ਗੈਸ ਪਾਈਪ ਲਾਈਨ ਮਾਮਲਾ :ਕਿਸਾਨਾਂ ਤੇ ਪੁਲਿਸ ’ਚ ਝੜਪਾਂ ਦੌਰਾਨ ਤਿੰਨ ਐਸਐਚਓ ਜਖਮੀ
- ਕਿਸਾਨਾਂ ਦੇ ਵੀ ਸੱਟਾਂ ਵੱਜੀਆਂ
ਅਸ਼ੋਕ ਵਰਮਾ
ਬਠਿੰਡਾ / ਮਾਨਸਾ, 5ਦਸੰਬਰ 2024:ਮਾਨਸਾ ਜਿਲ੍ਹੇ ਵਿੱਚ ਜਿਲ੍ਹਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ’ਚ ਸਥਿਤ ਪਿੰਡ ਲੇਲੇਵਾਲਾ ’ਚ ਪਾਈ ਜਾਣ ਵਾਲੀ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਅਤੇ ਪੁਲਿਸ ਤਿੱਖੀਆਂ ਝੜਪਾਂ ਹੋਈਆਂ ਜਿਸ ਦੌਰਾਨ ਤਿੰਨ ਮੁੱਖ ਥਾਣਾ ਅਫਸਰਾਂ ਅਤੇ ਕਈ ਕਿਸਾਨਾਂ ਦੇ ਜਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਟਕਰਾਅ ਦੌਰਾਨ ਕਈਆਂ ਵਾਹਨਾਂ ਦੀ ਵੀ ਭੰਨ ਤੋੜ ਕੀਤੀ ਗਈ ਹੈ ਜਿੰਨ੍ਹਾਂ ’ਚ ਪੁਲਿਸ ਦੀਆਂ ਗੱਡੀਆਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪ੍ਰਸ਼ਾਸ਼ਨ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਇਸ ਪ੍ਰਜੈਕਟ ਤੇ ਚੱਲ ਰਹੇ ਕੰਮ ਨੂੰ ਰੁਕਵਾਉਣ ਅਤੇ ਹਾਸਲ ਕੀਤੀ ਜਮੀਨ ਦਾ ਪੂਰਾ ਮੁਆਵਜਾ ਲੈਣ ਦੇ ਮੰਤਵ ਨਾਲ ਆਪਣੀ ਜੱਥੇਬੰਦੀ ਦੀਆਂ ਸਮੂਹ ਇਕਾਈਆਂ ਨੂੰ ਪਿੰਡ ਲੇਲੇਵਾਲਾ ’ਚ ਪੁੱਜਣ ਦਾ ਸੱਦਾ ਦਿੱਤਾ ਸੀ।
ਇਸ ਨੂੰ ਦੇਖਦਿਆਂ ਮਾਨਸਾ ਜਿਲ੍ਹੇ ’ਚ ਕਿਸਾਨਾਂ ਨੂੰ ਰੋਕਣ ਲਈ ਨਾਕਾਬੰਦੀ ਕਰਕੇ ਪੁਲਿਸ ਤਾਇਨਾਤ ਕੀਤੀ ਹੋਈ ਸੀ। ਸਵੇਰ ਵਕਤ ਤਕਰੀਬਨ ਤਿੰਨ ਵਜੇ ਜਦੋਂ ਸੰਗਰੂਰ ਜਿਲ੍ਹੇ ਦੇ ਕਿਸਾਨ ਆਪਣੀ ਗੱਡੀਆਂ ’ਚ ਲੇਲੇਵਾਲਾ ਵੱਲ ਜਾਣ ਲਈ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲਿਸ ਅਤੇ ਕਿਸਾਨਾਂ ਵਿੱਚ ਹੋਈ ਤਕਰਾਰ ਐਨੀ ਵਧ ਗਈ ਕਿ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ । ਪੁਲਿਸ ਵੱਲੋਂ ਲਾਠੀਚਾਰਜ ਕਰਨ ਤੋਂ ਭੜਕੇ ਕਿਸਾਨਾਂ ਨੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਪੁਲਿਸ ਮੁਲਾਜਮਾਂ ਨੂੰ ਨਿਸ਼ਾਨਾ ਬਣਾਇਆ।
ਜਾਣਕਾਰੀ ਅਨੁਸਾਰ ਇਹ ਟਕਰਾਅ ਐਨਾ ਵਧ ਗਿਆ ਜਿਸ ਦੌਰਾਨ ਥਾਣਾ ਭੀਖੀ, ਥਾਣਾ ਸਿਟੀ 2, ਥਾਣਾ ਬੁਢਲਾਡਾ ਅਤੇ ਥਾਣਾ ਸਦਰ ਮਾਨਸਾ ਨੂੰ ਗੰਭੀਰ ਚੋਟਾਂ ਆਈਆਂ ਹਨ। ਇੱਕ ਥਾਣਾ ਇੰਚਾਰਜ ਦੇ ਤਾਂ ਸੱਟਾਂ ਵੱਜਣ ਕਾਰਨ ਦੋਵੇਂ ਬਾਂਹਾਂ ਟੁੱਟ ਗਈਆਂ ਹਨ। ਪੁਲਿਸ ਪ੍ਰਸ਼ਾਸ਼ਨ ਨੇ ਥਾਣਾ ਇੰਚਾਰਜਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਹਸਪਤਾਲ ’ਚ ਜਾਕੇ ਜਖਮੀਆਂ ਦਾ ਹਾਲ ਚਾਲ ਜਾਣਿਆ ਹੈ।
ਲੇਲੇਵਾਲਾ ਪੁੱਜੇ ਕਿਸਾਨਾਂ ਦੇ ਜੱਥੇ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਪੁਲਿਸ ਦੀ ਰੋਕਾਂ ਤੋੜਦੇ ਹੋਏ ਕਿਸਾਨਾਂ ਦੇ ਵੱਡਾ ਕਾਫਲੇ ਪਿੰਡ ਲੇਲੇਵਾਲਾ ’ਚ ਪੁੱਜ ਗਏ ਹਨ ਜਿੱਥੇ ਪ੍ਰਸ਼ਾਸ਼ਨ ਦੀ ਨੀਤੀ ਦੇ ਵਿਰੋਧ ’ਚ ਧਰਨਾ ਲਾ ਦਿੱਤਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ੲੈ ਕਿ ਜਦੋਂ ਤੱਕ ਸਮਝੌਤੇ ਮੁਤਾਬਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਗੈਸ ਪਾਈਪ ਲਾਈਨ ਪਾਉਣ ਨਹੀਂ ਦਿੱਤੀ ਜਾਏਗੀ ਅਤੇ ਪੁਲਿ ਧੱਕੇ ਦਾ ਵਿਰੋਧ ਕੀਤਾ ਜਾਏਗਾ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਜਿਲ੍ਹਾ ਪ੍ਰਸ਼ਾਸ਼ਨ ਨੇ ਇੱਕ ਵਾਰ Çਫਿਰ ਤੋਂ ਕਿਸਾਨ ਆਗੂਆਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਮਹਿੰਗਾ ਪਵੇਗਾ ਕਿਸਾਨਾਂ ਨਾਲ ਧੋਖਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਇੱਕ ਸਾਲ ਪਹਿਲਾਂ ਪਿੰਡ ਲੇਲੇਵਾਲਾ ’ਚ ਗੈਸ ਪਾਈਪ ਲਾਈਨ ਪਾਉਣ ਦੇ ਮਾਮਲੇ ’ਚ ਕੰਪਨੀ ਅਤੇ ਕਿਸਾਨਾਂ ਵਿਚਕਾਰ ਪ੍ਰਸ਼ਾਸ਼ਨ ਦੀ ਹਾਜ਼ਰੀ ’ਚ ਪੂਰਾ ਮੁਆਵਜਾ ਦੇਣ ਸਬੰਧੀ ਸਮਝੌਤਾ ਹੋਇਆ ਸੀ ਜਿਸ ਨੂੰ ਲਾਗੂ ਤਾਂ ਕੀ ਕਰਨਾ ਸੀ ਉਲਟਾ ਪੁਲਿਸ ਦੇ ਜੋਰ ਤੇ ਕਿਸਾਨਾਂ ਦੀ ਜਮੀਨ ਵਿੱਚਦੀ ਪਾਈਪ ਵਿਛਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ’ਚ ਲੇਲੇਵਾਲਾ ਵੱਲ ਆ ਰਹੇ ਕਿਸਾਨਾਂ ਦੇ ਕਾਫਲੇ ਤੇ ਪੰਜਾਬ ਪੁਲਿਸ ਨੇ ਲਾਠੀਚਾਰਜ ਕੀਤਾ ਜਿਸ ਨਾਲ ਕਈ ਕਿਸਾਨ ਜਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 25 ਦੇ ਕਰੀਬ ਕਿਸਾਨ ਅਤੇ ਕਿਸਾਨ ਆਗੂ ਥਾਣਿਆਂ ’ਚ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ ਜਿਸ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਤਿੰਨ ਮੁੱਖ ਥਾਣਾ ਅਫਸਰ ਜਖਮੀ
ਮਾਨਸਾ ਦੇ ਐਸਪੀ ਡੀ ਮਨਮੋਹਨ ਸਿੰਘ ਔਲਖ ਦਾ ਕਹਿਣਾ ਸੀ ਸੰਗਰੂਰ ਵਾਲੇ ਪਾਸਿਓਂ 50 ਦੇ ਕਰੀਬ ਗੱਡੀਆਂ ’ਚ ਆਏ 300 ਦੇ ਕਰੀਬ ਕਿਸਾਨਾਂ ਨੂੰ ਥਾਣਾ ਭੀਖੀ ਦੇ ਮੁੱਖ ਥਾਣਾ ਅਫਸਰ ਗੁਰਬੀਰ ਸਿੰਘ ਨੇ ਉਨ੍ਹਾਂ ਨੂੰ ਗੱਲਬਾਤ ਲਈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤੇ ਗੱਡੀ ਚੜ੍ਹਾ ਦਿੱਤੀ ਜਿਸ ਨਾਲ ਉਨ੍ਹਾਂ ਦੀਆਂ ਦੋਵੇਂ ਬਾਹਾਂ ਟੁੱਟ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗੁਰਬੀਰ ਸਿੰਘ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਰਾਮਦਿੱਤੇ ਵਾਲਾ ’ਚ ਪੁਲਿਸ ਤੇ ਡਾਂਗਾ ਚਲਾਈਆਂ ਜਿਸ ਨਾਲ ਥਾਣਾ ਸਿਟੀ ਦੋ ਦੇ ਐਸਐਚਓ ਇੰਸਪੈਕਟਰ ਦਲਜੀਤ ਸਿੰਘ ਦੇ ਸੱਟਾਂ ਲੱਗੀਆਂ ਹਨ ਜਦੋਂਕਿ ਥਾਣਾ ਬੁਢਲਾਡਾ ਦੇ ਮੁੱਖ ਥਾਣਾ ਅਫਸਰ ਦੇ ਸਿਰ ਤੇ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਹਿਰਾਸਤ ’ਚ ਲੈਣ ਦੇ ਦੋਸ਼ਾਂ ਨੂੰ ਨਕਾਰਿਆ ਹੈ।