Political Special ਨਿਗਮ ਚੋਣਾਂ : ਸ਼ੋਮਣੀ ਅਕਾਲੀ ਦਲ ਬਠਿੰਡਾ ਦੀ ਸਿਆਸੀ ਤੱਕੜੀ ’ਚ ‘ਪਾਸਕੂਆਂ’ ਦੀ ਚੁੰਝ ਚਰਚਾ
ਅਸ਼ੋਕ ਵਰਮਾ
ਬਠਿੰਡਾ, 14 ਮਈ 2026 : ਨਗਰ ਨਿਗਮ ਬਠਿੰਡਾ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਮੌਕੇ ਸ਼ਹਿਰੀ ਪ੍ਰਧਾਨ ਨੂੰ ਅਣਗੌਲਿਆ ਕਰਨ ਕਾਰਨ ਨਵੇਂ ਚੁੰਝ ਚਰਚੇ ਛਿੜ ਗਏ ਹਨ। ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਅਕਾਲੀ ਆਗੂ ਇੰਦਰਜੀਤ ਸਿੰਘ ਨੇ ਬੁੱਧਵਾਰ ਨੂੰ 44 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਸੇਵਕ ਮਾਨ ਨੂੰ ਸੱਦਿਆ ਹੀ ਨਹੀਂ ਗਿਆ ਜਦੋਂਕਿ ਅਜਿਹੇ ਮੌਕੇ ਇਸ ਅਹਿਮ ਅਹੁਦੇਦਾਰ ਦੀ ਹਾਜ਼ਰੀ ਜਰੂਰੀ ਹੁੰਦੀ ਹੈ। ਹਾਲਾਂਕਿ ਗੁਰਸੇਵਕ ਮਾਨ ਨੇ ਇਸ ਸਬੰਧੀ ਕੁੱਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਬਾਦਲਾਂ ਦੀ ਸਿਆਸੀ ਰਾਜਧਾਨੀ ਬਠਿੰਡਾ ’ਚ ਇਸ ਮਾਮਲੇ ਨੂੰ ਲੈਕੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੋ ਰਹੀਆਂ ਹਨ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਜੇਕਰ ਇੰਜ ਹੀ ਜਾਰੀ ਰਿਹਾ ਤਾਂ ਇਸ ਅਣਗੌਲੇਪਣ ਦੀ ਕੀਮਤ ਚੋਣਾਂ ’ਚ ਤਾਰਨੀ ਪਵੇਗੀ।
ਗੁਰਸੇਵਕ ਮਾਨ ਦੀ ਨਿਯੁਕਤੀ ਤੋਂ ਪਹਿਲਾਂ ਹਲਕੇ ਦੀ ਸਮੁੱਚੀ ਕਮਾਂਡ ਢਿੱਲੋਂ ਕੋਲ ਸੀ। ਮਾਨ ਦੀ ਆਮਦ ਤੋਂ ਬਾਅਦ ਅਕਾਲੀ ਦਲ ਵਿਚਲੀ ਸੱਤਾ ਦੇ ਦੋ ਕੇਂਦਰ ਬਣਨ ਲੱਗੇ ਹਨ। ਮਾਨ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਤੀ ਨਜ਼ਦੀਕੀ ਮੰਨਿਆ ਜਾਂਦਾ ਹੈ। ਅਕਾਲੀ ਸੁੂਤਰਾਂ ਨੇ ਦੱਸਿਆ ਕਿ ਮਾਨ ਨੂੰ ਪ੍ਰਧਾਨ ਬਨਾਉਣ ਪਿੱਛੇ ਬੀਬਾ ਬਾਦਲ ਦਾ ਹੀ ਹੱਥ ਹੈ। ਹਾਲਾਤ ਕਿਹੋ ਜਿਹੇ ਮਰਜੀ ਰਹੇ ਹੋਣ ਗੁਰਸੇਵਕ ਮਾਨ ਹਰ ਔਖੀ ਸੌਖੀ ਘੜੀ ਦੌਰਾਨ ਬਾਦਲ ਪ੍ਰੀਵਾਰ ਨਾਲ ਖਲੋਤਾ ਨਜ਼ਰ ਆਇਆ ਹੈ। ਇਹ ਵੱਖਰੀ ਗੱਲ ਹੈ ਕਿ ਮਾਨ ਨੂੰ ਇਸ ਦੀ ਕੀਮਤ ਵੀ ਚੁਕਾਉਣੀ ਪਈ ਪਰ ਉਸ ਨੇ ਪਾਰਟੀ ਨੂੰ ਪਿੱਠ ਨਹੀਂ ਦਿਖਾਈ । ਇਹੋ ਕਾਰਨ ਹੈ ਕਿ ਇੱਕ ਚੋਟੀ ਦੇ ਅਕਾਲੀ ਆਗੂ ਵੱਲੋਂ ਕਿਸੇ ਧਨਾਢ ਨੂੰ ਪ੍ਰਧਾਨ ਬਨਾਉਣ ਲਈ ਲਾਬਿੰਗ ਦੇ ਬਾਵਜੂਦ ਬੀਬਾ ਬਾਦਲ ਨੇ ਕਾਰਗੁਜ਼ਾਰੀ ਨੂੰ ਦੇਖਦਿਆਂ ‘ਮਾਨ’ ਦੇ ਨਾਮ ’ਤੇ ਮੋਹਰ ਲਾਈ ਸੀ।
ਸ਼ਹਿਰ ’ਚ ਚਰਚਾ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸਿਰ ਚੁਣੌਤੀਆਂ ਦੀ ਪੰਡ ਹੈ ਹਨ ਤਾਂ ਆਗੂਆਂ ਨੂੰ ਇੱਕ ਮੋਰੀ ਲੰਘਣਾ ਚਾਹੀਦਾ ਹੈ ਪਰ ਹੋ ਇਸੇ ਦੇ ਉਲਟ ਰਿਹਾ। ਰਤਾ ਪਿਛੋਕੜ ’ਚ ਜਾਈਏ ਤਾਂ 2008 ’ਚ ਬਠਿੰਡਾ ਦੇ ਨਗਰ ਨਿਗਮ ਬਣਨ ਮਗਰੋਂ ਅਕਾਲੀ ਭਾਜਪਾ ਗਠਜੋੜ ਨੇ ਜਿੱਤਿਆ ਸੀ। ਉਦੋਂ ਪੰਜਾਬ ’ਚ ਗਠਜੋੜ ਸਰਕਾਰ ਦਾ ਲਾਹਾ ਨਗਰ ਨਿਗਮ ’ਚ ਮਿਲਦਾ ਰਿਹਾ । ਫਰਵਰੀ 2015 ’ਚ ਦੂਸਰੀ ਵਾਰ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ 21 ਵਾਰਡਾਂ ’ਚ ਜਿੱਤਿਆ ਜਦੋਂਕਿ ਭਾਜਪਾ 8, ਕਾਂਗਰਸ 10 ਅਤੇ 11 ਅਜਾਦ ਉਮੀਦਵਾਰ ਜਿੱਤੇ ਸਨ। ਅਸਲ ’ਚ ਅਕਾਲੀ ਦਲ ਦੇ ਮਾੜੇ ਦਿਨ ਪੰਜਾਬ ’ਚ ਹੋਈਆਂ ਬੇਅਦਬੀਆਂ ਅਤੇ ਉਸ ਮਗਰੋਂ ਸਿੱਖ ਸੰਗਤ ’ਤੇ ਗੋਲੀਬਾਰੀ ਦੀ ਘਟਨਾਵਾਂ ਕਰਕੇ ਸ਼ੁਰੂ ਹੋਏ ਸਨ। ਇੰਨ੍ਹਾਂ ਮਾਮਲਿਆਂ ਕਾਰਨ ਹੀ 2017 ’ਚ ਅਕਾਲੀ ਦਲ ਦੀ ਸ਼ਰਮਨਾਕ ਹਾਰ ਹੋਈ ਜਿਸ ਤੋਂ ਬਠਿੰਡਾ ਵੀ ਅਛੂਤਾ ਨਹੀਂ ਰਿਹਾ ਸੀ।
ਇੰਨ੍ਹਾਂ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ 2021 ਦੀਆਂ ਨਗਰ ਨਿਗਮ ਚੋਣਾਂ ਮੌਕੇ ਵੀ ਕਾਂਗਰਸ ਦੀ 43 ਵਾਰਡਾਂ ’ਚ ਹੂੰਝਾ ਫੇਰ ਜਿੱਤ ਹੋਈ ਜਦੋਂਕਿ ਅਕਾਲੀ ਦਲ ਪੱਲੇ 7 ਵਾਰਡਾਂ ਪਏ ਸਨ। ਦਿਲਚਸਪੀ ਵਾਲੀ ਗੱਲ ਹੈ ਕਿ ਇੰਨ੍ਹਾਂ ਚੋਂ ਕੁੱਝ ਕੌਂਸਲਰ ਪਾਰਟੀ ਦੀ ਥਾਂ ਆਪਣੇ ਦਮ ’ਤੇ ਜਿੱਤੇ ਸਨ। ਇੰਨ੍ਹਾਂ ’ਚ ਵਾਰਡ ਨੰਬਰ 7 ਤੋਂ ਸ਼ੈਰੀ ਗੋਇਲ , ਵਾਰਡ ਨੰਬਰ 8 ਤੋਂ ਹਰਪਾਲ ਸਿੰਘ ਢਿੱਲੋਂ ਅਤੇ ਵਾਰਡ ਨੰਬਰ 13 ਤੋਂ ਸਾਬਕਾ ਅਕਾਲੀ ਕੌਂਸਲਰ ਹਰਜਿੰਦਰ ਸ਼ਿੰਦਾ ਦੀ ਮਾਤਾ ਗੁਰਦੇਵ ਕੌਰ ਮੁੱਖ ਤੌਰ ’ਤੇ ਸ਼ਾਮਲ ਹਨ। ਹੈਰਾਨੀਜਨਕ ਇਹ ਹੈ ਕਿ ਕਾਂਗਰਸ ਦੀ ਮੇਅਰ ਨੂੰ ਹਟਾਉਣ ਮੌਕੇ ਹਮਾਇਤ ਦੇਣ ਕਾਰਨ ਚਾਰ ਕੌਂਸਲਰਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ। ਇੰਨ੍ਹਾਂ ਚੋਂ ਇੱਕ ਅਕਾਲੀ ਦਲ ’ਚ ਚਲਾ ਗਿਆ ਅਤੇ ਤਿੰਨ ਬਰਖਾਸਤ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ।
ਰਾਹਤ ਸਿਰਫ ਇਹੋ ਰਹੀ ਕਿ 2021’ਚ ਬਹੁਤੇ ਵਾਰਡਾਂ ’ਚ ਅਕਾਲੀ ਦਲ ਦੂਸਰੇ ਸਥਾਨ ਤੇ ਰਿਹਾ ਪਰ ਵੋਟਾਂ ਦਾ ਫਰਕ ਕਾਫੀ ਜਿਆਦਾ ਸੀ। ਭਾਵੇਂ ਲੋਕ ਸਭਾ ਅਤੇ ਸਥਾਨਕ ਚੋਣਾਂ ਦੀ ਤਾਸੀਰ ਵੱਖਰੀ ਹੁੰਦੀ ਹੈ ਪਰ ਸੰਸਦੀ ਚੋਣਾਂ 2024 ਮੌਕੇ ਵੀ ਅਕਾਲੀ ਦਲ ਬਠਿੰਡਾ ’ਚ ਕੋਈ ਰੰਗ ਨਹੀਂ ਬੰਨ੍ਹ ਸਕਿਆ । ਸਾਲ 2019 ’ਚ ਕਾਂਗਰਸ ਦੀ ਚੜ੍ਹਤ ਦੇ ਬਾਵਜੂਦ ਬਠਿੰਡਾ ਚੋਂ ਪੰਜ ਹਜਾਰ ਵੋਟਾਂ ਦੀ ਲੀਡ ਲਿਜਾਣ ਵਾਲੇ ਅਕਾਲੀ ਦਲ ਦੀਆਂ ਇਸ ਮੌਕੇ ਮਸਾਂ 518 ਵੋਟਾਂ ਵਧੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਰਹੀ ਜਿਸ ਭਾਜਪਾ ਦਾ 2021 ’ਚ ਸੂਪੜਾ ਸਾਫ ਹੋਇਆ ਸੀ ਜੋ ਉਹ 2024 ’ਚ 36 ਹਜ਼ਾਰ 287 ਵੋਟਾਂ ਨਾਲ ਪਹਿਲੇ ਸਥਾਨ ’ਤੇ ਰਹੀ ਸੀ । ਹੁਣ ਜਦੋਂ ਭਾਜਪਾ ਆਪਣੇ ਦਮ ’ਤੇ ਨਗਰ ਨਿਗਮ ਚੋਣਾਂ ਲੜ ਰਹੀ ਹੈ ਤਾਂ ਅਕਾਲੀ ਦਲ ਵਿਚਲੀ ਫੁੱਟ ਸਿਆਸੀ ਸੇਵੀਆਂ ’ਤੇ ਲੂਣ ਭੁੱਕ ਸਕਦੀ ਹੈ।
ਸੱਦਣ ਦੀ ਲੋੜ ਨਹੀਂ ਸੀ: ਬਬਲੀ ਢਿੱਲੋਂ
ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦਾ ਕਹਿਣਾ ਸੀ ਕਿ ਉਮੀਦਵਾਰਾਂ ਦੀ ਚੋਣ ਅਤੇ ਬਾਕੀ ਅਧਿਕਾਰ ਤਿੰਨ ਮੈਂਬਰੀ ਕਮੇਟੀ ਕੋਲ ਸਨ ਜਿਸ ਕਰਕੇ ਪ੍ਰਧਾਨ ਨੂੰ ਸੱਦਣ ਦੀ ਜਰੂਰਤ ਨਹੀਂ ਸੀ। ਉਨ੍ਹਾਂ ਕਿਹਾ ਕਿ ਕਮੇਟੀ ਦੇ ਤੀਸਰੇ ਮੈਂਬਰ ਸੁਸ਼ੀਲ ਗੋਲਡੀ ਦੇ ਬਾਹਰ ਹੋਣ ਕਰਕੇ ਉਮੀਦਵਾਰਾਂ ਦੀ ਸੂਚੀ ਦੋਵਾਂ ਵੱਲੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਹਲਕਾ ਇੰਚਾਰਜ ਨਹੀਂ ਤੇ ਨਾਂ ਹੀ ਪ੍ਰਧਾਨ ਅਸੀਂ ਸਾਰੇ ਅਕਾਲੀ ਦਲ ਦੇ ਸਿਪਾਹੀ ਹਾਂ ਇਸ ਲਈ ਇਕੱਠੇ ਹੋਕੇ ਲੜਾਈ ਲੜੀ ਜਾਏਗੀ।
- Download Babushahi App
-
-