Babushahi Special ਅਮਿਤ ਸ਼ਾਹ ਦੀ ਦੋ ਟੁੱਕ : ਯਾਰੀ ਲੱਗੀ ਤੋਂ ਹੁੰਦਾ ਸੀ ਖੰਡ ਵਰਗਾ ਵੇ, ਟੁੱਟ ਕੇ ਸ਼ਰੀਕ ਬਣ ਗਿਆ
ਅਸ਼ੋਕ ਵਰਮਾ
ਬਠਿੰਡਾ, 14 ਮਾਰਚ 2026 : ਪੰਜਾਬ ’ਚ ਬਦਲਾਅ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਸਬੰਧੀ ਲਾਈਆਂ ਜਾ ਰਹੀਆਂ ਕਿਆਸ ਅਰਾਈਆਂ ਨੂੰ ਟੇਢੇ ਢੰਗ ਨਾਲ ਰੱਦ ਕਰਨ ਤੋਂ ਬਾਅਦ ਹੁਣ ਸਾਲ ਵਿਧਾਨ ਸਭਾ ਚੋਣਾਂ 2027 ਦੋਵਾਂ ਧਿਰਾਂ ਲਈ ਸਿਆਸੀ ਧਰਾਤਲ ’ਤੇ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੀਆਂ। ਭਾਜਪਾ 1998 ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਚੋਣ ਪਿੜ ’ਚ 2024 ਲੋਕ ਸਭਾ ਚੋਣਾਂ ’ਚ ਇਕੱਲੀ ਨਿੱਤਰੀ ਸੀ ਅਤੇ ਹੁਣ ਗ੍ਰਹਿ ਮੰਤਰੀ ਦੀ ਕੋਰੀ ਨਾਂਹ ਤੋਂ ਬਾਅਦ ਮਿਸ਼ਨ 2027 ’ਚ ਆਪਣੇ ਦਮ ’ਤੇ ਨਿੱਤਰੇਗੀ। ਸ਼ਾਹ ਨੇ ਕਿਹਾ ਹੈ ਕਿ ਹੁਣ ਭਾਜਪਾ ਪੰਜਾਬ ਵਿੱਚ ‘ਛੋਟੇ ਭਰਾ ਵਜੋਂ ਨਹੀਂ, ਸਗੋਂ ਆਪਣੇ ਦਮ ’ਤੇ ਮੈਦਾਨ ਵਿੱਚ ਉਤਰੇਗੀ। ਹਾਲਾਂਕਿ ਰਾਜਨੀਤੀ ’ਚ ਕਿਸੇ ਵੀ ਵਕਤ ਕੁੱਝ ਵੀ ਸੰਭਵ ਹੈ ਪਰ ਗ੍ਰਹਿ ਮੰਤਰੀ ਨੇ ਇੱਕ ਵਾਰ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਵਿਰਾਮ ਲਾ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ’ਚ ਹੋਈਆਂ ਜਿਮਨੀ ਚੋਣਾਂ ਦੌਰਾਨ ਅਕਾਲੀ ਦਲ ਤੇ ਭਾਜਪਾ ਦੇ ਰਾਹ ਵੱਖੋ ਵੱਖਰੇ ਸਨ । ਭਾਜਪਾ ਹੁਣ 117 ਵਿਧਾਨ ਸਭਾ ਸੀਟਾਂ ’ਤੇ ਆਪਣਾ ਸਿਆਸੀ ਵਜ਼ਨ ਤੋਲੇਗੀ। ਦਰਅਸਲ ਪੰਜਾਬ ਵਿੱਚ ਭਾਜਪਾ ਲੰਬੇ ਸਮੇਂ ਤੋਂ ਸ਼ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਸਿਆਸਤ ਕਰਦੀ ਆ ਰਹੀ ਸੀ। ਗੱਠਜੋੜ ਮੌਕੇ ਸ਼ਰੋਮਣੀ ਅਕਾਲੀ ਦਲ ਵਿਧਾਨ ਸਭਾ ਦੀਆਂ 94 ਸੀਟਾਂ ਅਤੇ ਭਾਜਪਾ 23 ਹਲਕਿਆਂ ’ਚ ਚੋਣ ਲੜਦੀ ਸੀ। ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਭਾਜਪਾ ਗਠਜੋੜ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 117 ਸੀਟਾਂ ਤੋਂ 75 ਅਤੇ ਭਾਜਪਾ ਨੂੰ 18 ਸੀਟਾਂ ਮਿਲੀਆਂ ਸਨ। ਇਸੇ ਤਰ੍ਹਾਂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 41 ਅਤੇ ਭਾਜਪਾ ਨੂੰ 3 ਸੀਟਾਂ ’ਤੇ ਸਫਲਤਾ ਮਿਲੀ ਸੀ ਫਿਰ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ 49 ਅਤੇ ਭਾਜਪਾ ਨੂੰ 19 ਸੀਟਾਂ ਮਿਲੀਆਂ ਸਨ।
ਸਾਲ 2012 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 56, ਭਾਰਤੀ ਜਨਤਾ ਪਾਰਟੀ ਨੂੰ 12 ਸੀਟਾਂ ’ਤੇ ਬਹੁਮਤ ਹਾਸਲ ਹੋਇਆ ਅਤੇ ਪੰਜਾਬ ਵਿੱਚ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ ਸੀ। ਸਾਲ 2017 ਵਿੱਚ ਅਕਾਲੀ-ਭਾਜਪਾ ਗੱਠਜੋੜ ਨੂੰ 18 ਸੀਟਾਂ ਹੀ ਮਿਲ ਸਕੀਆਂ ਸਨ। ਸਾਲ 2022 ’ਚ ਅਕਾਲੀ ਦਲ ਨੂੰ ਤਿੰਨ ਅਤੇ ਭਾਜਪਾ ਨੂੰ ਇੱਕ ਸੀਟ ਨਾਲ ਹੀ ਸਬਰ ਕਰਨਾ ਪਿਆ ਸੀ ਪਰ 6.6 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ। ਭਾਜਪਾ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਾਬਕਾ ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਅਤੇ ਸ਼ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲਕੇ ਲੜੀਆਂ ਸਨ । ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦਾ ਗ੍ਰਾਫ਼ ਲਗਾਤਾਰ ਡਿੱਗਦਾ ਹੀ ਚਲਾ ਗਿਆ। ਇਸੇ ਤਰਾਂ ਹੀ ਲੋਕ ਸਭਾ ਦੀਆਂ 10 ਸੀਟਾਂ ਤੋਂ ਚੋਣ ਲੜਦਾ ਰਿਹਾ ਹੈ ਜਦੋਂਕਿ ਭਾਜਪਾ ਦੇ ਹਿੱਸੇ ਹਮੇਸ਼ਾ ਤਿੰਨ ਸੀਟਾਂ ਰਹੀਆਂ ਹਨ।
ਵੇਰਵਿਆਂ ਅਨੁਸਾਰ ਸਾਲ 2019 ਅਤੇ 2014 ਦੀਆਂ ਚੋਣਾਂ ਵਿਚ ਭਾਜਪਾ ਨੇ ਦੋ-ਦੋ ਸੀਟਾਂ ਜਿੱਤੀਆਂ ਸਨ ਜਦੋਂ ਕਿ ਸ਼ਰੋਮਣੀ ਅਕਾਲੀ ਦਲ ਨੇ ਕ੍ਰਮਵਾਰ 2 ਅਤੇ ਚਾਰ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਸਾਲ 2024 ਦੀਆਂ ਲੋਕ ਸਭਾ ਚੋਣਾਂ ਮੌਕੇ ਭਾਜਪਾ ਇਕੱਲੇ ਤੌਰ ’ਤੇ ਨਿੱਤਰੀ ਸੀ। ਇਸ ਮੌਕੇ 13 ਵਿੱਚੋਂ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਸੀ, ਪਰ ਵੋਟ ਫ਼ੀਸਦੀ 18.56 ਫ਼ੀਸਦੀ ਹੋ ਗਿਆ ਸੀ। ਇਸ ਅੰਕੜੇ ਦਾ ਜਿਕਰ ਕਰਦਿਆਂ ਅਮਿਤ ਸ਼ਾਹ ਨੇ ਦਾਅਵਾ ਠੋਕਿਆ ਕਿ ਜਿੱਥੇ ਭਾਜਪਾ ਦਾ ਵੋਟ ਪ੍ਰਤੀਸ਼ਤ 19 ਫੀਸਦੀ ਹੋਇਆ ਉੱਥੇ ਭਾਜਪਾ ਦੀ ਸਰਕਾਰ ਬਣੀ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਭਾਜਪਾ ਨੂੰ 6.39 ਫ਼ੀਸਦੀ ਅਤੇ ਸਮਿਤੀ ਚੋਣਾਂ ’ਚ 6.41 ਫ਼ੀਸਦੀ ਵੋਟ ਮਿਲੇ ਹਨ ਜਿਸ ਨੂੰ ਭਾਜਪਾ ਦਿਹਾਤੀ ਖੇਤਰੀ ’ਚ ਆਪਣੇ ਪੈਰ ਪਸਾਰਨ ’ਚ ਸਫਲਤਾ ਵਜੋਂ ਦੇਖ ਰਹੀ ਹੈ। ਉਸ ਮਗਰੋਂ ਭਾਜਪਾ ਵੱਲੋਂ ਪੰਜਾਬ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਵੋਟ ਪ੍ਰਤੀਸ਼ਤ ਵਧਣ ਨੂੰ ਭਾਜਪਾ ਜ਼ੋਰ-ਸ਼ੋਰ ਨਾਲ ਪ੍ਰਚਾਰ ਰਹੀ ਹੈ ਪਰ ਜ਼ਿਮਨੀ ਚੋਣਾਂ ਵਿੱਚ ਅਸਫਲਤਾ ਕਰਕੇ ਪਾਰਟੀ ਮੁੜ ਹਾਸ਼ੀਏ ’ਤੇ ਆਉਂਦੀ ਦਿਖਾਈ ਦੇ ਰਹੀ ਹੈ। ਪੰਜਾਬ ਵਿੱਚ ਸਿੱਖ ਭਾਈਚਾਰੇ ਦੀ ਕਰੀਬ 57 ਫੀਸਦੀ ਅਤੇ ਹਿੰਦੂ ਭਾਈਚਾਰੇ ਦੀ 38 ਫੀਸਦੀ ਆਬਾਦੀ ਹੈ। ਭਾਜਪਾ ਦੀ ਕੋਸ਼ਿਸ਼ ਰਹੇਗੀ ਕਿ ਸ਼ਹਿਰੀ ਖਾਸ ਕਰਕੇ ਹਿੰਦੂ ਭਾਈਚਾਰੇ ਦੀਆਂ ਵੋਟਾਂ ਨੂੰ ਇੱਕੋ ਮੋਰੀ ਕੱਢਿਆ ਜਾਵੇ। ਭਾਜਪਾ ਨੂੰ ਨਰਿੰਦਰ ਮੋਦੀ ਦੀਆਂ ਵਿਕਾਸ ਪ੍ਰਾਪਤੀਆਂ ’ਤੇ ਭਰੋਸਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਪੰਜਾਬ ਵਿੱਚ ਕਾਮਯਾਬ ਆਸ ਹੈ । ਦੂਜੇ ਪਾਸੇ ਅਕਾਲੀ ਦਲ ਰੈਲੀਆਂ ਰਾਹੀਂ ਆਪਣੇ ਟਕਸਾਲੀ ਵੋਟ ਬੈਂਕ ’ਤੇ ਧਿਆਨ ਕੇਂਦਰਿਤ ਕਰਨ ਲੱਗਿਆ ਹੈ ਤਾਂ ਜੋ ਕਿਸਾਨਾਂ ਅਤੇ ਪੰਥਕ ਵੋਟ ਬੈਂਕ ਨੂੰ ਮੁੜ ਨਾਲ ਜੋੜਿਆ ਜਾ ਸਕੇ। ਦੇਖਣਾ ਹੋਵੇਗਾ ਕਿ ਕਿਸਾਨੀ ਅਕਾਲੀ ਦਲ ਦਾ ਕਿੰਨਾ ਕੁ ਸਾਥ ਦਿੰਦੀ ਹੈ ਅਤੇ ਸ਼ਾਹ ਦੀ ਸਿਆਸੀ ਰੈਲੀ ਭਾਜਪਾ ’ਚ ਕਿੰਨੀ ਜਾਨ ਪਾਉਂਦੀ ਹੈ ।
ਦੋਵਾਂ ਸਿਰ ਚੁਣੌਤੀਆਂ ਦੀ ਪੰਡ
ਸਿਆਸੀ ਹਲਕੇ ਆਖਦੇ ਹਨ ਕਿ ਸ਼ਰੋਮਣੀ ਅਕਾਲੀ ਦਲ ਲਈ ਆਪਣੇ ਟਕਸਾਲੀ ਵੋਟ ਬੈਂਕ ਦਾ ਭਰੋਸਾ ਜਿੱਤਣਾ ਮੁੱਖ ਚੁਣੌਤੀ ਹੈ ਤਾਂ ਭਾਜਪਾ ਲਈ ਕਿਸਾਨਾਂ ਦੇ ਦਿਲ ਜਿੱਤਣੇ ਚੁਣੌਤੀਆਂ ਦੀ ਪੰਡ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਵਿਚਕਾਰ ਮੁੜ ਤੋਂ ਗਠਜੋੜ ਹੋ ਜਾਂਦਾ ਹੈ ਤਾਂ ਦੋਵੇਂ ਪਾਰਟੀਆਂ ਦੀ ਸਿਆਸੀ ਹੋਂਦ ਬਚ ਸਕਦੀ ਹੈ।
Click to Follow Babushahi Facebook page →