ਬੱਸ ਹਾਦਸਾ: ADC ਵੱਲੋਂ ਕੁੱਝ ਪਰਿਵਾਰਾਂ ਨੂੰ ਚੈੱਕ ਦੇਣ ਉਪਰੰਤ ਮ੍ਰਿਤਕਾਂ ਦੇ ਵਾਰਿਸਾਂ ਵੱਲੋਂ ਧਰਨਾ ਖਤਮ
ਅਸ਼ੋਕ ਵਰਮਾ
ਤਲਵੰਡੀ ਸਾਬੋ, 29 ਦਸੰਬਰ 2024: ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਬੱਸ ਹਾਦਸੇ ਚ ਜਾਨਾਂ ਗਵਾਉਣ ਵਾਲੇ 8 ਵਿਅਕਤੀਆਂ ਦੇ ਵਾਰਿਸਾਂ ਵੱਲੋਂ ਪੰਜਾਬ ਸਰਕਾਰ ਤੇ ਪੀੜਿਤ ਪਰਿਵਾਰਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਉਂਦਿਆਂ ਬੀਤੇ ਕੱਲ੍ਹ ਤੋਂ ਸਿਵਲ ਹਸਪਤਾਲ ਤਲਵੰਡੀ ਸਾਬੋ ਚ ਆਰੰਭਿਆ ਰੋਸ ਪ੍ਰਦਰਸ਼ਨ ਆਖਿਰ ਹੁਣ ਏ ਡੀ ਸੀ ਬਠਿੰਡਾ ਪੂਨਮ ਸਿੰਘ ਨੇ ਕੁੱਝ ਪੀੜਿਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਮੌਕੇ ਤੇ ਦੇਣ ਉਪਰੰਤ ਵਾਰਿਸਾਂ ਦੇ ਹੱਕ ਚ ਆਈਆਂ ਜਥੇਬੰਦੀਆਂ ਨੇ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰ ਦਿੱਤਾ । ਇਸ ਐਲਾਨ ਉਪਰੰਤ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਤੁਰੰਤ ਹੀ ਮ੍ਰਿਤਕ 5 ਦੇਹਾਂ ਦਾ ਪੋਸਟਮਾਰਟਮ ਕਰਕੇ ਲਾਸ਼ਾਂ ਵਾਰਸ਼ਾਂ ਦੇ ਹਵਾਲੇ ਕਰ ਦਿੱਤੀਆਂ ਹਨ ਜਿਨ੍ਹਾਂ ਦਾ ਹੁਣ ਆਪਣੇ ਆਪਣੇ ਪਿੰਡਾਂ ਵਿੱਚ ਸੰਸਕਾਰ ਕੀਤਾ ਜਾਵੇਗਾ।
ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਅਮਨਦੀਪ ਕੌਰ (27) ਪਤਨੀ ਸੁਖਵਿੰਦਰ ਸਿੰਘ ਤੇ ਉਸ ਦੀ ਬੱਚੀ ਪ੍ਰਨੀਤ ਕੌਰ (2) ਪੁੱਤਰੀ ਸੁਖਵਿੰਦਰ ਸਿੰਘ ਵਾਸੀ ਜੀਵਨ ਸਿੰਘ ਵਾਲਾ,ਅਰਜਨ ਸਿੰਘ ਵਾਸੀ ਬਿਹਾਰ, ਪਰਮਜੀਤ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਹੁਕਮਾਂਵਾਲੀ (ਫਤਿਹਾਬਾਦ) ਹਰਿਆਣਾ , ਅਤੇ ਇੱਕ ਤਲਵੰਡੀ ਸਾਬੋ ਦੇ ਪ੍ਰਾਈਵੇਟ ਕਾਲਜ ਦੀ ਹੋਣਹਾਰ ਵਿਦਿਆਰਥਣ ਰਵਨੀਤ ਕੌਰ ਜ਼ਿਲ੍ਹਾ ਫਾਜ਼ਿਲਕਾ ਦੀ ਲਾਸ਼ ਤਲਵੰਡੀ ਸਾਬੋ ਹਸਪਤਾਲ ਵਿੱਚ ਰੱਖੀ ਹੋਈ ਸੀ ਜਿਸ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ ਵਾਰਸਾਂ ਤੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ।
ਇਸ ਮੌਕੇ ਏਡੀਸੀ ਮੈਡਮ ਪੂਨਮ ਸਿੰਘ ਨੇ ਜਿੱਥੇ ਵਾਪਰੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਹੀ ਉਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਮੁਆਵਜਾ ਐਲਾਨਿਆ ਗਿਆ ਸੀ ਉਸ ਦੇ ਕੁਝ ਚੈੱਕ ਦੇ ਦਿੱਤੇ ਹਨ ਤੇ ਬਾਕੀ ਰਹਿੰਦੇ ਚੈਕ ਜਲਦੀ ਹੀ ਦੇ ਦਿੱਤੇ ਜਾਣਗੇ ਜਿਸ ਦੇ ਸਾਰੇ ਪ੍ਰਬੰਧ ਅਸੀਂ ਮੁਕੰਮਲ ਕਰ ਦਿੱਤੇ ਹਨ ਤੇ ਭਵਿੱਖ ਵਿੱਚ ਵੀ ਅਗਰ ਕਿਸੇ ਪੀੜਤ ਪਰਿਵਾਰ ਨੂੰ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਸਰਕਾਰ ਉਸ ਦੀ ਹਰ ਸੰਭਵ ਸਹਾਇਤਾ ਕਰੇਗੀ। ਇਸ ਮੌਕੇ ਐਕਸ਼ਨ ਕਮੇਟੀ ਆਗੂਆਂ ਵਿੱਚ ਸੁਖਮੰਦਰ ਸਿੰਘ ਧਾਲੀਵਾਲ , ਚਮਕੌਰ ਸਿੰਘ ਸਰਪੰਚ ਜੀਵਨ ਸਿੰਘ ਵਾਲਾ, ਹਰਦੀਪ ਸਿੰਘ ਤੰਗਰਾਲੀ, ਗੁਰਨਾਮ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ ਜੀਵਨ ਸਿੰਘ ਵਾਲਾ, ਕੁਲਵਿੰਦਰ ਸਿੰਘ ਗਿਆਨਾ ਬੀਕੇਯੂ ਉਗਰਾਹਾਂ, ਜਗਦੇਵ ਸਿੰਘ ਜੋਗੇਵਾਲਾ ਜ਼ਿਲ੍ਹਾ ਆਗੂ ਉਗਰਾਹਾਂ ਆਦਿ ਆਗੂ ਹਾਜ਼ਰ ਸਨ ।