ਸੁਖਬੀਰ ਬਾਦਲ ਜਾਨਲੇਵਾ ਹਮਲੇ ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਨਿਭਾਅ ਰਹੇ ਸੇਵਾ, SP ਰੈਂਕ ਦੇ ਅਫ਼ਸਰਾਂ ਦੀ ਅਗਵਾਈ 'ਚ ਤਿੰਨ ਪਰਤਾਂ 'ਚ ਲਾਈ ਸੁਰੱਖਿਆ
ਚੰਡੀਗੜ੍ਹ 5 ਦਸੰਬਰ 2024- ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ 'ਚ ਵਾਪਰੀ ਘਟਨਾ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਦੀ ਸਜ਼ਾ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸੁਖਬੀਰ ਬਾਦਲ ਅੱਜ ਯਾਨੀ ਵੀਰਵਾਰ ਨੂੰ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਹਨ, ਜਿੱਥੇ ਉਹ ਦੋ ਦਿਨ ਸੇਵਾਦਾਰ ਦੀ ਭੂਮਿਕਾ ਨਿਭਾਉਣਗੇ। ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਦੱਸ ਦਈਏ ਕਿ ਉਹ ਸੇਵਾਦਾਰ ਦੇ ਪਹਿਰਾਵੇ ਵਿਚ, ਹੱਥਾਂ ਵਿਚ ਬਰਛੀ ਫੜ ਕੇ ਅਤੇ ਗਲ ਵਿਚ ਤਖ਼ਤੀ ਲੈ ਕੇ ਸ੍ਰੀ ਕੇਸਗੜ੍ਹ ਸਾਹਿਬ ਵਿਚ ਇਹ ਸੇਵਾ ਨਿਭਾ ਰਹੇ ਹਨ। ਹਾਲਾਂਕਿ ਪੰਜਾਬ ਪੁਲਿਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਨੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਤਿੰਨ ਪਰਤਾਂ ਦੀ ਸੁਰੱਖਿਆ ਲਗਾਈ ਹੈ। ਜਿਸ ਵਿੱਚ ਦੋ ਐਸਪੀ ਰੈਂਕ ਦੇ ਅਧਿਕਾਰੀ ਤਾਇਨਾਤ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਆਲੇ-ਦੁਆਲੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਤੈਨਾਤ ਕੀਤੀ ਜਾਣੀ ਹੈ। ਤਾਂ ਜੋ ਭਵਿੱਖ ਵਿੱਚ ਕਿਸੇ ਵੀ ਘਟਨਾ ਨੂੰ ਰੋਕਿਆ ਜਾ ਸਕੇ।