਐਸ ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ ਤੇ ਚੰਨੀ ਰਿਸੌਰਟ ਰਾਹੋਂ ਵਲੋਂ ਇਸ ਸਾਲ ਨਵ-ਜਨਮੀਆਂ ਬੱਚੀਆਂ ਦੀ ਲੋਹੜੀ ਪਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਮੌਕੇ ਪ੍ਰਿੰਸੀਪਲ ਤਰਨਪ੍ਰੀਤ ਕੌਰ,ਸਮਾਜ ਸੇਵੀ ਮਨੋਜ ਕੰਡਾ, ਮੁੱਖ ਅਧਿਆਪਕ ਸਟੇਟ ਐਵਾਰਡੀ ਰਾਮ ਲਾਲ, ਕੈਂਪ ਇੰਚਾਰਜ ਹਰਦੀਪ ਕੌਰ, ਸਰਪੰਚ ਆਸ਼ਾ ਰਾਣੀ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਮੈਂਬਰ ਪੰਚਾਇਤ ਅਤੇ ਐਨ.ਐਸ.ਐਸ ਵਲੰਟੀਅਰ ਹਾਜਰ ਸਨ।