ਸਿਰਫ਼ ਐਲਾਨਾਂ ਨਾਲ ਨਹੀਂ, ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ - ਬ੍ਰਹਮਪੁਰਾ, ਸ਼ੇਖ
ਚੋਹਲਾ ਸਾਹਿਬ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਗਏ ਸਾਈਕਲ; ਭੁਪਿੰਦਰ ਸਿੰਘ (ਯੂ.ਐਸ.ਏ) ਤੇ ਸਾਥੀਆਂ ਦਾ ਕੀਤਾ ਵਿਸ਼ੇਸ਼ ਧੰਨਵਾਦ_
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖਿਆ ਅਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਰਿਹਾ ਹੈ
ਤਰਨ ਤਾਰਨ 03 ਮਾਰਚ 2026: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਸੇਵਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਤਹਿਤ, ਅੱਜ ਹਲਕਾ ਖਡੂਰ ਸਾਹਿਬ ਤੋਂ ਇੰਚਾਰਜ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਚੋਹਲਾ ਸਾਹਿਬ ਵਿਖੇ ਲੋੜਵੰਦ ਵਿਦਿਆਰਥੀਆਂ (ਲੜਕੀਆਂ) ਨੂੰ ਸਾਈਕਲ ਵੰਡੇ ਗਏ।
ਪਹਿਲੇ ਪੜਾਅ ਤਹਿਤ ਤਕਰੀਬਨ 26 ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਗਏ ਹਨ, ਜਦਕਿ ਆਉਣ ਵਾਲੇ ਕੁਝ ਹੀ ਹਫ਼ਤਿਆਂ ਵਿੱਚ ਕੁੱਲ 100 ਲੋੜਵੰਦ ਵਿਦਿਆਰਥੀਆਂ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਹ ਸੇਵਾ ਕਾਰਜ ਭੁਪਿੰਦਰ ਸਿੰਘ (ਯੂ.ਐਸ.ਏ) ਅਤੇ ਸਿੱਖ ਸਟੂਡੈਂਟ ਐਸੋਸੀਏਸ਼ਨ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ (ਸੈਕਰਾਮੈਂਟੋ) ਵੱਲੋਂ ਆਪਣੀ ਕਿਰਤ-ਕਮਾਈ ਵਿੱਚੋਂ ਦਸਵੰਧ ਦੇ ਰੂਪ ਵਿੱਚ ਕੀਤਾ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖਿਆ ਅਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਪੁਰਾਣੇ ਸਮੇਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ 'ਮਾਈ ਭਾਗੋ ਸਕੀਮ' ਤਹਿਤ ਲੜਕੀਆਂ ਲਈ ਮੁਫ਼ਤ ਸਾਈਕਲ ਅਤੇ ਹੋਰ ਭਲਾਈ ਸਕੀਮਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਲਾਭ ਸਹੂਲਤਾਂ ਮਿਲੀਆਂ ਸਨ।
ਸ੍ਰ. ਬ੍ਰਹਮਪੁਰਾ ਨੇ ਮੌਜੂਦਾ 'ਆਪ' ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਦੇ ਬੱਚਿਆਂ ਲਈ ਬਣਦੀਆਂ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ ਦੇ ਖੇਤਰ ਵਿੱਚ ਸਿਰਫ਼ ਐਲਾਨਾਂ ਜਾਂ ਇਸ਼ਤਿਹਾਰਾਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਠੋਸ ਕਦਮ ਚੁੱਕਣ ਦੀ ਲੋੜ ਹੈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਸ੍ਰ. ਬ੍ਰਹਮਪੁਰਾ, ਚੇਅਰਮੈਨ ਸ਼ੇਖ ਅਤੇ ਦਾਨੀ ਸੱਜਣਾਂ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੂਰ-ਦਰਾਜ਼ ਤੋਂ ਪੈਦਲ ਆਉਣ ਵਾਲੀਆਂ ਬੱਚੀਆਂ ਨੂੰ ਸਾਈਕਲ ਮਿਲਣ ਨਾਲ ਉਨ੍ਹਾਂ ਦੀ ਪੜ੍ਹਾਈ ਵਿੱਚ ਵੱਡੀ ਸਹੂਲਤ ਮਿਲੇਗੀ।
ਆਗੂਆਂ ਨੇ ਭੁਪਿੰਦਰ ਸਿੰਘ (ਯੂ.ਐਸ.ਏ), ਸਿੱਖ ਸਟੂਡੈਂਟ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਸਾਥੀਆਂ—ਸਾਬਕਾ ਸਰਪੰਚ ਏਕਮਕਾਰ ਸਿੰਘ, ਹਰਿੰਦਰ ਸਿੰਘ (ਕੈਨੇਡਾ), ਬਲਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਜਸਕਰਨ ਸਿੰਘ—ਦਾ ਹਾਰਦਿਕ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਸਰਪੰਚ ਅਮਰੀਕ ਸਿੰਘ (ਚੋਹਲਾ ਸਾਹਿਬ), ਹਰਜਿੰਦਰ ਸਿੰਘ ਬਾਦਸ਼ਾਹ, ਸੁੱਖਦੇਵ ਸਿੰਘ ਆੜ੍ਹਤੀਆ, ਡਾਕਟਰ ਜਤਿੰਦਰ ਸਿੰਘ, ਜਗਰੂਪ ਸਿੰਘ ਪ੍ਰਧਾਨ ਪੱਖੋਪੁਰ, ਅਤੇ ਕੁਰਿੰਦਰ ਸਿੰਘ ਚੋਹਲਾ ਖ਼ੁਰਦ ਸਮੇਤ ਸਕੂਲ ਸਟਾਫ਼ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਕੈਪਸ਼ਨ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੌਹਲਾ ਸਾਹਿਬ ਵਿਖੇ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ, ਗੁਰਸੇਵਕ ਸਿੰਘ ਸ਼ੇਖ ਅਤੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਸਾਈਕਲ ਭੇਟ ਕਰਦੇ ਹੋਏ।
Click to Follow Babushahi Facebook page →