ਅੱਜ ਡੱਲੇਵਾਲ ਦੇ ਨਾਲ ਸਾਰੇ ਕਿਸਾਨ ਬੈਠਣਗੇ ਭੁੱਖ ਹੜਤਾਲ 'ਤੇ, ਨਹੀਂ ਬਣੇਗਾ ਲੰਗਰ
ਚੰਡੀਗੜ੍ਹ, 10 ਦਸੰਬਰ 2024 : ਖਨੌਰੀ ਬਾਰਡਰ 'ਤੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਡੱਲੇਵਾਲ ਪਿਛਲੇ 14 ਦਿਨਾਂ ਤੋਂ ਮਰਨ ਵਰਤ 'ਤੇ ਹਨ ਅਤੇ ਹੁਣ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਹੁਣ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਅੱਜ 10 ਦਸੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ’ਤੇ ਬੈਠੇ ਹੋਣ ਦੇ 15 ਦਿਨ ਪੂਰੇ ਹੋ ਰਹੇ ਹਨ। ਜਿਸ ਦੇ ਚੱਲਦੇ ਖਨੌਰੀ ਮੋਰਚੇ ’ਤੇ ਕਿਸੇ ਵੀ ਚੁੱਲ੍ਹੇ ’ਚ ਅੱਗ ਨਹੀਂ ਬਲੇਗੀ। ਯਾਨੀ ਕਿ ਅੱਜ ਸਾਰੇ ਕਿਸਾਨ ਭੁੱਖ ਹੜਤਾਲ ’ਤੇ ਬੈਠਣਗੇ।
ਕਾਬਿਲੇਗੌਰ ਹੈ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਉਸ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ ਹੈ। ਇਸ ਕਾਰਨ ਉਹ ਹੁਣ ਸਟੇਜ ਤੋਂ ਸੰਬੋਧਨ ਨਹੀਂ ਕਰ ਪਾ ਰਹੇ ਹਨ। ਡਾਕਟਰ ਸਵੈਮਾਨ ਦੀ ਟੀਮ ਵੱਲੋਂ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ।