Babushahi Special: ਕਾਹਦਾ ਮਾਂ ਦਿਵਸ: ਕਰਜ਼ੇ ਦੀ ਪੰਡ ਤੇ ਕੈਂਸਰ ਨੇ ਝੰਬੀਆਂ ਮਾਵਾਂ ਤਾਂ ਦੱਸੋ ਕੌਣ ਮੰਗੇ ਦੁਆਵਾਂ
ਅਸ਼ੋਕ ਵਰਮਾ
ਬਠਿੰਡਾ,11 ਮਈ 2025 : ਮਾਲਵੇ ਦੀ ਜਰਖੇਜ਼ ਭੂਮੀ ਵਜੋਂ ਜਾਣੀ ਜਾਂਦੀ ਕਪਾਹ ਪੱਟੀ ’ਚ ਮਾਵਾਂ ਤੋਂ ਬਿਨਾਂ ਘਰ ਖਾਲ੍ਹੀ ਹਨ। ਇਨ੍ਹਾਂ ਘਰਾਂ ’ਚ ਹੁਣ ਜ਼ਿੰਦਗੀ ਨਹੀਂ ਧੜਕਦੀ ਤੇ ਨਾਂ ਹੀ ਹਰ ਸਾਲ ਆਉਣ ਵਾਲੇ ਮਾਂ ਦਿਵਸ ਦਾ ਕੋਈ ਮਹੱਤਵ ਹੈ। ਕਿਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਪੁੱਤਾਂ ਕੋਲੋਂ ਮਾਵਾਂ ਖੋਹ ਲਈਆਂ ਹਨ ਜਦੋਂ ਕਿ ਰੁੱਸ ਗਏ ਖੇਤਾਂ ਨੇ ਮਾਵਾਂ ਕੋਲੋਂ ਪੁੱਤ ਖੋਹਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਸੰਤਾਪ ਭੋਗ ਰਹੇ ਇਨ੍ਹਾਂ ਘਰਾਂ ’ਚ ਸੁੰਨ ਪਸਰੀ ਹੋਈ ਹੈ। ਅੱਖਾਂ ਵਿਚ ਅੱਥਰੂ ਤੇ ਉਦਾਸ ਚਿਹਰੇ ਇੰਨ੍ਹਾਂ ਦੇ ਦੁੱਖਾਂ ਦੀ ਪੰਡ ਦੇ ਗਵਾਹ ਹਨ। ਵੱਡੀ ਗੱਲ ਹੈ ਕਿ ਇੰਨ੍ਹਾਂ ਮਾਵਾਂ ਦੀ ਜਿੰਦਗੀ ਦਾ ਪ੍ਰਛਾਵਾਂ ਤਾਂ ਢਲ ਚੱਲਿਆ ਹੈ ਪਰ ਦੁੱਖ ਹਾਲੇ ਵੀ ਜਵਾਨ ਹਨ। ਸਿਰਫ ਚੋਣਾਂ ਵੇਲੇ ਇਨ੍ਹਾਂ ਅੱਗੇ ਹੱਥ ਜੁੜਦੇ ਹਨ। ਮੁੜ ਇਨ੍ਹਾਂ ਘਰਾਂ ਵੱਲ ਕੋਈ ਨਹੀਂ ਝਾਕਦਾ ਹੈ।
ਬਠਿੰਡਾ ਜਿਲ੍ਹੇ ਦੇ ਦੋ ਨੌਜਵਾਨ ਅਜਿਹੇ ਹਨ ਜਿੰਨ੍ਹਾਂ ਨੂੰ ਹੁਣ ਘਰ ਖਾਲ੍ਹੀ ਖਾਲ੍ਹੀ ਲੱਗਦੇ ਹਨ। ਬੀਕਾਨੇਰੋਂ ਮੁੜਨ ਤੋਂ ਪਹਿਲਾਂ ਉਨ੍ਹਾਂ ਦੇ ਘਰ ਮੌਤ ਪੁੱਜ ਗਈ। ਹੁਣ ਘਰ ਵਿੱਚ ਮਾਂ ਨਹੀਂ ਹੈ ਤਾਂ ਇੰਨ੍ਹਾਂ ਨੂੰ ਕੁਝ ਚੰਗਾ ਨਹੀਂ ਲੱਗਦਾ ਕਿਉਂਕਿ ਮਾਵਾਂ ਨੂੰ ਕੈਂਸਰ ਨੇ ਉਨ੍ਹਾਂ ਤੋਂ ਦੂਰ ਕਰ ਦਿੱਤਾ ਹੈ । ਇਸ ਕਰਕੇ ਇੰਨ੍ਹਾਂ ਲਈ ਮਾਂ ਦਿਵਸ ਕੋਈ ਮਾਇਨੇ ਰੱਖਦਾ ਹੈ। ਇੰਨ੍ਹਾਂ ਪਰਿਵਾਰਾਂ ਨੇ ਲੱਖਾਂ ਰੁਪਏ ਇਲਾਜ ’ਤੇ ਖਰਚ ਦਿੱਤੇ ਪਰ ਹੱਥ ਪੱਲੇ ਕੁੱਝ ਵੀ ਨਹੀਂ ਪਿਆ ਹੈ। ਸੰਗਰੂਰ ਜਿਲ੍ਹੇ ਦੇ ਪਿੰਡ ਛਾਜਲੀ ਦੀ ਲਾਭ ਕੌਰ ਦਾ ਜਿਗਰਾ ਵੇਖੋ ਜਿਸ ਨੂੰ ਪਤਾ ਹੈ ਕਿ ਜਿੰਦਗੀ ਦਾ ਖਜਾਨਾ ਕਿਵੇਂ ਮੁੱਕਦਾ ਹੈ। ਪਹਿਲਾਂ ਮੂਲ ਨਾਲੋਂ ਵਿਆਜ ਮੰਨੇ ਜਾਂਦੇ ਪੋਤਰੇ ਨੇ ਖੁਦਕਸ਼ੀ ਕਰ ਲਈ ਤੇ ਫਿਰ ਪੁੱਤ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਰਾਹ ਪਿਆ ਤੇ ਅਖੀਰ ਪਤੀ ਵੀ ਇਸੇ ਰਾਹ ਚਲਾ ਗਿਆ।
ਇੱਕ ਸਾਲ ਵਿੱਚ ਤਿੰਨ ਸੱਥਰ ਵਿਛੇ ਪਰ ਇਸ ਮਾਂ ਦੇ ਹੌਕਿਆਂ ਨੂੰ ਕੋਈ ਸਮਝ ਨਹੀਂ ਸਕਿਆ ਹੈ। ਇਸੇ ਪਿੰਡ ਦੀ ਇੱਕ ਹੋਰ ਔਰਤ ਦੇ ਦੋ ਪੁੱਤ ਖੁਦਕਸ਼ੀ ਕਰ ਗਏ ਅਤੇ ਪਤੀ ਨੇ ਵੀ ਇਹੋ ਰਾਹ ਚੁਣਿਆ। ਇਸ ਮਾਂ ਨੇ ਤਿੰਨ ਵਾਰ ਸਿਵੇ ਬਲਦੇ ਦੇਖ ਲਏ ਹਨ ਤੇ ਜਿੰਦਗੀ ਸੁਆਹ ਬਣ ਗਈ ਹੈ। ਇਸੇ ਜਿਲ੍ਹੇ ਦੀ ਇੱਕ ਹੋਰ ਮਾਂ ਤਿੰਨ ਪੁੱਤ ਗੁਅ ਚੁੱਕੀ ਹੈ ਜਿੰਨ੍ਹਾਂ ਚੋਂ ਇੱਕ ਨੂੰ ਕੈਂਸਰ ਸੀ । ਬਿਮਾਰੀ ਨੇ ਪ੍ਰੀਵਾਰ ਦਾ ਕਰਜੇ ਨਾਲ ਵਾਲ ਵਾਲ ਵਿੰਨ੍ਹ ਦਿੱਤਾ ਪਰ ਹੱਥ ਖਾਲੀ ਰਹੇ। ਮਗਰੋਂ ਕਰਜੇ ਦੀ ਹੋਈ ਭਾਰੀ ਪੰਡ ਕਾਰਨ ਵਾਰੋ ਵਾਰੀ ਦੋਵਾਂ ਲੜਕਿਆਂ ਨੇ ਖੁਦਕਸ਼ੀ ਦਾ ਰਸਤਾ ਅਖਤਿਆਰ ਕਰ ਲਿਆ। ਉਮਰ ਦੇ ਅੰਤਲੇ ਪੜਾਅ ਤੱਕ ਪੁੱਜੀ ਮਹਿਲਾ ਮੁਖਤਿਆਰ ਕੌਰ ਅੱਜ ਕਿਸ ਦੇ ਸਿਰ ਤੇ ਹੱਥ ਰੱਖੇ ਜਿਸ ਦੀ ਸਮੁੱਚੀ ਪੂੰਜੀ ਹੀ ਕਰਜਾ ਤੇ ਕੈਂਸਰ ਖਾ ਗਿਆ ਹੈ।
ਏਦਾਂ ਦੀ ਕਹਾਣੀ ਫਰੀਦਕੋਟ ਜਿਲ੍ਹੇ ਦੇ ਇੱਕ ਘਰ ਦੀ ਹੈ ਜਿੱਥੇ ਮਾਂ ਤਿੰਨ ਪੁੱਤ ਗੁਆ ਚੁੱਕੀ ਹੈ। ਖੇਤਾਂ ਨੂੰ ਤੁਰੇ ਪੁੱਤ ਇੱਕ ਇੱਕ ਕਰਕੇ ਖ਼ੁਦਕਸ਼ੀ ਦੇ ਰਾਹ ਪੈ ਗਏ। ਜਦੋਂ ਪਤੀ ਤੁਰ ਗਿਆ ਤਾਂ ਪੁੱਤਾਂ ’ਚੋਂ ਇਸ ਬਿਰਧ ਮਾਂ ਨੇ ਜ਼ਿੰਦਗੀ ਵੇਖੀ ਸੀ। ਖੇਤੀ ਅਰਥਚਾਰੇ ਦੇ ਸੰਕਟ ਨੇ ਇਸ ਬਜ਼ੁਰਗ ਮਾਂ ਤੋਂ ਦੋ ਪੁੱਤ ਖੋਹ ਲਏ ਜਦੋਂ ਕਿ ਇੱਕ ਸੜਕ ਹਾਦਸੇ ਦੀ ਭੇਟ ਚੜ੍ਹ ਗਿਆ। ਅਜਿਹੇ ਹੋਰ ਵੀ ਕਈ ਘਰ ਹਨ ਜਿੰਨ੍ਹਾਂ ਦੇ ਚੁੱਲਿ੍ਹਆਂ ’ਤੇ ਹੁਣ ਪੁੱਤਾਂ ਦੀ ਅਣਹੋਂਦ ਕਾਰਨ ਘਾਹ ਉੱਘ ਆਇਆ ਹੈ। ਇਹ ਪਰਿਵਾਰ ਤਾਂ ਮਾਂ ਦਿਵਸ ਤੋਂ ਵੀ ਬੇਖ਼ਬਰ ਹਨ। ਉਹ ਤਾਂ ਏਨਾ ਜਾਣਦੇ ਹਨ ਕਿ ਖੇਤ ਰੁਸ ਜਾਣ ਤਾਂ ਜੱਗ ਵੀ ਬਿਗਾਨਾ ਹੋ ਜਾਂਦਾ ਹੈ। ਮੁਕਤਸਰ ਜਿਲ੍ਹੇ ਦੇ ਕਈ ਖੇਤ ਮਜ਼ਦੂਰ ਪ੍ਰੀਵਾਰਾਂ ਦੀ ਕਹਾਣੀ ਵੀ ਅਜਿਹੀ ਹੈ ਜਿੱਥੇ ਮਾਂ ਦਿਵਸ ਦਾ ਕੋਈ ਅਰਥ ਨਹੀਂ ਹੈ।
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ’ਚ ਇੱਕ ਮਜ਼ਦੂਰ ਪ੍ਰੀਵਾਰ ਤਾਂ ਏਦਾਂ ਦਾ ਵੀ ਹੈ ਜਿਸ ਦੇ ਜਵਾਨ ਪੁੱਤ ਨੇ ਵਿਆਹ ਤੋਂ ਅਗਲੇ ਦਿਨ ਖੁਦਕਸ਼ੀ ਕਰ ਲਈ ਅਤੇ ਦੂਸਰਾ ਵੀ ਇਸੇ ਰਾਹ ਤੁਰ ਗਿਆ। ਇਸੇ ਜ਼ਿਲ੍ਹੇ ਦੀ ਇੱਕ ਮਾਂ ਦਾ ਪੁੱਤ ਜ਼ੀਲ੍ਹਾ ਸਿੰਘ ਰੁਜ਼ਗਾਰ ਖਾਤਰ ਲੜਦਾ ਜ਼ਿੰਦਗੀ ਤੋਂ ਹੱਥ ਧੋ ਬੈਠਾ । ਫਰੀਦਕੋਟ ਦੀ ਕਿਰਨਜੀਤ ਕੌਰ ਨੇ ਰੁਜ਼ਗਾਰ ਖਾਤਰ ਵਿੱਢੇ ਸੰਘਰਸ਼ ਵਿੱਚ ਖੁਦ ਨੂੰ ਖਤਮ ਕਰ ਲਿਆ। ਇਵੇਂ ਹੀ ਦਰਜਨਾਂ ਧੀਆਂ ਨੂੰ ਅੱਜ ਮਾਂ ਦਿਵਸ ਮੌਕੇ ਆਪਣੀ ਮਾਂ ਦੇ ਪੈਰ ਛੂਹਣੇ ਨਸੀਬ ਨਹੀਂ ਹੋਏ ਜੋਕਿ ਜੇਲ੍ਹਾਂ ਵਿੱਚ ਬੰਦ ਹਨ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਜੇਲ੍ਹ ਦੀ ਮੁਲਾਕਾਤ ਵੀ ਬੰਦ ਸੀ। ਮਾਵਾਂ ਆਪਣੀਆਂ ਧੀਆਂ ਦੇ ਸਿਰ ’ਤੇ ਚਾਹੁੰਦਿਆਂ ਹੋਇਆਂ ਵੀ ਅੱਜ ਮਾਂ ਦਿਵਸ ਮੌਕੇ ਵੀ ਹੱਥ ਨਹੀਂ ਰੱਖ ਸਕੀਆਂ। ਪੰਜਾਬ ਦੇ ਇਨ੍ਹਾਂ ਘਰਾਂ ਨੂੰ ਕੋਈ ਓਪਰੀ ਨਜ਼ਰ ਲੱਗ ਗਈ ਹੈ ।
ਮਾਵਾਂ ਸਿਰ ਦੁੱਖਾਂ ਦੀ ਪੰਡ
ਕਿਸਾਨ ਆਗੂ ਹਰਿੰਦਰ ਬਿੰਦੂ ਆਖਦੀ ਹੈ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਨ ਕੋਈ ਪੁੱਤ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ ਅਤੇ ਕੋਈ ਗੁਰਬਤ ਦੀ। ਮਾਵਾਂ ਕੋਲੋਂ ਆਪਣੇ ਪੁੱਤਾਂ ਦਾ ਦੁੱਖ ਜ਼ਰਿਆ ਨਹੀਂ ਜਾ ਰਿਹਾ ਹੈ। ਇਨ੍ਹਾਂ ਘਰਾਂ ਲਈ ਮਾਂ ਦਿਵਸ ਦੇ ਕੋਈ ਮਾਅਨੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੀ ਜੰਗ ਵਿੱਚ ਡਟੇ ਇਹ ਬੱਚੇ ਇਹੋ ਅਰਦਾਸਾਂ ਕਰ ਰਹੇ ਹਨ ਕਿ ਹੇ ਮਾਂ! ਤੂੰ ਮੁੜ ਇੱਥੇ ਨਾ ਆਈ, ਇੱਥੇ ਤਾਂ ਹੁਣ ਪੀੜਾਂ ਹੀ ਪੀੜਾਂ ਨੇ।