- By : ਬਾਬੂਸ਼ਾਹੀ ਬਿਊਰੋ
- First Published : Tuesday, Mar 03, 2026 03:44 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਟੈਂਕੀਆਂ ਟਾਵਰਾਂ ’ਤੇ ਬੈਠੇ 180 ਅਧਿਆਪਕਾਂ ਨੇ ਵਿੱਤ ਮੰਤਰੀ ਦੇ ਹਲਕੇ ’ਚ ਸੰਘਰਸ਼ੀ ਭੜਥੂ ਪਾਇਆ
ਅਸ਼ੋਕ ਵਰਮਾ
ਸੰਗਰੂਰ , 3 ਮਾਰਚ 2026: ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਲੱਗਭਗ ਚਾਰ ਸਾਲ ਤੋਂ ਪੰਜਾਬ ਸਰਕਾਰ ਦੀਆਂ ਬੇਵਫਾਈਆਂ ਅਤੇ ਵਾਅਦਾ ਖਿਲਾਫੀਆਂ ਦਾ ਦਰਦ ਹੰਢਾਉਣ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਲਾਰਿਆਂ ਅੱਕੇ 180 ਈਟੀਟੀ ਅਧਿਆਪਕ ਦਿੜ੍ਹਬਾ ਹਲਕੇ ਦੀਆਂ ਟੈਂਕੀਆਂ ਅਤੇ ਟਾਵਰਾਂ ਤੇ ਚੜ੍ਹ ਗਏ। ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਇਨ੍ਹਾਂ ਅਧਿਆਪਕਾਂ ਨੇ ਇੰਨ੍ਹਾਂ ਉੱਚੀਆਂ ਥਾਵਾਂ ਤੋਂ ਵਿੱਤ ਮੰਤਰੀ ਖਿਲਾਫ ਨਾਅਰੇਬਾਜੀ ਰਾਹੀਂ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਅਵਾਜ਼ ਪਹੰਚਾਈ ਤਾਂ ਉਦੋਂ ਹਰਪਾਲ ਚੀਮਾ ਪ੍ਰੈਸ ਕਾਨਫਰੰਸ ਕਰਕੇ ਵਿੱਤ ਵਿਭਾਗ ’ਚ ਕੀਤੀਆਂ ਆਪਣੀਆਂ ਪ੍ਰਾਪਤੀਆਂ ਦੇ ਸੋਹਲੇ ਗਾ ਰਹੇ ਸਨ। ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਕੀਤੇ ਇਸ ਐਕਸ਼ਨ ਕਾਰਨ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਮਹਿਲਾ ਅਤੇ ਪੁਰਸ਼ ਅਧਿਆਪਕ ਇੱਥੋਂ ਤੱਕ ਕਿਸ ਤਰਾਂ ਪੁੱਜ ਗਏ।
ਸਥਿਤੀ ’ਤੇ ਨਜ਼ਰ ਰੱਖਣ ਲਈ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਅਧਿਕਾਰੀਆਂ ਨੇ ਅੱਧ ਅਸਮਾਨ ’ਚ ਬੈਠੇ ਅਧਿਆਪਕਾਂ ਨੂੰ ਗੱਲਬਾਤ ਦਾ ਚੋਗਾ ਪਾਇਆ ਹੈ ਪਰ ਉਨ੍ਹਾਂ ਵੱਲੋਂ ਟੱਸ ਤੋਂ ਮੱਸ ਨਾਂ ਹੋਣ ਕਾਰਨ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ। ਪ੍ਰਸ਼ਾਸ਼ਨ ਨੂੰ ਡਰ ਸਤਾ ਰਿਹਾ ਹੈ ਕਿ ਕਿਧਰੇ ਅਧਿਆਪਕਾਂ ਕੋਲ ਪੈਟਰੋਲ ਆਦਿ ਨਾਂ ਹੋਵੇ ਜਿਸ ਨਾਲ ਉਹ ਕਿਸੇ ਅਨਹੋਣੀ ਨੂੰ ਅੰਜਾਮ ਦੇ ਦੇਣ। ਇਸੇ ਦੌਰਾਨ ਅਧਿਆਪਕਾਂ ਵੱਲੋਂ ਆਮ ਲੋਕਾਂ ਨੂੰ ਵਿੱਤ ਮੰਤਰੀ ਦੀ ਕਾਰਗੁਜ਼ਾਰੀ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹਲਕੇ ਦਾ ਵਿਧਾਇਕ ਕਿਸ ਤਰਾਂ ਉਨ੍ਹਾਂ ਨਾਲ ਧੱਕੇਸ਼ਾਹੀਆਂ ’ਤੇ ਉੱਤਰ ਆਇਆ ਹੈ। ਅਧਿਆਪਕਾਂ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਉਨ੍ਹਾਂ ਦੀਆਂ ਮੰਗਾਂ ਨੂੰ ਹਰੀ ਝੰਡੀ ਦਿਖਾ ਚੁੱਕੇ ਹਨ ਤਾਂ ਸਮਝ ਨਹੀਂ ਆਉਂਦੀ ਕਿ ਵਿੱਤ ਮੰਤਰੀ ਵੱਲੋਂ ਕਿਸ ਗੱਲੋਂ ਲਾਰਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ।
ਇਸ ਸਬੰਧ ’ਚ ਸਾਹਮਣੇ ਆਈ ਜਾਣਕਾਰੀ ਮੁਤਾਬਕ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਭਾਗ ਦੌਰਾਨ ਤੱਤਕਾਲੀ ਸਿੱਖਿਆ ਸਕੱਤਰ ਨੇ 180 ਅਧਿਆਪਕਾਂ ’ਤੇ ਧੱਕੇ ਨਾਲ ਕੇਂਦਰੀ ਸਕੇਲ ਮੜ੍ਹ ਦਿੱਤੇ ਸਨ। ਇੰਨ੍ਹਾਂ ਅਧਿਆਪਕਾਂ ਵੱਲੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੇਂਦਰੀ ਸਕੇਲ ਰੱਦ ਕਰਕੇ ਇਹ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਸਮੇਤ ਕੁੱਝ ਦੂਸਰੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਜਾ ਰਹੀ ਹੈ। ਮਹੱਤਵਪੂਰਨ ਤੱਥ ਹੈ ਕਿ ਇੰਨ੍ਹਾਂ ਅਧਿਆਪਕਾਂ ਦੀ ਜੱਥੇਬੰਦੀ ਈ ਟੀ ਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੇ ਆਗੂਆਂ ਦੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨਾਲ ਵੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਅਧਿਆਪਕ ਆਖਦੇ ਹਨ ਕਿ ਉਨ੍ਹਾਂ ਨੂੰ ਹਰ ਵਾਰ ਲਾਰਾ ਲਾਕੇ ਮੋੜਿਆ ਜਾਂਦਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟਣ ਕਾਰਨ ਸਖਤ ਫੈਸਲਾ ਲੈਣਾ ਪਿਆ ਹੈ।
ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਨਸੀਹਤ ਦਿੱਤੀ ਕਿ ਸਿੱਖਿਆ ਵਿਭਾਗ ਵੱਲੋਂ ਕੇਂਦਰੀ ਸਕੇਲਾਂ ‘ਚ ਨੂੜੇ 180 ਅਧਿਆਪਕਾਂ ਨੂੰ ਫਾਡੀ ਬਣਾਕੇ ਕੀਤੀ ਜਾ ਰਹੀ ਬੇਇਨਸਾਫੀ ਦੇ ਖਾਤਮੇ ਲਈ ਵਿੱਤ ਮੰਤਰੀ ਢੁੱਕਵੀਂ ਪਹਿਲਕਦਮੀ ਕਰਨ। ਆਮ ਆਦਮੀ ਪਾਰਟੀ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਅਤੇ 180 ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਯਾਦ ਦਿਵਾਉਂਦਿਆਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਸੱਤਾ ਤੇ ਕਾਬਜ ਹੋਕੇ ਕੀਤੀਬੇਵਫਾਈ ਦਾ ਮੁੱਲ ਵਿਧਾਨ ਚੋਣਾਂ ਮੌਕੇ ਤਾਰਨਾ ਪਵੇਗਾ। ਗੌਰਤਲਬ ਹੈ ਕਿ ਕਾਂਗਰਸ ਸਰਕਾਰ ਦੌਰਾਨ ਇੱਕ ਅਧਿਆਪਕ 27 ਨਵੰਬਰ 2021 ਨੂੰ ਐਮਐਲਏ ਹੋਸਟਲ ਵਿਚਲੇ ਮੋਬਾਈਲ ਟਾਵਰ ’ਤੇ ਪੈਟਰੋਲ ਦੀ ਬੋਤਲ ਸਮੇਤ ਚੜ੍ਹ ਗਿਆ ਸੀ। ਸਭ ਤੋਂ ਪਹਿਲਾਂ ਮੌਕੇ ’ਤੇ ਪੁੱਜੇ ਤੱਤਕਾਲੀ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਰਕਾਰ ਆਉਣ ’ਤੇ ਅਧਿਆਪਕਾਂ ਨਾਲ ਬੇਇਨਸਾਫੀ ਦੂਰ ਕਰਨ ਦਾ ਵਾਅਦਾ ਕੀਤਾ ਸੀ।
ਵਿੱਤ ਮੰਤਰੀ ਨੂੰ ਅਪੀਲ
ਅਧਿਆਪਕ ਆਖਦੇ ਹਨ ਕਿ ਤਕਰੀਬਨ 4 ਸਾਲ ਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਸਜਿਸ਼ ਤਹਿਤ 180 ਅਧਿਆਪਕਾਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦਾ ਸਬਰ ਨਾ ਪਰਖੇ ਸਗੋਂ ਸਿਆਸੀ ਲਾਹੇ ਲਈ ਨਿੱਤ ਰੁੱਝੇ ਰਹਿਣ ਵਾਲੇ ਵਿੱਤ ਮੰਤਰੀ 180 ਅਧਿਆਪਕਾਂ ਨੂੰ ਵੀ ਦਰਸ਼ਨ ਦੇਣ ਅਤੇ ਉਨ੍ਹਾਂ ਦੀ ਪੰਜਾਬ ਦੇ ਸਕੇਲ ਲਾਗੂ ਕਰਨ ਵਾਲੀ ਹੱਕੀ ਤੇ ਜਾਇਜ਼ ਮੰਗ ਦਾ ਨਿਪਟਾਰਾ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗ ਪ੍ਰਵਾਨ ਹੋਣ ਤੱਕ ਵਿੱਤ ਮੰਤਰੀ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ।
ਟੈਂਕੀਆਂ ਨੇ ਖੋਲ੍ਹੇ ਜਿੱਤ ਦੇ ਰਾਹ
ਜਿਸ ਯੂਨੀਅਨ ਨਾਲ ਇਹ ਅਧਿਆਪਕ ਸਬੰਧਤ ਹਨ ਉਸ ਨੂੰ ਉਚਾਈਆਂ ਤੋਂ ਫਤਿਹ ਪ੍ਰਾਪਤ ਕਰਨ ਦਾ ਪੁਰਾਣਾ ਤਜ਼ਰਬਾ ਹੈ। ਜੱਥੇਬੰਦੀ 3 ਨਵੰਬਰ 2016 ਨੂੰ ਪੰਜਾਬ ਭਵਨ ਨੇੜਲੇ ਟਾਵਰ ਤੇ ਚੜ੍ਹਕੇ ਰੁਜ਼ਗਾਰ ਦੀ ਜੰਗ ਜਿੱਤੀ ਸੀ। ਇਸ ਜੱਥੇਬੰਦੀ ਦੀ ਅਗਵਾਈ ਹੇਠ ਅਧਿਆਪਕ ਜੋ ਤੱਤਕਾਲੀ ਬੇਰੁਜ਼ਗਾਰ ਸਨ ਭਰਤੀ ਦੀ ਮੰਗ ਨੂੰ ਲੈਕੇ ਬਠਿੰਡਾ ਬਾਦਲ ਰੋਡ ’ਤੇ ਪਿੰਡ ਜੈ ਸਿੰਘ ਵਾਲਾ ਦੀ ਟੈਂਕੀ ਤੇ ਚੜ੍ਹੇ ਸਨ ਅਤੇ ਸੁਰੱਖਿਆ ਦੇ ਪੱਖ ਤੋਂ ਬੇਹੱਦ ਨਾਜ਼ੁਕ ਪਿੰਡ ਬਾਦਲ ’ਚ ਬਾਦਲ ਪ੍ਰੀਵਾਰ ਦੀ ਰਿਹਾਇਸ਼ ਤੋਂ ਕੁੱਝ ਦੂਰੀ ’ਤੇ ਜਲ ਘਰ ਦੀ ਟੈਂਕੀ ’ਤੇ ਕਬਜਾ ਕਰ ਲਿਆ ਸੀ। ਇਹ ਬੇਰੁਜ਼ਗਾਰ ਬਠਿੰਡਾ ਦੇ ਟੀਵੀ ਟਾਵਰ ਤੇ ਚੜ੍ਹ ਗਏ ਸਨ ਜਿੰਨ੍ਹਾਂ ਨੂੰ ਮਿਨਤਾਂ ਤਰਲਿਆਂ ਤੋਂ ਬਾਅਦ ਹੀ ਹੇਠਾਂ ਲਾਹਿਆ ਗਿਆ ਸੀ।
Click to Follow Babushahi Facebook page →
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com