ਹਰਸਿਮਰਤ ਵੱਲੋਂ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ‘ਚ ਹੋਈ ਦੇਰੀ ਨੂੰ ਲੈ ਕੇ ਦੂਹਰੇ ਮਾਪਦੰਡ ਦਾ ਦੋਸ਼
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2026: ਵੇਅਰਹਾਊਸ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਉਠਾਏ ਹਨ।
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸ਼ਹੀਦ ਭਗਤ ਸਿੰਘ ਚੌਂਕ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਨੇ ਕਿਹਾ ਕਿ ਗਗਨਦੀਪ ਰੰਧਾਵਾ ਦੀ ਆਤਮਹਤਿਆ ਸਿਰਫ਼ ਇੱਕ ਘਟਨਾ ਨਹੀਂ, ਸਗੋਂ ਸਰਕਾਰ ਦੇ ਦਬਾਅ ਅਤੇ ਨਾਕਾਮੀ ਦਾ ਨਤੀਜਾ ਹੈ।ਉਨ੍ਹਾਂ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ‘ਚ ਹੋਈ ਦੇਰੀ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਤੁਰੰਤ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਇਸ ਨਾਲ ਸਾਫ਼ ਹੈ ਕਿ ਪੁਲਿਸ ‘ਤੇ ਰਾਜਨੀਤਿਕ ਦਬਾਅ ਹੈ, ਜਿਸ ਕਰਕੇ ਮੁਲਜਮ ਫਰਾਰ ਹੋਣ ‘ਚ ਕਾਮਯਾਬ ਰਹੇ। ਹੁਣ ਭਾਵੇਂ ਲਾਲਜੀਤ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰੰਤੂ ਉਹਨਾਂ ਦੇ ਪਿਤਾ ਅਤੇ ਪੀਏ ਹਾਲੇ ਵੀ ਗ੍ਰਿਫਤ ਚੋਂ ਬਾਹਰ ਹਨ। ਉਹਨਾਂ ਨੂੰ ਵੀ ਤੁਰੰਤ ਕਾਬੂ ਕੀਤਾ ਜਾਵੇ। ਹਰਸਿਮਰਤ ਨੇ ਦੋਸ਼ ਲਾਇਆ ਕਿ ਪੰਜਾਬ ‘ਚ ਕਾਨੂੰਨ ਦਾ ਦੋਹਰਾ ਚਿਹਰਾ ਸਾਹਮਣੇ ਆ ਰਿਹਾ ਹੈ—ਆਮ ਨੌਜਵਾਨਾਂ ਦੇ ਮਾਮਲਿਆਂ ‘ਚ ਤੁਰੰਤ ਕਾਰਵਾਈ ਹੁੰਦੀ ਹੈ, ਜਦਕਿ ਸੱਤਾਧਾਰੀ ਨੇਤਾਵਾਂ ਦੇ ਮਾਮਲਿਆਂ ‘ਚ ਢਿੱਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਹੋਣ ਕਰਕੇ ਪੁਲਿਸ ਸੁਤੰਤਰ ਤੌਰ ‘ਤੇ ਕੰਮ ਨਹੀਂ ਕਰ ਪਾ ਰਹੀ।ਉਨ੍ਹਾਂ ਕਿਹਾ ਕਿ ਬਾਘਾ ਪੁਰਾਣਾ ਦੇ ਐਸਡੀਐਮ ਵੱਲੋਂ ਟਾਰਚਰ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣਾ ਸਰਕਾਰ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹਾ ਕਰਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਦਬਾਅ ਦੀ ਸੱਚਾਈ ਸਾਹਮਣੇ ਲਿਆਉਣ, ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਖੜ੍ਹਾ ਹੋਵੇਗਾ।
ਨਸ਼ਿਆਂ ਦੇ ਮਸਲੇ ‘ਤੇ ਵੀ ਹਰਸਿਮਰਤ ਨੇ ਸਰਕਾਰ ਨੂੰ ਘੇਰਦੇ ਹੋਏ ਦਾਅਵਾ ਕੀਤਾ ਕਿ ਮਜੀਠਾ ਅਤੇ ਤਰਨਤਾਰਨ ‘ਚ ਭਾਰੀ ਮਾਤਰਾ ‘ਚ ਹੈਰੋਇਨ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੋਂ ਬਰਾਮਦ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਅਤੇ ਸੱਤਾਧਾਰੀ ਨੇਤਾ ਮਿਲ ਕੇ ਸੂਬੇ ‘ਚ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਹੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ‘ਰੰਗਲਾ ਪੰਜਾਬ’ ਨੂੰ ‘ਕੰਗਾਲ ਪੰਜਾਬ’ ਬਣਾ ਦਿੱਤਾ ਹੈ ਅਤੇ ਹੁਣ ਸੂਬੇ ਦੀ ਜਨਤਾ ਬਦਲਾਅ ਚਾਹੁੰਦੀ ਹੈ। ਹਰਸਿਮਰਤ ਕੌਰ ਬਾਦਲ ਨੇ ਸ਼ਹਿਰ ਵਿੱਚ ਕਈ ਨੁਕੜ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੜ੍ਹ ਤੋਂ ਉਖਾੜ ਕੇ ਸੁੱਟਣ ਦਾ ਸੱਦਾ ਦਿੱਤਾ । ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈੱਸ ਸੈਕਟਰੀ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਸਾਬਕਾ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਦਲਜੀਤ ਸਿੰਘ ਬਰਾੜ, ਯਾਦਵਿੰਦਰ ਸਿੰਘ ਯਾਦੀ, ਮੋਹਨਜੀਤ ਸਿੰਘ ਪੁਰੀ ਅਤੇ ਮੋਹਿਤ ਗੁਪਤਾ ਆਦਿ ਆਗੂ ਹਾਜ਼ਰ ਸਨ।
Click to Follow Babushahi Facebook page →