ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕਣ ਦੀ ਮੰਗ! ਜਥੇਦਾਰ ਅਕਾਲ ਤਖ਼ਤ ਸਾਹਿਬ ਅੱਗੇ ਸਿੱਖ ਜਥੇਬੰਦੀਆਂ ਦੀ ਫ਼ਰਿਆਦ
ਅਕਾਲ ਤਖ਼ਤ ਸਾਹਿਬ ਵੱਲੋਂ ਬਰਖ਼ਾਸਤ ਕੀਤੇ ਪੰਜ ਪਿਆਰਿਆਂ ਦੀ ਬਹਾਲੀ ਦੇ ਲਈ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵਿਖੇ ਦਿੱਤਾ ਮੰਗ ਪੱਤਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 11 ਦਸੰਬਰ 2024-ਇਕ ਪਾਸੇ ਜਿਥੇ ਐਸਜੀਪੀਸੀ ਦੇ ਵਲੋਂ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜੇ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਜਾ ਰਹੀ ਹੈ, ਉਥੇ ਹੀ ਹੁਣ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਵਲੋਂ ਇੱਕ ਫ਼ਰਿਆਦ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਮੰਗ ਕੀਤੀ ਹੈ ਕਿ, ਸੁਖਬੀਰ ਬਾਦਲ ਨੂੰ ਪੰਥ ਵਿਚੋਂ ਛੇਕਿਆ ਜਾਵੇ।
ਦੱਸ ਦਈਏ ਕਿ, 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾ ਦੀ ਹੋਈ ਇਕੱਤਰਤਾ ਦੇ ਵਿੱਚ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਕਹਿਣ ਤੇ ਹੀ ਗੁਰਮੀਤ ਰਾਮ ਰਹੀਮ ਨੂੰ ਸਿੰਘ ਸਾਹਿਬਾਨਾ ਵੱਲੋਂ ਮਾਫ਼ੀ ਦਿੱਤੀ ਗਈ ਸੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਨੇਤਾਵਾਂ ਨੂੰ ਧਾਰਮਿਕ ਸਜ਼ਾਵਾਂ ਲਗਾਈਆਂ ਗਈਆਂ ਹਨ।
ਇਸ ਦੌਰਾਨ 2015 ਦੇ ਵਿੱਚ ਪੰਜ ਪਿਆਰਿਆਂ ਵੱਲੋਂ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਵਿਰੋਧ ਜਤਾਇਆ ਗਿਆ ਸੀ ਜਿਸ ਦੇ ਚਲਦੇ ਉਸ ਸਮੇਂ ਸਿੰਘ ਸਾਹਿਬਾਨਾਂ ਵੱਲੋਂ ਪੰਜ ਪਿਆਰਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਪੰਜ ਪਿਆਰਿਆਂ ਨੂੰ ਦੁਬਾਰਾ ਨੌਕਰੀ ਤੇ ਬਹਾਲ ਕਰਵਾਉਣ ਲਈ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ।
ਉਨ੍ਹਾਂ ਨੇ ਮੰਗ ਕੀਤੀ ਕਿ ਪੰਜ ਪਿਆਰਿਆਂ ਦੀ ਨੌਕਰੀ ਦੀ ਬਹਾਲੀ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਿਆ ਕਿਹਾ ਜਾਵੇ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਸੁਖਬੀਰ ਬਾਦਲ ਨੇ ਬਰਗਾੜੀ ਵਿਖੇ ਬੇਅਦਬੀ ਕਰਵਾਈ ਹੋਵੇ, ਅਤੇ ਖ਼ੁਦ ਉਸਨੇ ਆਪਣੇ ਦੋਸ਼ ਮੰਨੇ ਹੋਣ ਅਜਿਹੇ ਵਿਅਕਤੀ ਨੂੰ ਸਿਰਫ਼ ਭਾਂਡੇ ਮਾਂਜਣ ਦੀ ਸਜ਼ਾ ਅਤੇ ਜਿਸ ਵਿਅਕਤੀ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸਨੂੰ ਪੰਥ ਚੋਂ ਛੇਕਣ ਦੀ ਸਜ਼ਾ ਕਿਵੇਂ ਮਿਲ ਸਕਦੀ ਹੈ? ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਰ ਐਸਜੀਪੀਸੀ ਨੇ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਹਰਕਤ ਕੀਤੀ ਹੈ ਤਾਂ ਫਿਰ ਸੰਗਤ ਇਹਨਾਂ (ਐਸਜੀਪੀਸੀ) ਨੂੰ ਸੰਗਤ ਵਿੱਚੋਂ ਹੀ ਛੇਕ ਦੇਵੇਗੀ।