ਪੰਜਾਬ ਪੁਲਿਸ ਨੇ ਪਾਕਿ-ਸਮਰਥਿਤ ਅੱਤਵਾਦੀ ਮਾਡਿਊਲ ਦੇ 10 ਮੈਂਬਰਾਂ ਦੀ ਗ੍ਰਿਫਤਾਰੀ ਨਾਲ ਪੁਲਿਸ ਅਦਾਰੇ 'ਤੇ ਸੰਭਾਵਿਤ ਗ੍ਰੇਨੇਡ ਹਮਲਾ ਟਾਲਿਆ
- ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰੇਨੇਡ, 3 ਪਿਸਤੌਲਾਂ ਅਤੇ ਇੱਕ ਡਰੋਨ ਬਰਾਮਦ
- ਚਾਰ ਗ੍ਰਿਫਤਾਰ ਵਿਅਕਤੀ ਪਾਕਿ ਅਧਾਰਤ ਹਰਵਿੰਦਰ ਰਿੰਦਾ ਅਤੇ ਵਿਦੇਸ਼ ਅਧਾਰਤ ਹੈਪੀ ਪਾਸੀਅਨ, ਜੀਵਨ ਫੌਜੀ ਅਤੇ ਜਸ਼ਨਪ੍ਰੀਤ ਲਾਲ ਦੁਆਰਾ ਸੰਚਾਲਿਤ ਅੱਤਵਾਦੀ ਮਾਡਿਊਲ ਦੇ ਮੁੱਖ ਸੰਚਾਲਕ ਹਨ: ਡੀਜੀਪੀ ਗੌਰਵ ਯਾਦਵ
- ਬਟਾਲਾ 'ਚ ਪੁਲਿਸ ਅਧਿਕਾਰੀ ਦੀ ਰਿਹਾਇਸ਼ 'ਤੇ ਹਮਲੇ ਦੇ ਮਾਮਲੇ 'ਚ ਦੋ ਦੋਸ਼ੀ ਵੀ ਕਾਬੂ: ਸੀਪੀ ਗੁਰਪ੍ਰੀਤ ਸਿੰਘ ਭੁੱਲਰ
ਚੰਡੀਗੜ੍ਹ/ਅੰਮ੍ਰਿਤਸਰ, 6 ਦਸੰਬਰ 2024 - ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਕਮਿਸ਼ਨਰੇਟ ਪੁਲਿਸ (ਸੀ.ਪੀ.) ਅੰਮ੍ਰਿਤਸਰ ਨੇ ਪਾਕਿ ਅਧਾਰਤ ਹਰਵਿੰਦਰ ਰਿੰਦਾ ਅਤੇ ਵਿਦੇਸ਼ ਅਧਾਰਤ ਹੈਪੀ ਪਾਸੀਅਨ, ਜੀਵਨ ਫੌਜੀ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਲਾਲ ਦੁਆਰਾ ਚਲਾਏ ਜਾ ਰਹੇ ਸਰਹੱਦ ਪਾਰੋਂ ਅੱਤਵਾਦੀ ਮਾਡਿਊਲ ਦੇ ਚਾਰ ਮੁੱਖ ਸੰਚਾਲਕਾਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬਟਾਲਾ ਖੇਤਰ ਵਿੱਚ ਪੁਲਿਸ ਅਦਾਰੇ 'ਤੇ ਸੰਭਾਵਿਤ ਗ੍ਰਨੇਡ ਹਮਲੇ ਨੂੰ ਟਾਲਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਮੁੱਖ ਕਾਰਕੁਨਾਂ ਦੀ ਪਛਾਣ ਅਰਜਨਪ੍ਰੀਤ ਸਿੰਘ ਵਾਸੀ ਅਵਾਨ ਰਾਮਦਾਸ, ਅੰਮ੍ਰਿਤਸਰ; ਲਵਪ੍ਰੀਤ ਸਿੰਘ ਉਰਫ ਲਵ ਵਾਸੀ ਪੇਰੇਵਾਲ, ਅੰਮ੍ਰਿਤਸਰ; ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ ਅਮਨ ਦੋਵੇਂ ਵਾਸੀ ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਲੌਜਿਸਟਿਕ ਸਹਾਇਤਾ ਦੇਣ ਵਾਲੇ ਛੇ ਹੈਂਡਲਰਾਂ ਦੀ ਪਛਾਣ ਬਰਿੰਦਰਪਾਲ ਸਿੰਘ ਉਰਫ਼ ਮਨੀ ਅਤੇ ਰਾਜਬੀਰ ਸਿੰਘ ਉਰਫ਼ ਰਾਜੂ ਦੋਵੇਂ ਵਾਸੀ ਕਟੇਲ ਅੰਮ੍ਰਿਤਸਰ, ਵਿਸ਼ਵਾਸ ਮਸੀਹ ਉਰਫ਼ ਭੰਬੋ ਵਾਸੀ ਭਾਗਨਪੁਰਾ, ਅੰਮ੍ਰਿਤਸਰ; ਦਿਲਪ੍ਰੀਤ ਸਿੰਘ ਉਰਫ ਮੰਨਾ, ਹਰਜੋਤ ਕੁਮਾਰ ਉਰਫ ਮਿੱਠੂ ਅਤੇ ਜੋਇਲ ਮਸੀਹ ਉਰਫ ਰੋਹਨ ਉਰਫ ਨੋਨੀ, ਤਿੰਨੋਂ ਵਾਸੀ ਡੇਰਾ ਬਾਬਾ ਨਾਨਕ ਬਟਾਲਾ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ .30 ਬੋਰ ਅਤੇ ਇੱਕ .32 ਬੋਰ ਸਮੇਤ ਤਿੰਨ ਪਿਸਤੌਲਾਂ, ਇੱਕ ਹੈਂਡ ਗ੍ਰਨੇਡ ਅਤੇ ਇੱਕ ਡਰੋਨ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਹੋਰ ਵੇਰਵੇ ਸਾਂਝਾ ਕਰਦਿਆਂ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾਡਿਊਲ ਦੀਆਂ ਗਤੀਵਿਧੀਆਂ ਬਾਰੇ ਮਿਲੀ ਭਰੋਸੇਮੰਦ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਅੰਮ੍ਰਿਤਸਰ ਦਿਹਾਤੀ, ਬਟਾਲਾ ਤੇ ਅੰਮ੍ਰਿਤਸਰ ਸ਼ਹਿਰ ਦੇ ਰਾਮਦਾਸ ਖੇਤਰ ਸਮੇਤ ਵੱਖ-ਵੱਖ ਖੇਤਰਾਂ ਤੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬਰਾਮਦਗੀ ਡੇਰਾ ਬਾਬਾ ਨਾਨਕ ਦੇ ਪਿੰਡ ਖਾਨਾ ਚਮਾਰਾ, ਰਾਮਦਾਸ ਦੇ ਪਿੰਡ ਅਵਾਣ ਅਤੇ ਅੰਮ੍ਰਿਤਸਰ ਸ਼ਹਿਰ ਦੇ ਵੱਲਾ ਖੇਤਰ ਤੋਂ ਕੀਤੀ ਗਈ ਹੈ।
ਸੀਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਅਮਨ ਦੀ ਗ੍ਰਿਫ਼ਤਾਰੀ ਨਾਲ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 28 ਨਵੰਬਰ, 2024 ਨੂੰ ਬਟਾਲਾ ਵਿੱਚ ਪੁਲਿਸ ਅਧਿਕਾਰੀ ਦੀ ਰਿਹਾਇਸ਼ 'ਤੇ ਹੋਏ ਹਮਲੇ ਦਾ ਮਾਮਲਾ ਵੀ ਸੁਲਝਾ ਲਿਆ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਦੂਸਰੇ ਮੁੱਖ ਸੰਚਾਲਕ ਦੀ ਵੀ ਪਹਿਚਾਣ ਕਰ ਲਈ ਹੈ ਅਤੇ ਪੁਲਿਸ ਟੀਮਾਂ ਉਸਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਇਸ ਸਬੰਧੀ ਥਾਣਾ ਛਾਉਣੀ, ਅੰਮ੍ਰਿਤਸਰ ਵਿਖੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ 111(1), 111(2), 111(3), 111(4), 249 ਅਤੇ 253, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ 13, 16, 17, 18, 19 ਅਤੇ 20 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਤਹਿਤ ਐਫਆਈਆਰ ਨੰਬਰ 191 ਮਿਤੀ 03.12.2024 ਨੂੰ ਮਾਮਲਾ ਦਰਜ ਕਰ ਲਿਆ ਗਿਆ ਹੈ।