PAU ਦੇ ਵਿਦਿਆਰਥੀਆਂ ਨੇ ਖੇਤੀ ਖੋਜ ਅਤੇ ਵਿਗਿਆਨ ਦੇ ਖੇਤਰ ਵਿਚ ਮੱਲ੍ਹਾਂ ਮਾਰੀਆਂ
ਲੁਧਿਆਣਾ 5 ਦਸੰਬਰ, 2024- ਪੀ.ਏ.ਯੂ. ਦੇ ਦੋ ਹੋਰ ਵਿਦਿਆਰਥੀਆਂ ਨੇ ਬੀਤੇ ਦਿਨੀਂ ਖੇਤ ਵਿਗਿਆਨ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਯੂਨੀਵਰਸਿਟੀ ਦੇ ਵੱਕਾਰ ਵਿਚ ਵਾਧਾ ਕੀਤਾ ਹੈ| ਇਹ ਦੋਵੇਂ ਵਿਦਿਆਰਥੀ ਪੌਦਾ ਰੋਗ ਵਿਗਿਆਨ ਵਿਭਾਗ ਦੇ ਹਨ| ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਦੀਕਸ਼ਿਤਾ ਸੇਕੀਆ ਨੂੰ ਵੱਕਾਰੀ ਇੰਸਪਾਇਰ ਫੈਲੋਸ਼ਿਪ 2024 ਹਾਸਲ ਹੋਈ ਹੈ|
ਇਹ ਫੈਲੋਸ਼ਿਪ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਪ੍ਰਦਾਨ ਕੀਤੀ ਗਈ| ਕੁਮਾਰੀ ਦੀਕਸ਼ਿਤਾ ਦੇ ਖੋਜ ਨਿਗਰਾਨ ਪ੍ਰਸਿੱਧ ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਹਨ| ਇਹ ਵਿਦਿਆਰਥਣ ਉਹਨਾਂ ਦੀ ਨਿਗਰਾਨੀ ਵਿਚ ਮੂੰਗੀ ਅਤੇ ਹੋਰ ਦਾਲਾਂ ਦੇ ਪੀਲੀਆ ਰੋਗ ਦੀ ਰੋਕਥਾਮ ਬਾਰੇ ਖੋਜ ਕਰੇਗੀ| ਦਾਲਾਂ ਦੇ ਪੌਦਾ ਰੋਗ ਮਾਹਿਰ ਡਾ. ਅਸਮਿਤਾ ਸਿਰਾਰੀ ਦੀਕਸ਼ਿਤਾ ਦੇ ਦੂਸਰੇ ਨਿਗਰਾਨ ਹੋਣਗੇ| ਇਸ ਖੋਜ ਨਾਲ ਦਾਲਾਂ ਦੇ ਰੋਗਾਂ ਦੀ ਰੋਕਥਾਮ ਵਿਚ ਹੋਰ ਸਫਲਤਾ ਮਿਲਣ ਦੀ ਆਸ ਹੈ|
ਡਾ. ਸੰਧੂ ਨੇ ਦੱਸਿਆ ਕਿ ਵਿਭਾਗ ਵਿਚ ਐੱਮ ਐੱਸ ਸੀ ਦੀ ਪਹਿਲੇ ਸਾਲ ਦੇ ਵਿਦਿਆਰਥੀ ਸ਼ੁਭਮ ਕੁਮਾਰ ਨੂੰ ਅਮਰੀਕਾ ਦੀ ਕਾਨਸਾਸ ਰਾਜ ਯੂਨੀਵਰਸਿਟੀ ਓਲਾਥੇ ਵਿਚ ਬਾਗਬਾਨੀ ਦੇ ਮਾਸਟਰਜ਼ ਪ੍ਰੋਗਰਾਮ ਵਿਚ ਦਾਖਲਾ ਮਿਲ ਗਿਆ ਹੈ| ਸ਼ੁਭਮ ਕੁਮਾਰ ਨੇ ਆਪਣੇ ਗ੍ਰੈਜੂਏਸ਼ਨ ਦੀ ਪੜਾਈ ਦੌਰਾਨ ਡਾ. ਰਵਨੀਤ ਸੰਧੂ ਦੀ ਨਿਗਰਾਨੀ ਵਿਚ ਸਟਰਾਅਬੇਰੀ ਦੀ ਕਾਸ਼ਤ ਬਾਰੇ ਖੋਜ ਕੀਤੀ| ਇਸ ਦਾਖਲੇ ਨਾਲ ਵਿਦਿਆਰਥੀ ਕੋਲ ਅਕਾਦਮਿਕ ਤਰੱਕੀ ਦੇ ਨਵੇਂ ਮੌਕੇ ਖੁੱਲਣ ਦੀ ਆਸ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਿਭਾਗ ਦੇ ਅਕਾਦਮਿਕ ਢਾਂਚੇ ਦੀ ਸਲਾਹੁਤਾ ਕੀਤੀ|