DC ਬਠਿੰਡਾ ਵੱਲੋਂ 30 ਤੇ 31 ਅਗਸਤ ਨੂੰ ਲੱਗਣ ਵਾਲੇ ਕਿਸਾਨ ਮੇਲੇ ਦਾ ਪੋਸਟਰ ਰਿਲੀਜ਼
ਅਸ਼ੋਕ ਵਰਮਾ
ਬਠਿੰਡਾ, 6 ਜੁਲਾਈ 202 5: ਨਾਰਥ ਇੰਡੀਆ ਦਾ ਸਭ ਤੋਂ ਵੱਡਾ ਕਿਸਾਨ ਮੇਲਾ 30 ਤੇ 31 ਅਗਸਤ ਨੂੰ ਮੁੱਖ ਦਾਣਾ ਮੰਡੀ ਭੁੱਚੋ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਭਾਈ ਦਵਿੰਦਰ ਸਿੰਘ ਸਿੱਧੂ ਗੰਨ ਕਲੱਬ ਭੁੱਚੋ ਖੁਰਦ ਵਿਖੇ ਇਸ ਕਿਸਾਨ ਮੇਲੇ ਦਾ ਪੋਸਟਰ ਰਿਲੀਜ਼ ਕਰਨ ਸਮੇਂ ਦਿੱਤੀ।ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਮੇਲੇ ਵਿੱਚ ਕਿਸਾਨਾਂ ਨੂੰ ਆਪਣੀਆਂ ਵੱਖ-ਵੱਖ ਫ਼ਸਲਾਂ ਤੋਂ ਇਲਾਵਾ ਸਬਜ਼ੀਆਂ, ਫ਼ਲ, ਫੁੱਲਾਂ ਆਦਿ ਦੀ ਘੱਟ ਖਰਚਾ ਕਰਕੇ ਵਧੀਆ ਪੈਦਾਵਾਰ ਅਤੇ ਚੰਗੇ ਮੁਨਾਫੇ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਹਨਾਂ ਵੱਲੋਂ ਆਪਣੀ ਫ਼ਸਲ ਮੰਡੀ ਵਿੱਚ ਵਧੀਆ ਰੇਟਾਂ ਤੇ ਕਿਸ ਤਰ੍ਹਾਂ ਵੇਚਣੀ ਹੈ, ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਮੇਲੇ ਦੇ ਮੁੱਖ ਪ੍ਰਬੰਧਕ ਸ. ਅਬਜਿੰਦਰ ਸਿੰਘ ਸੰਘਾ ਨੇ ਵਿਸਥਾਰ ਪੂਰਵਕ ਦੱਸਦਿਆਂ ਕਿਹਾ ਕਿ ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਜਿਨ੍ਹਾਂ ਤੋਂ ਜ਼ਿਆਦਾ ਆਮਦਨ ਹੋ ਸਕਦੀ ਹੈ, ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਨਵੀਆਂ ਤਕਨੀਕਾਂ, ਬੀਜਾਂ, ਖਾਦਾਂ, ਖੇਤੀਬਾੜੀ ਨਾਲ ਸਬੰਧਤ ਰੋਜ਼ਗਾਰ ਤੋਂ ਇਲਾਵਾ ਹੋਰ ਜਿੰਨੇ ਵੀ ਖੇਤੀਬਾੜੀ ਨਾਲ ਸਬੰਧਿਤ ਕੰਮ ਧੰਦੇ ਹਨ, ਬਾਰੇ ਕਿਸਾਨ ਵੀਰਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਇਸ ਮੇਲੇ ਵਿੱਚ ਐਮਾਜ਼ੋਨ ਤੋਂ ਇਲਾਵਾ ਹੋਰ ਕੰਪਨੀਆਂ ਵੀ ਸ਼ਿਰਕਤ ਕਰਨਗੀਆਂ।
ਉਹਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਪੂਰੇ ਭਾਰਤ ਵਿੱਚੋਂ ਪਹੁੰਚੇ ਕਰੀਬ 250 ਕਿਸਾਨਾਂ, ਖੇਡਾਂ ਵਿੱਚ ਵਧੀਆ ਕਾਰਗੁਜਾਰੀ, ਵਧੀਆ ਸਮਾਜਿਕ ਗਤੀਵਿਧੀਆਂ ਆਦਿ ਤੋਂ ਇਲਾਵਾ ਹੋਰ ਅਲੱਗ-ਅਲੱਗ ਕੰਮਾਂ ਨਾਲ ਸਬੰਧਤ ਵਿਲੱਖਣ ਕੰਮ ਕਰ ਰਹੇ ਹਨ, ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵੀ ਕਿਸਾਨ ਵੀਰਾਂ ਦੁਆਰਾ ਆਪਣੇ ਉਤਪਾਦਾਂ ਦੀ ਸਟਾਲ ਲਗਾਉਣੀ ਹੈ ਤਾਂ ਉਹ ਵੀ ਰਾਬਤਾ ਕਰ ਸਕਦੇ ਹਨ।
ਇਸ ਮੌਕੇ ਸ. ਦਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕਿਸਾਨ ਮੇਲੇ ਮੌਕੇ ਖੇਤੀ ਮਾਹਰਾਂ ਵੱਲੋਂ ਕਿਸਾਨ ਵੀਰਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਆਪਾਂ ਕਣਕ ਅਤੇ ਝੋਨੇ ਦੀ ਫ਼ਸਲ ਵਿਚੋਂ ਬਾਹਰ ਨਿਕਲ ਕਿ ਕਿਵੇਂ ਹੋਰ ਫ਼ਸਲਾਂ ਬੀਜ ਕੇ ਆਪਾਂ ਹੋਰ ਵੀ ਵੱਧ ਮੁਨਾਫਾ ਲੈ ਸਕਦੇ ਹਾਂ।
ਇਸ ਮੌਕੇ ਸ. ਸੁਖਦੀਪ ਸਿੰਘ ਸਿੱਧੂ, ਸ. ਗੁਰਜਿੰਦਰ ਸਿੰਘ ਸਿੱਧੂ, ਕਿਸਾਨ ਮੇਲਾ ਪ੍ਰਬੰਧਕ ਹਰਦੀਪ ਸਿੰਘ, ਸਾਹਿਲ ਮੱਕੜ, ਜੈਸ਼ਵਿੰਦਰ ਬਰਾੜ, ਜਸਦੀਪ ਬਰਾੜ, ਕੁਲਤਾਰ ਪੰਨੂ ਤੋਂ ਇਲਾਵਾ ਲਖਵਿੰਦਰ ਸਿੰਘ ਰੋਹੀਵਾਲਾ, ਅਨਾਮਿਕਾ ਸੰਧੂ, ਖੁਸ਼ਪ੍ਰੀਤ ਸਿੰਘ, ਸੁਭਾਸ ਗੋਇਲ, ਅਰਵਿੰਦਰ, ਅਵਨੀਤ, ਰੋਹਿਤ ਬਾਂਸਲ, ਬਿਲਾਨ ਸੰਧੂ, ਸਿਮਰਨ ਮਾਨ, ਅਜੇਪਾਲ ਬਰਾੜ ਅਤੇ ਸੁਰਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।