CM ਮਾਨ ਨੇ ਬੰਗਾਲ ਚੋਣਾਂ 'ਚ ਹੋਈ ਕਥਿਤ ਧਾਂਦਲੀ 'ਤੇ ਭਾਜਪਾ ਘੇਰਿਆ
CM ਭਗਵੰਤ ਮਾਨ ਮਮਤਾ ਬਨਰਜੀ ਦੇ ਹੱਕ ਵਿੱਚ ਨਿੱਤਰੇ; ਭਾਜਪਾ 'ਤੇ ਲਾਏ 100 ਸੀਟਾਂ ਦੀ 'ਵੋਟ ਲੁੱਟ' ਦੇ ਗੰਭੀਰ ਦੋਸ਼
Babushahi Network
ਚੰਡੀਗੜ੍ਹ, 6 ਮਈ 2026: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਵੱਲੋਂ ਭਾਰਤੀ ਜਨਤਾ ਪਾਰਟੀ (BJP) ਅਤੇ ਚੋਣ ਕਮਿਸ਼ਨ 'ਤੇ ਲਗਾਏ ਗਏ ਵੋਟਾਂ ਦੀ ਲੁੱਟ ਅਤੇ ਚੋਣ ਧਾਂਦਲੀ ਦੇ ਦੋਸ਼ਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਮਮਤਾ ਬਨਰਜੀ ਦੇ ਹੱਕ ਵਿੱਚ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਸੱਤਾ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਲੋਕਤੰਤਰ ਦਾ ਘਾਣ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਗੰਭੀਰ ਸ਼ਿਕਾਇਤ ਹੈ ਕਿ ਬੰਗਾਲ ਵਿੱਚ BJP ਨੇ ਲੋਕਾਂ ਦੇ ਫਤਵੇ (Mandate) ਨੂੰ ਲੁੱਟਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਗਭਗ 100 ਦੇ ਕਰੀਬ ਸੀਟਾਂ 'ਤੇ ਧਾਂਦਲੀ ਹੋਈ ਹੈ। ਮਾਨ ਨੇ ਕਿਹਾ, "ਉੱਥੇ ਵਿਰੋਧੀ ਧਿਰ ਦੇ ਬੰਦਿਆਂ ਨੂੰ ਬੈਠਣ ਨਹੀਂ ਦਿੱਤਾ ਗਿਆ, ਚੋਣ ਏਜੰਟਾਂ ਨੂੰ ਕੁੱਟ-ਕੁੱਟ ਕੇ ਬਾਹਰ ਭਜਾ ਦਿੱਤਾ ਗਿਆ। ਇਹ ਸਭ ਕੁਝ ਲੋਕਤੰਤਰ ਲਈ ਬੇਹੱਦ ਖ਼ਤਰਨਾਕ ਹੈ।"
ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ 'ਤੇ ਵੀ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਕਿਸੇ ਇੱਕ ਧਿਰ ਦਾ ਪੱਖ ਨਹੀਂ ਪੂਰਨਾ ਚਾਹੀਦਾ। ਮਾਨ ਨੇ ਕਿਹਾ, "ਚੋਣ ਕਮਿਸ਼ਨ ਸਾਰੀਆਂ ਸਿਆਸੀ ਪਾਰਟੀਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਜੇਕਰ ਕਮਿਸ਼ਨ 'ਤੇ ਸਵਾਲ ਉੱਠ ਰਹੇ ਹਨ, ਤਾਂ ਉਨ੍ਹਾਂ ਨੂੰ ਸਾਹਮਣੇ ਆ ਕੇ ਸਭ ਕੁਝ ਸਪੱਸ਼ਟ ਕਰਨਾ ਚਾਹੀਦਾ ਹੈ।
ਕਮਿਸ਼ਨ ਨੂੰ ਇੱਕ ਪੱਖੀ ਹੋ ਕੇ ਕੰਮ ਨਹੀਂ ਕਰਨਾ ਚਾਹੀਦਾ।" ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਵੀ ਅਜਿਹੀਆਂ ਸਿਆਸੀ ਸਾਜ਼ਿਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਹ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਹਮੇਸ਼ਾ ਤਿਆਰ ਰਹਿਣਗੇ।
- Download Babushahi App
-
-