ਬਠਿੰਡਾ ਦੇ ‘ਆਪ’ ਵਿਧਾਇਕ ਹੋਏ ਸਿਆਸੀ ਕਲੋਲ ਦਾ ਸ਼ਿਕਾਰ- ਪੁੱਗਣ ਦੀ ਥਾਂ ਬਦਲਿਆ ਸਿਫਾਰਸ਼ੀ ਉਮੀਦਵਾਰ
ਅਸ਼ੋਕ ਵਰਮਾ
ਬਠਿੰਡਾ, 13 ਦਸੰਬਰ 2024: ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਦੀ ਜਿਮਨੀ ਚੋਣ ਲਈ ਚੱਲ ਰਹੇ ਅਮਲ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਸਿਆਸੀ ਕਲੋਲ ਦਾ ਸ਼ਿਕਾਰ ਹੋ ਗਏ । ਸੋਸ਼ਲ ਮੀਡੀਆ ਤੇ ਇਹ ਮੁੱਦਾ ਵੱਡੀ ਪੱਧਰ ਤੇ ਚੁੰਝ ਚਰਚਾ ਦਾ ਵਸ਼ਾ ਬਣਿਆ ਹੋਇਆ ਹੈ। ਮਾਮਲਾ ਕੁੱਝ ਇਸ ਤਰਾਂ ਹੈ ਕਿ ਵਾਰਡ ਨੰਬਰ 48 ਦੀ ਹੋਣ ਜਾ ਰਹੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਕੁੱਝ ਦਿਨ ਪਹਿਲਾਂ ਆਪ ’ਚ ਸ਼ਾਮਲ ਹੋਏ ਬਲਵਿੰਦਰ ਸਿੰਘ ਬਿੰਦਰ ਨੂੰ ਟਿਕਟ ਦਿੱਤੀ ਸੀ। ਪਾਰਟੀ ’ਚ ਸ਼ਮੂਲੀਅਤ ਲਈ ਵਿਧਾਇਕ ਗਿੱਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਬਿੰਦਰ ਨੂੰ ਚੰਡੀਗੜ੍ਹ ਲੈਕੇ ਗਏ ਸਨ ਜਿੱਥੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਮੌਜੂਦਗੀ ‘ਚ ਉਨ੍ਹਾਂ ‘ਆਪ’ ’ਚ ਸ਼ਮੂਲੀਅਤ ਕੀਤੀ ਅਤੇ ਵਿਧਾਇਕ ਗਿੱਲ ਦੀ ਸਿਫਾਰਸ਼ ਤੇ ਬਿੰਦਰ ਨੂੰ ਉਮੀਦਵਾਰ ਬਣਾਇਆ ਗਿਆ ਸੀ।
ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਤਰਾਂ ਕਰਕੇ ਵਿਧਾਇਕ ਅਕਾਲੀ ਦਲ ਨੂੰ ਸਿਆਸੀ ਝਟਕਾ ਦੇਣਾ ਚਾਹੁੰਦੇ ਸਨ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਸੀ ਕਿ ਵਿਧਾਇਕ ਖੁਦ ਹੀ ਆਪਣੀ ਪਾਰਟੀ ਹੱਥੋਂ ਸਿਆਸੀ ਝਟਕਿਆਂ ਦਾ ਸ਼ਿਕਾਰ ਹੋ ਗਿਆ ਕਿਉਂਕਿ ਅਜੇ ਬਿੰਦਰ ਆਪਣੇ ਕਾਗਜ ਹੀ ਤਿਆਰ ਕਰ ਰਿਹਾ ਸੀ ਕਿ ਪਾਰਟੀ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੂੰ ਵਾਰਡ ਨੰਬਰ 48 ਤੋਂ ਉਮੀਦਵਾਰ ਐਲਾਨ ਦਿੱਤਾ। ਹੁਣ ਬਲਵਿੰਦਰ ਸਿੰਘ ਬਿੰਦਰ ਨੇ ਅਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰਦਿਆਂ ਨਾਮਜਦਗੀ ਪੱਤਰ ਵੀ ਭਰ ਦਿੱਤਾ ਹੈ ਜਿਸ ਨੂੰ ਵਿਧਾਇਕ ਅਤੇ ਪਾਰਟੀ ਉਮੀਦਵਾਰ ਲਈ ਦੂਸਰਾ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪਾਰਟੀ ਤੋਂ ਨਰਾਜ਼ ਚੱਲ ਰਹੇ ਕੁੱਝ ਆਗੂ ਅੰਦਰੋ ਅੰਦਰੀ ਬਿੰਦਰ ਦੀ ਪਿੱਠ ਥਾਪੜਦੇ ਦੱਸੇ ਜਾ ਰਹੇ ਹਨ।
ਬਲਵਿੰਦਰ ਸਿੰਘ ਬਿੰਦਰ ਦਾ ਕਹਿਣਾ ਹੈ ਕਿ ਅਕਾਲੀ ਦਲ ਛੱਡਣ ਵੇਲੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਕੌਂਸਲਰ ਦੀ ਟਿਕਟ ਉਨ੍ਹਾਂ ਨੂੰ ਦਿੱਤੀ ਜਾਏਗੀ ਪਰ ਐਨ ਮੌਕੇ ਤੇ ਕਿਸੇ ਹੋਰ ਨੂੰ ਉਮੀਦਵਾਰ ਬਣਾ ਲਿਆ ਜੋਕਿ ਸਰਾਸਰ ਧੋਖਾ ਹੈ। ਸੂਤਰ ਦੱਸਦੇ ਹਨ ਕਿ ਇਸ ਕਾਰਨ ਜਗਰੂਪ ਗਿੱਲ ਅੰਦਰੋ ਅੰਦਰੀ ਪਾਰਟੀ ਨਾਲ ਨਰਾਜ਼ ਹਨ ਜਿਸ ਦਾ ਕਾਰਨ ਵਾਰਡ ਨੰਬਰ 48 ਚੋਂ ਗਿੱਲ ਦਾ ਛੇ ਵਾਰ ਜਿੱਤੇ ਹੋਣਾ ਸੀ ਪਰ ਟਿਕਟ ਬਦਲਣ ਵੇਲੇ ਉਨ੍ਹਾਂ ਦੀ ਸਲਾਹ ਤੱਕ ਨਹੀਂ ਲਈ ਗਈ। ਦੱਸਣਯੋਗ ਹੈ ਕਿ ਨਗਰ ਨਿਗਮ ਚੋਣਾਂ ਦੌਰਾਨ ਜਗਰੂਪ ਗਿੱਲ ਕਾਂਗਰਸੀ ਉਮੀਦਵਾਰ ਵਜੋਂ ਜਿੱਤਕੇ ਕੌਂਸਲਰ ਬਣੇ ਸਨ। ਸਾਲ 2022 ’ਚ ਗਿੱਲ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਕੇ ਵਿਧਾਇਕ ਬਣ ਗਏ ਜਿਸ ਤੋਂ ਮਗਰੋਂ ਅਸਤੀਫਾ ਦੇਣ ਕਾਰਨ ਹੁਣ ਇਸ ਵਾਰਡ ’ਚ ਜਿਮਨੀ ਚੋਣ ਕਰਵਾਈ ਜਾ ਰਹੀ ਹੈ।
ਸੋਨੀ ਪ੍ਰਧਾਨ ਵੀ ਰੁੱਸਿਆ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਪਣਾ ਵਾਰਡ ਹੋਣ ਕਾਰਨ ਇਸ ਘਟਨਾਕ੍ਰਮ ਦੌਰਾਨ ਵਿਧਾਇਕ ਦੀ ਸਭ ਤੋਂ ਜਿਆਦਾ ਕਿਰਕਿਰੀ ਹੋਈ ਹੈ ਕਿਉਂਕਿ ਇਕੱਲਾ ਬਿੰਦਰ ਹੀ ਨਹੀਂ ਲਾਈਨੋ ਪਾਰ ਇਲਾਕੇ ਦਾ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦਾ ਆਗੂ ਸੰਜੀਵ ਕੁਮਾਰ ਉਰਫ ਸੋਨੀ ਪ੍ਰਧਾਨ ਵੀ ਰੁੱਸਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ। ਸੋਨੀ ਪ੍ਰਧਾਨ ਵਾਰਡ ਨੰਬਰ 48 ਤੋਂ ਕੌਂਸਲਰ ਦੀ ਚੋਣ ਲੜਨ ਦਾ ਵੱਡਾ ਦਾਅਵੇਦਾਰ ਸੀ ਪਰ ਟਿਕਟ ਨਾਂ ਮਿਲਣ ਕਾਰਨ ਉਨ੍ਹਾਂ ਚੁੱਪ ਵੱਟ ਲਈ ਹੈ। ਸੋਨੀ ਪ੍ਰਧਾਨ ਦੇ ਹੱਥ ਵਿੱਚ ਵੀ ਜਗਰੂਪ ਗਿੱਲ ਨੇ ਹੀ ਝਾੜੂ ਫੜਾਇਆ ਸੀ। ਸੋਨੀ ਪ੍ਰਧਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਠਿੰਡਾ ਦੀਆਂ ਕੁੱਝ ਜੱਥੇਬੰਦੀਆਂ ਨੇ ਚੋਣ ਲੜਨ ਲਈ ਕਿਹਾ ਸੀ ਪਰ ਉਨ੍ਹਾਂ ਨਾਂਹ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਘਰ ਹੀ ਬੈਠਣਗੇ।
ਸੱਤਾ ਪੱਖ ਲਈ ਕੰਡਿਆਂ ਦੀ ਸੇਜ
ਵਾਰਡ ਨੰਬਰ 48 ਤੋਂ ਮੁਕਾਬਲਾ ਬਹੁਕੋਣਾ ਦਿਲਚਸਪ ਬਣ ਗਿਆ ਹੈ। ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਵਾਰਡ ’ਚ ਜਿੱਤ ਹਾਸਲ ਕਰਨ ਲਈ ਸੱਤਾਧਾਰੀ ਧਿਰ ਨੂੰ ਕਰੜੀ ਮੁਸ਼ੱਕਤ ਕਰਨੀ ਪਵੇਗੀ। ਇਸ ਦਾ ਮੁੱਖ ਕਾਰਨ ਪਦਮਜੀਤ ਮਹਿਤਾ ਦਾ ਬਾਹਰੀ ਅਤੇ ਮੁਕਾਬਲੇ ’ਚ ਡਟੇ ਕਾਂਗਰਸੀ ਉਮੀਦਵਾਰ ਮੱਖਣ ਲਾਲ ਠੇਕੇਦਾਰ, ਭਾਜਪਾ ਦੇ ਕ੍ਰਿਸ਼ਨ ਯਾਦਵ ਅਤੇ ਬਲਵਿੰਦਰ ਸਿੰਘ ਬਿੰਦਰ ਸਥਾਨਕ ਹੋਣਾ ਹੈ।ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸਥਾਨਕ ਹੀ ਨਹੀਂ ਬਲਕਿ ਲੋਕਾਂ ਦੇ ਦੁੱਖ ਸੁੱਖ ਵਿੱਚ ਖਲੋਣ ਵਾਲਾ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਹੈ। ਉਪਰੋਂ ਰੋਸਿਆਂ ਦਾ ਸ਼ਿਕਾਰ ਪਾਰਟੀ ਦੇ ਕਈ ਆਗੂ ਝਾੜੂ ਦੇ ਤੀਲੇ ਖਿਲਾਰਨ ਦੀ ਤਿਆਰੀ ’ਚ ਦੱਸੇ ਜਾ ਰਹੇ ਹਨ ਜਿਸ ਕਰਕੇ ਸੱਤਾ ਪੱਖ ਲਈ ਜਿੱਤ ਕੰਡਿਆਂ ਦੀ ਸੇਜ਼ ਤੋਂ ਘੱਟ ਨਹੀਂ ਹੈ।
ਤਬਦੀਲੀ ਬਾਰੇ ਜਾਣਕਾਰੀ ਨਹੀਂ
ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਮੀਦਵਾਰ ਬਦਲਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਬਲਵਿੰਦਰ ਸਿੰਘ ਨੂੰ ਉਮੀਦਵਾਰ ਬਨਾਉਣ ਬਾਰੇ ਆਖਿਆ ਸੀ ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਵਿਰੋਧ ਦਰਜ ਕਰਵਾ ਦਿੱਤਾ ਸੀ। ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਚੋਣ ਲੋਕਾਂ ਨੇ ਲੜਨੀਂ ਹੁੰਦੀ ਹੈ ਇਸ ਲਈ ਹੁਣ ਲੋਕ ਹੀ ਜਿੱਤ ਹਾਰ ਦਾ ਫੈਸਲਾ ਕਰਨਗੇ। ਵਿਧਾਇਕ ਗਿੱਲ ਨੇ ਕੋਈ ਹਰ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਉਨ੍ਹਾਂ ਦਾ ਗੱਲਬਾਤ ਦਾ ਲਹਿਜਾ ਨਰਾਜ਼ਗੀ ਵਾਲਾ ਸੀ।