- By : ਬਾਬੂਸ਼ਾਹੀ ਬਿਊਰੋ
- First Published : Monday, Nov 17, 2025 04:33 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਮਾਨਸਾ ਆਓ-ਖੂੰਖਾਰ ਕੁੱਤਿਆਂ ਤੋਂ ਲੱਤਾਂ ਪੜਵਾਓ ਤੇ ਧੁੰਨੀ ਵਿੱਚ ਮੁਫਤੋ ਮੁਫਤੀ ਟੀਕੇ ਲਗਵਾਓ
ਅਸ਼ੋਕ ਵਰਮਾ
ਮਾਨਸਾ,17 ਨਵੰਬਰ2025: ਆਪੋ ਆਪਣੇ ਕੰਮ ਧੰਦਿਆਂ ਲਈ ਮਾਨਸਾ ਆਉਣ ਵਾਲੇ ਖਬਰਦਾਰ ਰਹਿਣ ਕਿਉਂਕਿ ਸ਼ਹਿਰ ’ਚ ਆਉਣਾ ਮਹਿੰਗਾ ਪੈ ਸਕਦਾ ਹੈ। ਮਾਮਲਾ ਸ਼ਹਿਰ ’ਚ ਘੁੰਮਦੇ ਅਵਾਰਾ ਕੁੱਤਿਆਂ ਦਾ ਹੈ ਜੋ ਹੁਣ ਖੂੰਖਾਰ ਹੋ ਗਏ ਹਨ ਅਤੇ ਹਮਲੇ ਤੱਕ ਕਰਨ ਲੱਗੇ ਹਨ। ਵੱਡੀ ਗੱਲ ਹੈ ਕਿ ਕੁੱਤਿਆਂ ਦਾ ਸ਼ਿਕਾਰ ਲੋਕਾਂ ਨੂੰ ਟੀਕੇ ਲਗਵਾਕੇ ਆਪਣੀ ਧੁੰਨੀ ਪੜਵਾਉਣੀ ਪੈ ਰਹੀ ਹੈ ਇਹ ਵੱਖਰੀ ਗੱਲ ਹੈ ਕਿ ਸਰਕਾਰੀ ਹਸਪਤਾਲਾਂ ’ਚ ਇਹ ਟੀਕਾਕਰਨ ਮੁਫਤ ਹੈ। ਬੇਸ਼ੱਕ ਪੰਜਾਬੀ ਸੱਭਿਆਚਾਰ ਦੀ ਧੁੰਨੀ ਅਖਵਾਉਂਦੀ ਮਾਲਵਾ ਪੱਟੀ ’ਚ ਹੁਣ ਨਾ ਟਿੱਬੇ ਰਹੇ ਹਨ ਅਤੇ ਮਾਰੂਥਲ ਦਾ ਜਹਾਜ ਊਠ ਤਾਂ ਟਾਵਾਂ ਟਾਵਾਂ ਹੀ ਬਚਿਆ ਹੈ ਪਰ ਅਵਾਰਾ ਕੁੱਤਿਆਂ ਦੀ ਹਕੂਮਤ ਹਰ ਤਰਫ ਹੈ। ਇਸ ਮਾਮਲੇ ’ਚ ਮਾਨਸਾ ਸ਼ਹਿਰ ਵਿਚਲੇ ਤੱਥ ਨਵੀਂ ਤਸਵੀਰ ਦਿਖਾਉਂਦੇ ਹਨ ਜੋਕਿ ਭਿਆਨਕ ਹੈ। ਸਰਕਾਰਾਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਤੇ ਵਾਅਦਿਆਂ ਦਰਮਿਆਨ ਇਹ ਸਮੱਸਿਆ ‘ਕਹਿਣਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਮਾਨਸਾ ਦੇ ਗਲੀ ਮੁਹੱਲਿਆਂ ’ਚ ਅਵਾਰਾ ਕੁੱਤਿਆਂ ਦਾ ਪਹਿਰਾ ਹੈ ਜਦੋਂ ਕਿ ਕਈ ਗਲੀਆਂ ਤਾਂ ਏਦਾਂ ਦੀਆਂ ਵੀ ਹਨ ਜਿੰਨ੍ਹਾਂ ’ਚ ਬੇਹੱਦ ਖਤਰਨਾਕ ਕੁੱਤੇ ਦਿਨ ਰਾਤ ਹਕੂਮਤ ਕਰਦੇ ਹਨ। ਔਰਤਾਂ ਅਤੇ ਬੱਚਿਆਂ ਵਿੱਚ ਤਾਂ ਕੁੱਤਿਆਂ ਕਾਰਨ ਹਰ ਵੇਲੇ ਸਹਿਮ ਅਤੇ ਦਹਿਸ਼ਤ ਦਾ ਮਹੌਲ ਬਣਿਆ ਰਹਿੰਦਾ ਹੈ। ਕੁੱਤਿਆਂ ਦੀ ਸਰਦਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਕਈ ਇਲਾਕਿਆਂ ’ਚ ਕੱਲੇ ਕਾਹਰੇ ਨੂੰ ਲੰਘਣਾ ਮੁਸ਼ਕਿਲ ਬਣਿਆ ਹੋਇਆ ਹੈ। ਕੁੱਤਿਆਂ ਦੀ ਗਿਣਤੀ ਇਸ ਕਰਕੇ ਵੀ ਵਧੀ ਹੈ ਕਿ ਜਾਨਵਰਾਂ ਨੂੰ ਮਾਰਨ ਦੀ ਮੁਕੰਮਲ ਮਨਾਹੀ ਕੀਤੀ ਹੋਈ ਹੈ। ਉੱਪਰੋਂ ਮਾਨਸਾ ਸ਼ਹਿਰ ਵਿੱਚ ਕੁੱਤਿਆਂ ਦੀ ਨਸਬੰਦੀ ਕਰਨ ਦਾ ਕੰਮ ਪੂਰੀ ਤਰਾਂ ਠੱਪ ਪਿਆ ਹੈ ਜੋਕਿ ਕੁੱਤਿਆਂ ਦੀ ਇੱਕ ਤਰਾਂ ਨਾਲ ਅਬਾਦੀ ਵਧਾਉਣ ਵਾਲਾ ਸਾਬਤ ਹੋਇਆ ਹੈ। ਮਾਨਸਾ ਜਿਲ੍ਹੇ ਵਿੱਚ ਤਾਂ ਸੁਪਰੀਮ ਕੋਰਟ ਦੇ ਸਖਤ ਹੁਕਮਾਂ ਦੀ ਵੀ ਪਾਲਣਾ ਨਹੀਂ ਹੋ ਰਹੀ ਹੈ ।
ਤੱਥ ਗਵਾਹ ਹਨ ਕਿ ਮਾਨਸਾ ਜਿਲ੍ਹੇ ’ਚ ਹਰ ਰੋਜ ਅਵਾਰਾ ਕੁੱਤਿਆਂ ਵੱਲੋਂ ਕਰੀਬ ਇੱਕ ਦਰਜਨ ਲੋਕਾਂ ਨੂੰ ਕੱਟਿਆ ਜਾਣ ਲੱਗਿਆ ਹੈ ਜਦੋਂਕਿ ਇਕੱਲੇ ਮਾਨਸਾ ਸ਼ਹਿਰ ਦੀ ਗਿਣਤੀ ਔਸਤਨ ਅੱਧੀ ਦਰਜਨ ਹੈ। ਸਿਹਤ ਵਿਭਾਗ ਮਾਨਸਾ ਦੇ ਅੰਕੜਿਆਂ ਮੁਤਾਬਕ ਹੁਣ ਤੱਕ 2100 ਤੋਂ ਜਿਆਦਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਜਿੰਨ੍ਹਾਂ ’ਚ ਬੱਚੇ ਬੁੱਢੇ ਅਤੇ ਔਰਤਾਂ ਸ਼ਾਮਲ ਹਨ। ਵਿਸ਼ੇਸ਼ ਪਹਿਲੂ ਇਹ ਹੈ ਕਿ ਇਹ ਉਹ ਲੋਕ ਹਨ ਜਿੰਨ੍ਹਾਂ ਨੇ ਸਿਰਫ ਸਰਕਾਰੀ ਹਸਪਤਾਲ ’ਚ ਆਪਣਾ ਇਲਾਜ ਕਰਵਾਇਆ ਗਿਆ ਹੈ ਜਦੋਂਕਿ ਪ੍ਰਾਈਵੇਟ ਹਸਪਤਾਲਾਂ ’ਚ ਕੁੱਤਾ ਕੱਟਣ ਦੇ ਟੀਕੇ ਲੁਆਉਣ ਵਾਲੇ ਪੀੜਤਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਐਤਵਾਰ ਨੂੰ ਮਾਨਸਾ ਦੀ ਰੁਝੇਵਿਆਂ ਭਰੀ ਰਾਮ ਬਾਗ ਵਾਲੀ ਸੜਕ ਤੇ ਬਣੇ ਡੰਪ ’ਤੇ ਕੂੜਾ ਸੁੱਟਣ ਆਈ ਐਕਟਿਵਾ ਸਵਾਰ ਔਰਤ ਨੂੰ ਇੱਕ ਅਵਾਰਾ ਕੁੱਤਾ ਨੋਚਣ ਹੀ ਲੱਗਿਆ ਸੀ ਤਾਂ ਮੌਕੇ ਤੇ ਹਾਜ਼ਰ ਨੌਜਵਾਨ ਵੱਲੋਂ ਲਲਕਾਰੇ ਜਾਣ ਤੋਂ ਬਾਅਦ ਕੁੱਤਾ ਭੱਜ ਗਏ।
ਮਾਨਸਾ ਦੇ ਮੁੱਖ ਬਜ਼ਾਰ ਦੇ ਇੱਕ ਦੁਕਾਨਦਾਰ ਦਾ ਕਹਿਣਾ ਸੀ ਕਿ ਕਾਫੀ ਸਮਾਂ ਪਹਿਲਾਂ ਕੁੱਤਿਆਂ ਨੇ ਇੱਕੋ ਦਿਨ ਵਿੱਚ ਪੰਜ ਵਿਅਕਤੀਆਂ ਨੂੰ ਵੱਢ ਲਿਆ ਸੀ ਤਾਂ ਕਾਫੀ ਰੌਲਾ ਰੱਪਾ ਪਿਆ ਸੀ ਪਰ ਮਗਰੋਂ ਸਭ ਸ਼ਾਂਤ ਹੋ ਗਿਆ। ਪਤਾ ਲੱਗਿਆ ਹੈ ਕਿ ਇੱਕ ਸੁਨਸਾਨ ਗਲੀ ’ਚ ਅਵਾਰਾ ਕੁੱਤੇ ਦੋ ਸਕੂਲੀ ਬੱਚਿਆਂ ਨੂੰ ਘੇਰ ਕੇ ਹਮਾਲਾ ਕਰਨ ਦੀ ਤਿਆਰੀ ਵਿੱਚ ਸਨ ਪਰ ਰਾਹਗੀਰਾਂ ਨੇ ਕੁੱਤਿਆਂ ਤੋਂ ਬੱਚਿਆਂ ਨੂੰ ਬਚਾਅ ਲਿਆ ਸੀ। ਰੇਲਵੇ ਸਟੇਸ਼ਨ ਦੇ ਦੂਸਰੀ ਤਰਫ ਇੱਕ ਅਵਾਰਾ ਕੁੱਤਾ ਸਕੂਲ ਦੇ ਬੱਚਿਆਂ ਦੀ ਟੋਲੀ ਤੇ ਝਪਟਣ ਦੀ ਤਿਆਰੀ ’ਚ ਸੀ ਪਰ ਡਾਂਗਾਂ ਨਾਲ ਲੈਸ ਮੁੰਡਿਆਂ ਨੇ ਉਸ ਨੂੰ ਉੱਥੋਂ ਭਜਾ ਦਿੱਤਾ। ਸੂਤਰ ਦੱਸਦੇ ਹਨ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਕਰੀਬ ਦੋ ਹਜ਼ਾਰ ਤੋਂ ਵੱਧ ਹੈ। ਸੂਤਰਾਂ ਤੇ ਦੱਸਿਆ ਹੈ ਕਿ ਨਗਰ ਕੌਂਸਲ ਆਰਥਿਕ ਸੰਕਟ ਦਾ ਸ਼ਿਕਾਰ ਹੈ ਜਿਸ ਕਰਕੇ ਕੁੱਤਿਆਂ ਦੀ ਨਸਬੰਦੀ ਲਟਕੀ ਹੋਈ ਹੈ।
ਮਸਲੇ ਖਿਲਾਫ ਅਵਾਜਾਂ ਤੇਜ
ਸ਼ਹਿਰ ਵਾਸੀ ਦੱਸਦੇ ਹਨ ਕਿ ਮਾਨਸਾ ਪ੍ਰਸ਼ਾਸ਼ਨ ਨੇ ਕਈ ਵਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੀ ਯੋਜਨਾ ਬਣਾਈ ਸੀ ਜੋ ਸੰਕਟ ਦੇ ਮੁਕਾਬਲੇ ਸਾਰਥਿਕ ਸਿੱਧ ਨਾਂ ਹੋ ਸਕੀ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਸ਼ਹਿਰ ਦੀ ਸਮਾਜਿਕ ਸੰਸਥਾ ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਗਰਗ ਨੇ ਡਿਪਟੀ ਕਮਿਸ਼ਨਰ ਨੂੰ ਕੁੱਤਿਆਂ ਦੀ ਨਸਬੰਦੀ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ ਹੈ। ਸ਼ਹਿਰ ਦੇ ਹੋਰ ਆਗੂਆਂ ਨੇ ਕੁੱਤਿਆਂ ਲਈ ਸ਼ੈਲਟਰ ਹੋਮ ਬਨਾਉਣ ਦੀ ਮੰਗ ਕੀਤੀ ਹੈ।
ਪੱਕਾ ਹੱਲ ਕੱਢੇ ਪ੍ਰਸ਼ਾਸ਼ਨ:ਮਾਹਲ
ਮਾਨਸਾ ਦੇ ਸਮਾਜਿਕ ਕਾਰਕੁੰਨ ਐਡਵੋਕੇਟ ਗੁਰਲਾਭ ਸਿੰਘ ਮਾਹਲ ਦਾ ਕਹਿਣਾ ਸੀ ਕਿ ਸ਼ਹਿਰ ’ਚ ਅਵਾਰਾ ਕੁੱਤਿਆਂ ਦੀ ਆਬਾਦੀ ਕਾਫੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਵੱਲੋਂ ਵੱਢਿਆਂ ਨੂੰ ਟੀਕਿਆਂ ਨਾਲ ਧੁੰਨੀਂ ਪੜਵਾਉਣੀ ਪੈਂਦੀ ਹੈ। ਐਡਵੋਕੇਟ ਮਾਹਲ ਨੇ ਮਾਨਸਾ ਪ੍ਰਸ਼ਾਸ਼ਨ ਤੋਂ ਸਮੱਸਿਆ ਦਾ ਪੱਕਾ ਹੱਲ ਕੱਢਣ ਦੀ ਮੰਗ ਕੀਤੀ ਹੈ।
ਨਗਰ ਕੌਂਸਲ ਹੱਲ ਵਚਨਬੱਧ
ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਦਾ ਕਹਿਣਾ ਸੀ ਕਿ ਕੁੱਤਿਆਂ ਦੀ ਨਸਬੰਦੀ ਲਈ ਜਲਦੀ ਹੀ ਟੈਂਡਰ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੈਡਰ ਅਲਾਟ ਹੋਣ ਤੋਂ ਬਾਅਦ ਤੁਰੰਤ ਨਸਬੰਦੀ ਸ਼ੁਰੂ ਕਰ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਮਾਨਸਾ ਸ਼ਹਿਰ ਵਾਸੀਆਂ ਨੂੰ ਕੁੱਤਿਆਂ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਵਚਨਬੱਧ ਹੈ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com