ਸਿਹਤ ਵਿਭਾਗ ਬਠਿੰਡਾ ਵੱਲੋਂ ਸ਼ਨੀਵਾਰ ਤੋਂ ਮੁਫ਼ਤ ਕੈਂਸਰ ਜਾਂਚ ਕੈਂਪ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 16 ਜਨਵਰੀ 2026 :ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਕੈਪਡ ਟਰੱਸਟ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਬੱਚੇਦਾਨੀ ਦੇ ਮੂੰਹ (ਸਰਵਾਈਕਲ) ਕੈਂਸਰ, ਬ੍ਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਮੁਫ਼ਤ ਜਾਂਚ ਸਬੰਧੀ ਵਿਸ਼ੇਸ਼ ਕੈਂਪ ਸ਼ਹਿਰ ਵਿੱਚ ਵੱਖ -ਵੱਖ ਥਾਵਾਂ ਤੇ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਅਤੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਰਾਹੀਂ ਸਮੇਂ ਸਿਰ ਇਲਾਜ ਯਕੀਨੀ ਬਣਾਉਣਾ ਹੈ। ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜ਼ਿਲ੍ਹੇ ਦੇ ਲੋਕਾਂ, ਖ਼ਾਸ ਕਰਕੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੁਫ਼ਤ ਜਾਂਚ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਅਤੇ ਇਸ ਸੁਵਿਧਾ ਦਾ ਪੂਰਾ ਲਾਭ ਉਠਾਉਣ।
ਉਨ੍ਹਾਂ ਨੇ ਦੱਸਿਆ ਕਿ ਮਿਤੀ 17,19 ਅਤੇ 24 ਜਨਵਰੀ ਨੂੰ ਯੂ.ਪੀ.ਐਚ.ਸੀ ਪਰਸਰਾਮ ਨਗਰ , 20 ਜਨਵਰੀ ਨੂੰ ਉਡਾਣ ਪਲੇਅ-ਵੇ ਸਕੂਲ, ਗੁਰੂ ਗੋਬਿੰਦ ਸਿੰਘ ਨਗਰ (ਗਲੀ ਨੰ 13/7) ਅਤੇ ਮਿਤੀ 22 ਜਨਵਰੀ ਨੂੰ ਰੇਲਵੇ ਹਸਪਤਾਲ ਪ੍ਰਤਾਪ ਨਗਰ ਵਿਖੇ ਇਹ ਕੈਂਪ ਲਗਾਏ ਜਾਣਗੇ । ਕੈਂਪ ਵਿੱਚ ਵਿਭਾਗ ਵੱਲੋਂ ਵੱਖ - ਵੱਖ ਮਾਹਿਰ ਡਾਕਟਰਾਂ ਦੀ ਡਿਊਟੀ ਲਗਾਈ ਜਾ ਚੁੱਕੀ ਹੈ । ਕੈਂਸਰ ਦੇ ਮੁੱਖ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆ ਉਹਨਾਂ ਕਿਹਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਵਿੱਚ ਅਸਧਾਰਣ ਖੂਨ ਆਉਣਾ, ਮਹਾਵਾਰੀ ਤੋਂ ਇਲਾਵਾ ਖੂਨ ਆਉਣਾ, ਸੰਭੋਗ ਦੌਰਾਨ ਦਰਦ ਜਾਂ ਖੂਨ ਆਉਣਾ, ਬਦਬੂਦਾਰ ਸਫ਼ੈਦ ਪਾਣੀ ਆਉਣਾ ਅਤੇ ਪੇਟ ਦੇ ਹੇਠਲੇ ਭਾਗ ਵਿੱਚ ਦਰਦ ਸ਼ਾਮਲ ਹਨ। ਬ੍ਰੈਸਟ ਕੈਂਸਰ ਦੇ ਲੱਛਣਾਂ ਵਿੱਚ ਛਾਤੀ ਵਿੱਚ ਗਿੱਠ ਬਣਨਾ, ਛਾਤੀ ਦੇ ਆਕਾਰ ਜਾਂ ਆਕ੍ਰਿਤੀ ਵਿੱਚ ਅਚਾਨਕ ਬਦਲਾਅ, ਨਿੱਪਲ ਤੋਂ ਪਾਣੀ ਜਾਂ ਖੂਨ ਆਉਣਾ, ਨਿੱਪਲ ਦਾ ਅੰਦਰ ਵੱਲ ਧਸਣਾ ਅਤੇ ਛਾਤੀ ਦੀ ਚਮੜੀ ’ਤੇ ਸੰਤਰੇ ਵਰਗੀ ਬਣਾਵਟ ਜਾਂ ਖੁਜਲੀ ਹੋਣਾ ਸ਼ਾਮਲ ਹੈ। ਇਸੇ ਤਰ੍ਹਾਂ ਮੂੰਹ ਦੇ ਕੈਂਸਰ ਦੇ ਲੱਛਣ ਵਿੱਚ ਮੂੰਹ ਵਿੱਚ ਨਾ ਭਰਨ ਵਾਲਾ ਜ਼ਖ਼ਮ, ਮੂੰਹ ਜਾਂ ਜੀਭ ’ਤੇ ਚਿੱਟੇ ਜਾਂ ਲਾਲ ਧੱਬੇ, ਚਬਾਉਣ ਜਾਂ ਨਿਗਲਣ ਵਿੱਚ ਮੁਸ਼ਕਲ, ਮੂੰਹ ਵਿੱਚ ਦਰਦ ਜਾਂ ਸੁੰਨਪਨ, ਆਵਾਜ਼ ਵਿੱਚ ਬਦਲਾਅ, ਅਤੇ ਜਬੜੇ ਵਿੱਚ ਸੁਜਣ ਸ਼ਾਮਲ ਹਨ। ਉਹਨਾ ਕਿਹਾ ਕਿ ਕੈਂਸਰ ਦੀ ਸਮੇਂ ਸਿਰ ਜਾਂਚ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਕੈਂਪਾਂ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਅਤੇ ਜਰੂਰੀ ਸਲਾਹ ਦਿੱਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਏ ਜਾਂਦੇ ਰਹਿਣਗੇ।