ਸ਼ਬਦ ਗੁਰੂ ਗੁਰਮਤਿ ਅਕੈਡਮੀ ਵੱਲੋਂ ਸਜਾਇਆ ਨਗਰ ਕੀਰਤਨ ਦੂਜੇ ਦਿਨ ਰਾੜਾ ਸਾਹਿਬ ਪੁੱਜਾ
ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਉਚੇਚੇ ਤੌਰ 'ਤੇ ਸ਼ਾਮਲ ਹੋਏ
ਸੰਗਤਾਂ ਵੱਡੀ ਗਿਣਤੀ 'ਚ ਹੋਈਆਂ ਸ਼ਾਮਲ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ/ਪਾਇਲ , 4 ਜਨਵਰੀ 2025 : - ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨਾਂ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ -ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਖ਼ਬਰ ਸਰਹੰਦ ਤੋਂ ਰਾਏਕੋਟ ਦੀ ਧਰਤੀ 'ਤੇ ਲਿਆ ਕੇ ਦੇਣ ਵਾਲੇ, ਭਾਈ ਨੂਰਾ ਮਾਹੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੱਲ ਕੇ ਸਰਹੰਦ,ਮੰਡੀ ਗੋਬਿੰਦਗੜ੍ਹ, ਖੰਨਾ,ਲਿਬੜਾ ਹੁੰਦਾ ਹੋਇਆ ਪਹਿਲੇ ਦਿਨ ਕੋਟਾਂ ਮੰਜੀ ਸਾਹਿਬ (ਨੇੜੇ ਖੰਨਾ)ਵਿਖੇ ਰਾਤ ਦੇ ਵਿਸ਼ਰਾਮ ਲਈ ਰੁਕਿਆ। ਨਗਰ ਕੀਰਤਨ ਦੀ ਸ਼ਰੂਆਤ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ, ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ(ਸਾਬਕਾ ਚੇਅਰਮੈਨ, ਹੋਮੀਓਪੈਥਿਕ ਮੈਡੀਕਲ ਕੌਂਸਲ, ਪੰਜਾਬ ਸਰਕਾਰ)ਉਚੇਚੇ ਤੌਰ 'ਤੇ ਸ਼ਾਮਲ ਹੋਏ।
ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ- ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ ਇਹ ਨਗਰ ਕੀਰਤਨ ਕੋਟਾਂ ਮੰਜੀ ਸਾਹਿਬ ਤੋਂ ਰਵਾਨਾ ਹੋਣ ਉਪਰੰਤ ਵੱਖ-ਵੱਖ ਪਿੰਡਾਂ ਕੱਦੋਂ, ਪਾਇਲ, ਘੁਡਾਣੀ ਖੁਰਦ, ਘੁਡਾਣੀ ਕਲਾਂ, ਘਲੋਟੀ, ਰੜ੍ਹ ਆਦਿ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਰਾੜਾ ਸਾਹਿਬ ਵਿਖੇ ਪਹੁੰਚਿਆ ਅਤੇ ਰਾਤ ਦੀ ਠਹਿਰ ਕੀਤੀ।ਵੱਖ-ਵੱਖ ਪੜਾਵਾਂ 'ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ।ਚਾਹ-ਪਾਣੀ ਦੇ ਲੰਗਰ ਲਗਾਏ ਗਏ। ਗੁਰਮਤਿ ਪ੍ਰਚਾਰ ਸੰਸਥਾ, ਪਾਇਲ ਵੱਲੋਂ ਵੀ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ।
ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਰਾਏਕੋਟ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਗਰ ਕੀਰਤਨ ਅੱਜ 4 ਜਨਵਰੀ,ਦਿਨ ਸ਼ੁੱਕਰਵਾਰ ਨੂੰ ਸਵੇਰੇ ਰਾੜਾ ਸਾਹਿਬ ਤੋਂ ਸ਼ੁਰੂ ਹੋਇਆ, ਜੋ ਕਿ ਘਣਗਸ,ਖੱਟੜਾ,ਬੁਟਾਹਰੀ,ਲਹਿਰਾ,ਪੋਹੀੜ, ਅਹਿਮਦਗੜ੍ਹ ਮੰਡੀ,ਛਪਾਰ,ਲਤਾਲਾ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਬੜੂੰਦੀ ਵਿਖੇ ਪਹੁੰਚੇਗਾ ਅਤੇ ਰਾਤ ਦੀ ਠਹਿਰ ਵੀ ਪਿੰਡ ਬੜੂੰਦੀ ਵਿਖੇ ਹੀ ਹੋਵੇਗੀ।ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਤੁੰਗਾਂਹੇੜੀ, ਮਿਸਤਰੀ ਦਲਵੀਰ ਸਿੰਘ ਤੁੰਗਾਂਹੇੜੀ, ਸਾਬਕਾ ਫੌਜੀ ਮਹਿੰਦਰ ਸਿੰਘ ਤੁੰਗਾਂਹੇੜੀ,ਕਾਕਾ ਸਿੰਘ ਨੂਰਪੁਰਾ,ਸ਼ਮਿੰਦਰ ਸਿੰਘ ਰਾਏਕੋਟ(ਮੱਲੇ ਵਾਲੇ), ਸੰਦੀਪ ਸਿੰਘ ਸੀਪਾ ਰਾਏਕੋਟ, ਸੁਰਿੰਦਰਪਾਲ ਸਿੰਘ ਬਰ੍ਹਮੀ, ਅਮਰਿੰਦਰ ਸਿੰਘ ਭੈਣੀ ਦਰੇੜਾ, ਪ੍ਰਿੰਸ ਭੈਣੀ ਦਰੇੜਾ, ਹਰਜਿੰਦਰ ਸਿੰਘ ਭੈਣੀ ਦਰੇੜਾ, ਗੋਗੀ ਸਿੰਘ ਤੁੰਗਾਂਹੇੜੀ, ਪ੍ਰੇਮ ਸਿੰਘ ਬੁਰਜ ਹਰੀ ਸਿੰਘ, ਕੁਲਦੀਪ ਸਿੰਘ ਰਾਜੋਆਣਾ, ਸਰਬਜੀਤ ਸਿੰਘ ਮਹਿਲ ਖੁਰਦ, ਭਾਈ ਹਰਜੀਤ ਸਿੰਘ ਪੱਖੋਵਾਲ ਤੇ ਨਵਜੋਤ ਕੌਰ ਨਵੂ(ਦੋਵੇਂ ਪ੍ਰਬੰਧਕ, ਸ਼ਬਦ ਗੁਰੂ ਗੁਰਮਤਿ ਅਕੈਡਮੀ)ਆਦਿ ਹਾਜ਼ਰ ਸਨ।