Babushahi Special: ਜ਼ਿਮਨੀ ਚੋਣ: ਚਾਹ ਦੀਆਂ ਚੁਸਕੀਆਂ ਤੇ ਠੰਢਿਆਂ ਦੀਆਂ ਡੁਬਕੀਆਂ ਨੇ ਫੂਕੇ ਲੀਡਰਾਂ ਦੇ ਢਿੱਡ
ਅਸ਼ੋਕ ਵਰਮਾ
ਲੁਧਿਆਣਾ, 8 ਜੂਨ 2025: ਲੁਧਿਆਣਾ ਪੱਛਮੀ ਹਲਕੇ ਦੀ ਚੋਣ ਦੇ ਪ੍ਰਚਾਰ ਦੌਰਾਨ ਵੋਟਰਾਂ ਦੀ ਫਰਮਾਇਸ਼ ਨੂੰ ਮੁੱਖ ਰੱਖਦਿਆਂ ਲਾਈਆਂ ਚਾਹ ਦੀਆਂ ਚੁਸਕੀਆਂ ਨੇ ਜਿੱਥੇ ਲੀਡਰਾਂ ਅਤੇ ਚੋਣ ਪ੍ਰਚਾਰਕਾਂ ਦੇ ਢਿੱਡ ਫੂਕਣੇ ਸ਼ੁਰੂ ਕਰ ਦਿੱਤੇ ਹਨ ਉੱਥੇ ਹੀ ਠੰਢਿਆਂ ਨੇ ਉਨ੍ਹਾਂ ਦੇ ਗਲਿਆਂ ਤੇ ਮਾਰੂ ਅਸਰ ਪਾਇਆ ਹੈ। ਪੱਛਮੀ ਹਲਕੇ ’ਚ ਮੁਕਾਬਲਾ ਸਖਤ ਹੋਣ ਕਾਰਨ ਐਤਕੀਂ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਨੂੰ ਚਾਹ ਪਾਣੀ ਪਿੱਛੇੇ ਨਰਾਜ਼ ਨਾਂ ਕੀਤਾ ਜਾਏ। ਕਈ ਆਗੂ ਤਾਂ ਅਜਿਹੇ ਹਨ ਜਿੰਨ੍ਹਾਂ ਦੀ ਗਰਮ ਸਰਦ ਹੋਣ ਕਾਰਨ ਆਵਾਜ਼ ਬਦਲ ਗਈ ਹੈ। ਦੇਖਣ ’ਚ ਆਇਆ ਕਿ ਵੋਟਰਾਂ ਨੂੰ ਆਪਣੀ ਪਾਰਟੀ ਦੇ ਹੱਕ ਵਿੱਚ ਕਰਨ ਲਈ ਨੇਤਾਵਾਂ ਨੂੰ ਪੂਰਾ ਪੂਰਾ ਦਿਨ ਭਾਸ਼ਣ ਅਤੇ ਅਕਸਰ ਦੇਰ ਰਾਤ ਤੱਕ ਬੋਲਣਾ ਪੈ ਰਿਹਾ ਹੈ ਜੋ ਸਮੱਸਿਆ ਦਾ ਕਾਰਨ ਬਣਿਆ ਹੈ।
ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਕ ’ਚ ਲੁਧਿਆਣਾ ਪ੍ਰਚਾਰ ਕਰਨ ਲਈ ਪੁੱਜੇ ਅੱਧੀ ਦਰਜਨ ਪ੍ਰਚਾਰਕਾਂ ਦੀ ਪ੍ਰਚਾਰ ਦੌਰਾਨ ਅਵਾਜ਼ ’ਚ ਤਬਦੀਲੀਆਂ ਸਾਫ ਨਜ਼ਰ ਆਉਣ ਲੱਗੀਆਂ ਹਨ। ਉਹ ਦੱਸਦੇ ਹਨ ਕਿ ਪ੍ਰਚਾਰ ਦੌਰਾਨ ਜਦੋਂ ਕੋਈ ਪ੍ਰੀਵਾਰ ਚਾਹ ਜਾਂ ਠੰਢੇ ਦੀ ਪੇਸ਼ਕਸ਼ ਕਰਦਾ ਹੈ ਤਾਂ ਨਰਾਜ਼ ਵੀ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਲਕੇ ’ਚ ਬਹੁਤੇ ਪ੍ਰੀਵਾਰ ਅਜਿਹੇ ਮਿਲੇ ਹਨ ਜਿੰਨ੍ਹਾਂ ਨੇ ਚਾਹ ਪੀਤੇ ਬਗੈਰ ਅੱਗੇ ਜਾਣ ਹੀ ਨਹੀਂ ਦਿੱਤਾ। ਚੇਅਰਮੈਨ ਅਮਰਦੀਪ ਸਿੰਘ ਰਾਜਨ ਦਾ ਕਹਿਣਾ ਸੀ ਕਿ ਲੋਕਾਂ ਦੇ ਪਿਆਰ ਕਾਰਨ ਹਰ ਚਾਹ ਜਾਂ ਠੰਢਾ ਪੀਣਾ ਪੈਂਦਾ ਹੈ ਜੋ ਕਈ ਵਾਰ ਪੇਟ ਦੀ ਖਰਾਬੀ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਇਹੋ ਪਿਆਰ ਸਤਿਕਾਰ ਕਾਫੀ ਹੱਦ ਤੱਕ ਇਹ ਦਰਸਾਉਂਦਾ ਹੈ ਕਿ ਪਾਰਟੀ ਦੇ ਉਮੀਦਵਾਰ ਦੀ ਸਥਿਤੀ ਕਿਹੋ ਜਿਹੀ ਹੈ।

ਇਹੋ ਜਿਹਾ ਹਾਲ ਹੋਰਨਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਹੈ ਜੋ ਆਮ ਦਿਨਾਂ ਵਿੱਚ ਸਿਰਫ1- 2 ਕੱਪ ਚਾਹ ਪੀਂਦੇ ਹਨ ਪ੍ਰੰਤੂ ਚੋਣ ਪ੍ਰਚਾਰ ਵਿੱਚ ਵੋਟਰਾਂ ਨੂੰ ਨਰਾਜ਼ ਨਾਂ ਕਰਨ ਦੀ ਮਜ਼ਬੂਰੀ ਪੂਰਾ ਦਿਨ ਚਾਹ ਠੰਢਿਆਂ ਵਿੱਚ ਬੀਤਣ ਲੱਗਾ ਹੈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਖੰਨਾ ਦੇ ਨੌਜਵਾਨ ਜਸਵਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਪੂਰੀ ਤਰਾਂ ਗੁਰੇਜ਼ ਕਰਨ ਦੇ ਬਾਵਜੂਦ ਰੋਜਾਨਾ ਕਾਫੀ ਚਾਹ ਪੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਕਈ ਵਾਰ ਮਨ੍ਹਾਂ ਕਰਨ ਤੋਂ ਬਾਅਦ ਵੀ ਜਦੋਂ ਕੋਈ ਸਮਰਥਕ ਠੰਢਾ ਪਿਆ ਦਿੰਦਾ ਹੈ ਤਾਂ ਇਹ ਗਲੇ ਲਈ ਮਾਰੂ ਸਿੱਧ ਹੋਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਹਿਗੱਚ ਸਿਆਸੀ ਲੜਾਈ ਦੌਰਾਨ ਚਾਹ ਦੇ ਕੱਪ ਪਿਛੇ ਕਿਸੇ ਨੂੰ ਨਰਾਜ਼ ਵੀ ਤਾਂ ਨਹੀਂ ਕੀਤਾ ਜਾ ਸਕਦਾ ਹੈ।
ਇਸ ਸਿਆਸੀ ਜੰਗ ਦੌਰਾਨ ਆਪਣੇ ਪੇਟ ਅਤੇ ਗਲੇ ਨੂੰ ਠੀਕ ਰੱਖਣ ਲਈ ਕੋਈ ਪਾਣੀ ਦੇ ਗਰਾਰੇ ਕਰ ਰਿਹਾ ਤੇ ਕਈ ਦੇਸੀ ਦਵਾਈਆਂ ਨਾਲ ਇਲਾਜ ਕਰਵਾ ਰਹੇ ਹਨ। ਲੁਧਿਆਣੇ ਦੇ ਨੌਜਵਾਨ ਰਾਜ ਕੁਮਾਰ ਦਾ ਕਹਿਣਾ ਸੀ ਕਿ ਪੁੱਛੋ ਨਾਂ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਦਰਮਿਆਨ ਤੇਜਾਬੀ ਮਾਦਾ ਖਤਮ ਕਰਨ ਵਾਲੀਆਂ ਗੋਲੀਆਂ ਤੇ ਕੈਪਸੂਲ ਹੀ ਸਹਾਰਾ ਬਣਨ ਲੱਗੇ ਹਨ। ਉਨ੍ਹਾਂ ਦੱਸਿਆ ਕਿ ਕਈ ਮਹਿਲਾ ਸਮਰਥਕਾਂ ਸੁਆਲੀਨ ਗੋਲੀਆਂ ਦੀ ਵਰਤੋਂ ਕਰਦੀਆਂ ਹਨ ਜਦੋਂਕਿ ਕੁੱਝ ਦੇਸੀ ਢੰਗਾਂ ਨਾਲ ਗਲਾ ਸਹੀ ਕਰਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾਂ ਕੁ ਠੀਕ ਹੁੰਦਾ ਹੈ ਓਨਾ ਹੀ ਫਿਰ ਖਰਾਬ ਹੋ ਜਾਂਦਾ ਹੈ। ਮਹਿਲਾ ਰਣਜੀਤ ਕੌਰ ਆਖਦੀ ਹੈ ਕਿ ਲਗਾਤਾਰ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਸਾਫ ਤੌਰ ਤੇ ਆਪਣੀ ਹੀ ਅਵਾਜ਼ ਦੀ ਪਛਾਣ ਆਉਣਾ ਹਟ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀ ਪ੍ਰਚਾਰਕ ਜੰਲਧਰ ਤੋਂ ਲੁਧਿਆਣਾ ਆਏ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਚਾਹ ਅਤੇ ਠੰਢੇ ਪਾਣੀ ਜਾਂ ਹੋਰ ਪਦਾਰਥਾਂ ਨੇ ਕਾਫੀ ਬਿਪਤਾ ਪਾ ਰੱਖੀ ਹੈ। ਉਨ੍ਹਾਂ ਕਿਹਾ ਕਿ ਮਜਬੂਰੀ ਕਾਰਨ ਉਹ ਗਰਮੀ ਦੇ ਬਾਵਜੂਦ ਰੋਜ਼ਾਨਾ ਅੱਧੀ ਦਰਜਨ ਤੋਂ ਉਪਰ ਕੱਪ ਚਾਹ ਦੇ ਪੀ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਸਵੇਰ ਸ਼ਾਮ ਤੇਜ਼ਾਬ ਬਣਨ ਤੋਂ ਰੋਕਣ ਵਾਲੀ ਦਵਾਈ ਲੈਂਦੇ ਹਨ ਅਤੇ ਚਾਹ ਦਾ ਪ੍ਰਭਾਵ ਘਟਾਉਣ ਖਾਤਰ ਉਹ ਵਧੇਰੇ ਮਾਤਰਾ ’ਚ ਸਾਦਾ ਪਾਣੀ ਪੀਣ ਨੂੰ ਤਰਜੀਹ ਦੇ ਰਹੇ ਹਨ। ਅਕਾਲੀ ਸਮਰਥਕ ਹਰਿੰਦਰ ਸਿੰਘ ਨੇ ਕਿਹਾ ਕਿ ਸਖਤ ਟੱਕਰ ਕਰਕੇ ਪ੍ਰਚਾਰ ਦੌਰਾਨ ਪੂਰਾ ਦਬਾਅ ਗਲੇ ਤੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਮਰਥਕਾਂ ਵੱਲੋਂ ਜੋਰ ਪਾਉਣ ਤੇ ਦੋ ਦਿਨ ਪਹਿਲਾਂ ਪਕੌੜੇ ਖਾਣੇ ਪਏ ਜਿਨ੍ਹਾਂ ਨੇ ਅਵਾਜ਼ ਤੇ ਬੁਰਾ ਅਸਰ ਪਾਇਆ ਅਤੇ ਦਵਾਈ ਖਾਣੀ ਪਈ ਹੈ।
ਲੀਡਰਾਂ ਨੂੰ ਨੀਂਦਰਾਂ ਨੀਂ ਆਉਂਦੀਆਂ
ਲੁਧਿਆਣਾ ਪੱਛਮੀ ਹਲਕੇ ਵਿੱਚ ਉਮੀਦਵਾਰਾਂ ਦੀ ਨੀਂਦ ਜਿਮਨੀ ਚੋਣ ਵਿਚਲੇ ਸਿਆਸੀ ਸਮੀਕਰਨਾਂ ਨੇ ਉਡਾ ਦਿੱਤੀ ਹੈ। ਚੋਣ ਪ੍ਰਚਾਰ ਦੇ ਬੋਝ ਕਾਰਨ ਬਹੁਤੇ ਉਮੀਦਵਾਰਾਂ ਨੂੰ ਪੂਰੀ ਤਰਾਂ ਸੌਣਾ ਨਸੀਬ ਨਹੀਂ ਹੋ ਰਿਹਾ ਹੈ। ਇਹ ਉਮੀਦਵਾਰ ਤਾਂ ਸੌਣ ਮਗਰੋਂ ਵੀ ਜਾਦਿਆਂ ਵਾਂਗ ਰਹਿੰਦੇ ਹਨ ਕਿਉਕਿ ਜਲਦੀ ਉਠਣ ਦਾ ਫਿਕਰ ਢੰਗ ਸਿਰ ਨੀਂਦ ਹੀ ਨਹੀਂ ਆਉਣ ਦਿੰਦਾ। ਐਤਕੀਂ ਫਸਵਾਂ ਮੁਕਾਬਲਾ ਹੋਣ ਕਰਕੇ ਉਮੀਦਵਾਰਾਂ ਲਈ ਵੋਟਾਂ ਪੈਣ ਤੱਕ ਨੀਂਦਰਾਂ ਦੂਰ ਦੀ ਗੱਲ ਬਣੀਆਂ ਹੋਈਆਂ ਹਨ। ਜਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਉਮੀਦਵਾਰ ਰੋਜ਼ਾਨਾ ਢਾਈ ਤਿੰਨ ਘੰਟੇ ਹੀ ਸੌ ਰਹੇ ਹਨ।