Political Special ਮਹਿਤਿਆਂ ਦੀ ਸਿਆਸੀ ਝੰਡੀ ਪੱਟਣ ਲਈ ਬਾਦਲਾਂ ਤੇ ਭਾਜਪਾ ਨੇ ਲਾਇਆ ਗੋਡਣੀਆਂ ਵਾਲਾ ਜੋਰ
ਅਸ਼ੋਕ ਵਰਮਾ
ਬਠਿੰਡਾ, 23 ਮਈ 2026 : ਨਗਰ ਨਿਗਮ ਬਠਿੰਡਾ ਦੀ ਚੋਣ ਦੌਰਾਨ ਕੌਣ ਜਿੱਤੂ , ਸ਼ਹਿਰ ਦੇ ਹਰ ਗਲੀ ਮੁਹੱਲੇ ’ਚ ਇੱਕੋ ਸੁਆਲ ਪੁੱਛਿਆ ਜਾ ਰਿਹਾ ਹੈ । ਹਵਾ ਦਾ ਰੁੱਖ ਝਾੜੂ ਵੱਲ ਹੈ ਜਾਂ ਫਿਰ ਕਮਲ ਖਿੜਦਾ ਹੈ। ਤੱਕੜੀ ਇਸ ਵਾਰ ਤਕੜੀ ਹੁੰਦੀ ਜਾਂ ਪੰਜੇ ਦੀਆਂ ‘ਪੰਜੇ’ ਘਿਓ ’ਚ ਹਨ। ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੈ। ਵੋਟਾਂ ਪੈਣ ਵਿੱਚ ਸਿਰਫ਼ ਤਿੰਨ ਦਿਨ ਹਨ ਜਿਸ ਕਰਕੇ ਹਰ ਪਾਰਟੀ ਨੇ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਹੈ। ਭਾਜਪਾ ਉਮੀਦਵਾਰਾਂ ਲਈ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਰੈਲੀਆਂ ਕੀਤੀਆਂ ਹਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਮੰਗੀਆਂ ਹਨ। ਫਿਲਹਾਲ ਕਾਂਗਰਸ ਦਾ ਕੋਈ ਵੱਡਾ ਲੀਡਰ ਬਠਿੰਡਾ ਨਹੀਂ ਪੁੱਜਾ ਹੈ । ਅਜਾਦ ਅਤੇ ਬਾਕੀ ਧਿਰਾਂ ਵੀ ਆਪਣੇ ਤੌਰ ’ਤੇ ਜੋਰ ਅਜਮਾਈ ਕਰ ਰਹੀਆਂ ਹਨ।
ਹਾਕਮ ਧਿਰ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੀ ਕਮਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਸਾਬਕਾ ਮੇਅਰ ਪਦਮਜੀਤ ਮਹਿਤਾ ਦੇ ਹੱਥ ’ਚ ਹੈ। ਭਾਜਪਾ ਨੂੰ ਭਰੋਸਾ ਸੀ ਕਿ ਸਥਾਨਕ ਪੱਧਰ ’ਤੇ ਸਿਆਸੀ ਕਿਸ਼ਤੀ ਪਾਰ ਲੱਗ ਜਾਏਗੀ ਪਰ ਸਾਬਕਾ ਮੇਅਰ ਪਦਮਜੀਤ ਮਹਿਤਾ ਦੀ ਨਾਟਕੀ ਜਿੱਤ ਤੋਂ ਬਾਅਦ ਸਮੂਹ ਧਿਰਾਂ ਆਪਣੀ ਰਣਨੀਤੀ ਬਦਲਨ ਲਈ ਮਜਬੂਰ ਹੋ ਗਈਆਂ ਹਨ। ਇਸ ਦੌਰਾਨ ਵਿਧਾਇਕ ਜਗਰੂਪ ਗਿੱਲ ਦੇ ਸਿਆਸੀ ਪੱਤਿਆਂ ’ਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ ਜੋ ਟਿਕਟਾਂ ਦੀ ਵੰਡ ਨੂੰ ਲੈਕੇ ਨਰਾਜ਼ ਚੱਲੇ ਆ ਰਹੇ ਹਨ। ਵਿਰੋਧੀ ਧਿਰ ਵਿਧਾਇਕ ਗਿੱਲ ਦੀਆਂ ਬਾਗੀ ਸੁਰਾਂ ਚੋਂ ਜਿੱਤ ਤਲਾਸ਼ ਰਹੀ ਹੈ ਜਦੋਂਕਿ ਹਾਕਮ ਪਾਰਟੀ ਦੀ ਟੇਕ ਵੋਟਾਂ ਦੀ ਵੰਡ ’ਤੇ ਟਿਕੀ ਹੈ। ਚਾਰੇ ਮੁੱਖ ਪਾਰਟੀਆਂ ਆਪਣੇ ਵਿਰੋਧੀਆਂ ਨੂੰ ਮਾਂਜਾ ਲਾਉਣ ਦਾ ਦਾਅਵਾ ਕਰ ਰਹੀਆਂ ਹਨ ਜਿਸ ਕਰਕੇ ਬਠਿੰਡਾ ਦਾ ਸਿਆਸੀ ਪਾਰਾ ਅੰਬਰਾਂ ਨੂੰ ਛੂਹਣ ਲੱਗਿਆ ਹੈ।
ਵੋਟਰ ਚੁੱਪ ਹੈ ਜਿਸ ਕਰਕੇ ਅੱਜ ਦੀ ਘੜੀ ਕੋਈ ਵੀ ਜਿੱਤ ਦਾ ਪੱਕਾ ਦਾਅਵਾ ਨਹੀਂ ਕਰ ਸਕਦਾ ਹੈ। ਕੁੱਝ ਵੋਟਰਾਂ ਦਾ ਕਹਿਣਾ ਹੈ ਕਿ ਐਤਕੀਂ ਕਾਂਗਰਸ ਦਾ ਸਿਆਸੀ ਪੰਜਾ ਘੁੰਮਣਘੇਰੀ ’ਚ ਫਸਿਆ ਜਾਪਦਾ ਹੈ ਜਦੋਂਕਿ ਕਈਆਂ ਦੀ ਰਾਏ ਇਸ ਤੋਂ ਵੱਖਰੀ ਹੈ। ਸ਼ੋਮਣੀ ਅਕਾਲੀ ਦਲ ਦੀ ਟੀਮ ਨੂੰ ਸਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਮੀ ਰੜਕ ਰਹੀ ਹੈ ਜਿੰਨ੍ਹਾਂ ਕੋਲ ਏਦਾਂ ਦੀ ਗਿੱਦੜਸਿੰਗੀ ਸੀ ਕਿ ਫਸਿਆ ਗੱਡਾ ਕਿਵੇਂ ਕੱਢਣਾ ਹੈ। ਇਸ ਵਾਰ ਅਕਾਲੀ ਦਲ ਇਕੱਲਾ ਚੋਣ ਮੈਦਾਨ ਵਿੱਚ ਹੈ ਜਦੋਂਕਿ ਪਹਿਲਾਂ ਭਾਜਪਾ ਨਾਲ ਭਾਈਵਾਲੀ ਤਹਿਤ ਚੋਣਾਂ ਲੜੀਆਂ ਜਾਂਦੀਆਂ ਸਨ। ਬਠਿੰਡਾ ਦੇ ਕਈ ਮੋਹਰੀ ਅਕਾਲੀ ਆਗੂਆਂ ਦੇ ਆਪਸ ’ਚ ਸੁਰ ਨਹੀਂ ਮਿਲ ਰਹੇ ਹਨ ਜਿਸ ਨਾਲ ਅਕਾਲੀਆਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਅਕਾਲੀ ਆਗੂ ਜਨਤਕ ਤੌਰ ’ਤੇ ਦਾਅਵਾ ਕਰਦੇ ਹਨ ਕਿ ਅਕਾਲੀ ਸਰਕਾਰ ਨੇ ਬਠਿੰਡਾ ਦੀ ਨੁਹਾਰ ਬਦਲੀ ਹੈ।
ਆਮ ਆਦਮੀ ਪਾਰਟੀ ਦੇ ਬਿਨਾਂ ਮੁਕਾਬਲਾ ਜਿੱਤੇ ਉਮੀਦਵਾਰ ਪਦਮਜੀਤ ਮਹਿਤਾ ਦੱਸਦੇ ਹਨ ਕਿ ਆਪ ਸਰਕਾਰ ਨੇ ਉਨ੍ਹਾਂ ਦੇ ਕਾਰਜਕਾਲ ’ਚ ਵਿਕਾਸ ਕਾਰਜਾਂ ਦੀ ਝੜੀ ਲਾਈ ਹੈ। ਉਹ ਵੋਟਰਾਂ ਨੂੰ ਜਾਣੂੰ ਕਰਵਾਉਂਦੇ ਹਨ ਕਿ ਕਿਸ ਤਰਾਂ ਸ਼ਹਿਰ ਦੇ 80 ਤੋਂ 90 ਫੀਸਦੀ ਪ੍ਰੀਵਾਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ। ਉਹ ਆਪ ਸਰਕਾਰ ਦੀਆਂ ਸਾਢੇ 4 ਸਾਲ ਦੀਆਂ ਪ੍ਰਾਪਤੀਆਂ ਗਿਣਾ ਕੇ ਫਤਵਾ ਮੰਗ ਰਹੇ ਹਨ। ਮਹਿਤਿਆਂ ਦੇ ਸਿਆਸੀ ਲਲਕਾਰਿਆਂ ਨੇ ਵੀ ਵਿਰੋਧੀਆਂ ਦਾ ਸਾਹ ਸੂਤੇ ਹਨ। ਅਮਰਜੀਤ ਮਹਿਤਾ ਪ੍ਰਚਾਰ ਦੌਰਾਨ ਕਾਂਗਰਸ ਦੀਆਂ ਨਾਕਾਮੀਆਂ ਦਾ ਵੀ ਜਿਕਰ ਕਰਦੇ ਹਨ ਜਿੰਨ੍ਹਾਂ ਦੀ ਪ੍ਰਚਾਰ ਲਈ ਇਸ ਵੇਲੇ ਸਭ ਤੋਂ ਵੱਧ ਮੰਗ ਹੈ । ਉਹ ਹੁਣ ਤੱਕ ਤਕਰੀਬਨ ਸਾਰਿਆਂ ਹੀ ਵਾਰਡਾਂ ’ਚ ਚੋਣ ਪ੍ਰਚਾਰ ਕਰ ਚੁੱਕੇ ਹਨ। ਭਾਜਪਾ ਨੇ ਚੋਣ ਕਨੀਵਨਰ ਜੀਵਨ ਗੁਪਤਾ ਅਤੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਦਾਅ ਖੇਡਿ੍ਹਆ ਹੈ ।
ਭਾਜਪਾ ਦੀ ਰਣਨੀਤੀ ਬਾਕੀਆਂ ’ਤੇ ਕਿੰਨੀਂ ਭਾਰੀ ਪੈਂਦੀ ਹੈ ਇਸ ’ਤੇ ਵੀ ਕਾਫ਼ੀ ਕੁੱਝ ਨਿਰਭਰ ਕਰਦਾ ਹੈ। ਕੁੱਝ ਵਾਰਡਾਂ ’ਚ ਟਿਕਟ ਤੋਂ ਵਾਂਝੇ ਰਹੇ ਭਾਜਪਾਈਆਂ ਵੱਲੋਂ ਅਧਿਕਾਰਕ ਉਮੀਦਵਾਰਾਂ ਦੀ ਚੁੱਪ ਚੁਪੀਤੇ ਮੁਖਾਲਫਤ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਕੁੱਝ ਦਿਨ ਪਹਿਲਾਂ ਤੱਕ ਸਿਆਸੀ ਗਿਣਤੀਆਂ ਮਿਣਤੀਆਂ ’ਚ ਕਰੀਬ ਇੱਕ ਦਰਜਨ ਵਾਰਡਾਂ ’ਚ ਭਾਜਪਾ ਉਮੀਦਵਾਰ ਪਛੜਦੇ ਦਿਖਾਈ ਦੇ ਰਹੇ ਸਨ ਪਰ ਰਵਨੀਤ ਬਿੱਟੂ ਦੀ ਆਮਦ ਤੋਂ ਬਾਅਦ ਟੱਕਰ ਸਖਤ ਬਣਨ ਦੀ ਸੰਭਾਵਨਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਕੋਣੇ ਮੁਕਾਬਲਿਆਂ ਦੌਰਾਨ ਕੌਣ ਕਿਸ ਦੀਆਂ ਬੇੜੀਆਂ ’ਚ ਵੱਟੇ ਪਾਉਂਦਾ ਹੈ ਇਹ ਦੇਖਣਾ ਹੋਵੇਗਾ। ‘ਆਪ ਦੇ ਸਾਬਕਾ ਆਗੂ ਡਾ ਤਰਸੇਮ ਗਰਗ ਦੀ ਭਾਜਪਾ ਉਮੀਦਵਾਰ ਪਤਨੀ ਰਜਨੀ ਜਿੰਦਲ ਦੇ ਵਾਰਡ ਵੱਲ ਸਭ ਦੀਆਂ ਨਜ਼ਰਾਂ ਹਨ। ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਭਾਜਪਾ ਉਮੀਦਵਾਰ ਅਸ਼ੋਕ ਬਾਲਿਆਂ ਵਾਲੀ ਦਾ ਵਾਰਡ ਵੀ ਚੁਣੌਤੀਪੂਰਨ ਵਾਰਡਾਂ ’ਚ ਸ਼ੁਮਾਰ ਹੈ।
ਰਾਜੂ ਸਰਾਂ ਦੇ ਪੱਤੇ ਵੀ ਅਹਿਮ
ਸਾਬਕਾ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੀ ਚਿਤਾਵਨੀ ਅਤੇ ਵਿਧਾਇਕ ਜਗਰੂਪ ਗਿੱਲ ਦੀ ਨਰਾਜ਼ਗੀ ਕਾਰਨ ਵਾਰਡ ਨੰਬਰ 14 ਅਤੇ 18 ਤੋਂ ‘ਆਪ’ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ। ਰਾਜੂ ਸਰਾਂ ਨੂੰ ‘ਆਪ’ ਨੇ ਵਾਰਡ 18 ਤੋਂ ਉਮੀਦਵਾਰ ਬਣਾਇਆ ਸੀ ਪਰ 14 ਨੰਬਰ ਤੋਂ ਚੋਣ ਲੜਨ ਦੀ ਜਿੱਦ ਕਰਕੇ ਉਨ੍ਹਾਂ ਦੀ ਪਾਰਟੀ ਨਾਲ ਖੜਕੀ ਹੋਈ ਹੈ। ਇਸੇ ਸਿਆਸੀ ਰੰਜਿਸ਼ ਕਾਰਨ ਹੀ ਰਾਜੂ ਸਰਾਂ ਵੀ ‘ਆਪ’ ਤੇ ਹੱਲਾ ਬੋਲਣ ਦਾ ਮੌਕਾ ਨਹੀਂ ਖੁੰਝਣ ਦੇ ਰਹੇ ਹਨ। ਬਠਿੰਡਾ ’ਚ 50 ਵਾਰਡ ਹਨ। ਇੰਨ੍ਹਾਂ ਚੋਂ 2021 ’ਚ 43 ’ਤੇ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ। ਵੋਟਰ ਆਖਦੇ ਹਨ ਕਿ ‘ਹਾਲੇ ਸਭ ਦੇ ਭਾਸ਼ਨ ਸੁਣੀ ਜਾਂਦੇ ਹਾਂ, ਜੋ ਲੋਕਾਂ ਬਾਰੇ ਸੋਚੂ, ਉਸ ਦੇ ਨਾਮ ’ਤੇ ਮੋਹਰਾਂ ਲਾਵਾਂਗੇ ’।
- Download Babushahi App
-
-