ਸ਼ਹਿਰ ਵਿੱਚ ਪਹੁੰਚੇ ਸੋਮਨਾਥ ਜ੍ਯੋਤਿਰਲਿੰਗ ਦੇ ਦਰਸ਼ਨ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ
ਅਸ਼ੋਕ ਵਰਮਾ
ਬਠਿੰਡਾ, 28 ਫਰਵਰੀ 2026 : ਦੇਸ਼ ਭਰ ਵਿੱਚ ਚੱਲ ਰਹੀ ਸੋਮਨਾਥ ਜ੍ਯੋਤਿਰਲਿੰਗ ਦੀ ਪਾਵਨ ਅੰਸ਼-ਯਾਤਰਾ ਦਾ ਸ਼ਰਧਾਲੂਆਂ ਨੇ ਢੋਲ-ਨਗਾੜਿਆਂ ਦੀ ਗੂੰਜ, ਸ਼ੰਖਨਾਦ ਅਤੇ “ਬਮ-ਬਮ ਭੋਲੇ” ਦੇ ਜੈਕਾਰਿਆਂ ਨਾਲ ਸ ਸਤਿਕਾਰ ਸਹਿਤ ਸਵਾਗਤ ਕੀਤਾ। ਪਾਲਕੀ ਵਿੱਚ ਸੁਸ਼ੋਭਿਤ ਜ੍ਯੋਤਿਰਲਿੰਗ ਅੰਸ਼, ਕਲਸ਼ ਯਾਤਰਾ ਦੀ ਅਗਵਾਈ ਕਰਦਾ ਹੋਇਆ ਸ਼ੋਭਾ ਯਾਤਰਾ ਦੇ ਰੂਪ ਵਿੱਚ ਲਾਰਡ ਰਾਮਾ ਹਾਲ ਪਹੁੰਚਿਆ, ਜਿੱਥੇ ਜੰਗਮ ਸੰਤਾਂ ਨੇ ਸ਼ਿਵ ਵੰਦਨਾ ਅਤੇ ਵੇਦਿਕ ਮੰਤਰੋਚਾਰ ਨਾਲ ਪਾਵਨ ਅੰਸ਼ ਦਾ ਅਭਿਨੰਦਨ ਕੀਤਾ। ਫੁੱਲਾਂ ਦੀ ਵਰਖਾ ਨਾਲ ਸਾਰਾ ਪ੍ਰੰਗਣ ਸ਼ਿਵਮਈ ਹੋ ਗਿਆ। ਸਵੇਰੇ ਤੋਂ ਹੀ ਸ਼ਰਧਾਲੂ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਦਰਸ਼ਨ ਦੀ ਉਡੀਕ ਕਰ ਰਹੇ ਸਨ। ਜ੍ਯੋਤਿਰਲਿੰਗ ਅੰਸ਼ ਦੇ ਆਉਣ ਨਾਲ ਹੀ ਸਾਰੇ ਵਾਤਾਵਰਨ ਵਿੱਚ ਭਗਤੀ ਅਤੇ ਉਤਸ਼ਾਹ ਦਾ ਅਦਭੁੱਤ ਦ੍ਰਿਸ਼ ਦਿਖਾਈ ਦਿੱਤਾ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦੇਰ ਰਾਤ ਤੱਕ ਦਰਸ਼ਨ ਕਰਕੇ ਆਧਿਆਤਮਿਕ ਅਨੁਭਵ ਪ੍ਰਾਪਤ ਕੀਤਾ।
ਇਸ ਆਧਿਆਤਮਿਕ ਸਮਾਗਮ ਆਰਟ ਆਫ ਲਿਵਿੰਗ ਵੱਲੋਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸ਼ਾਮ ਵੇਲੇ ਵੇਦ ਪੰਡਤਾਂ ਵੱਲੋਂ ਵਿਧੀਵਤ ਰੁਦ੍ਰਾਭਿਸ਼ੇਕ ਕੀਤਾ ਗਿਆ, ਇਸ ਤੋਂ ਬਾਅਦ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਜਨ ਗਾਇਕਾਂ ਨੇ ਸ਼ਿਵ ਸਤੁਤੀ ਅਤੇ ਭਗਤੀ ਗੀਤਾਂ ਰਾਹੀਂ ਸੰਗਤ ਨੂੰ ਮੋਹਿਤ ਕਰ ਦਿੱਤਾ। ਪ੍ਰੋਗਰਾਮ ਦੌਰਾਨ ਸਵਾਮੀ ਰਾਜੇਂਦਰ ਜੀ ਨੇ ਆਪਣੇ ਸੰਬੋਧਨ ਵਿੱਚ ਸੋਮਨਾਥ ਮੰਦਰ ਦੇ ਗੌਰਵਮਈ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਲਗਭਗ ਹਜ਼ਾਰ ਸਾਲ ਪਹਿਲਾਂ ਭਾਰਤ ‘ਤੇ ਹੋਏ ਹਮਲਿਆਂ ਦੌਰਾਨ ਮੰਦਰ ‘ਤੇ ਸੱਤਰਾਂ ਵਾਰ ਹਮਲੇ ਕੀਤੇ ਗਏ ਅਤੇ ਜ੍ਯੋਤਿਰਲਿੰਗ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਮੰਦਰ ਦੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਨੇ ਜ੍ਯੋਤਿਰਲਿੰਗ ਦੇ ਪਵਿੱਤਰ ਅੰਸ਼ਾਂ ਨੂੰ ਸੁਰੱਖਿਅਤ ਰੱਖਦੇ ਹੋਏ ਲਗਾਤਾਰ ਪੂਜਾ-ਅਰਚਨਾ ਜਾਰੀ ਰੱਖੀ।
ਉਨ੍ਹਾਂ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੀ ਸਥਾਪਨਾ ਤੋਂ ਬਾਅਦ ਇਹ ਪਾਵਨ ਜ੍ਯੋਤਿਰਲਿੰਗ ਅੰਸ਼ ਸ਼੍ਰੀ ਰਵੀ ਸ਼ੰਕਰ ਨੂੰ ਸੌਂਪਿਆ ਗਿਆ। ਉਨ੍ਹਾਂ ਦੇ ਮਾਰਗਦਰਸ਼ਨ ਹੇਠ ਇਹ ਅੰਸ਼-ਯਾਤਰਾ ਦੇਸ਼ ਭਰ ਵਿੱਚ ਕਰਵਾਈ ਜਾ ਰਹੀ ਹੈ, ਤਾਂ ਜੋ ਸਮੂਹ ਦੇਸ਼ਵਾਸੀ ਇਸ ਦਿਵ੍ਯ ਪਰੰਪਰਾ ਨਾਲ ਜੁੜ ਕੇ ਆਧਿਆਤਮਿਕ ਊਰਜਾ ਦਾ ਅਨੁਭਵ ਕਰ ਸਕਣ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਵਿਧਾ ਲਈ ਯੋਗ ਪ੍ਰਬੰਧ ਕੀਤੇ ਗਏ ਸਨ। ਦਰਸ਼ਨ ਪ੍ਰਬੰਧ ਸੁਚੱਜੇ ਅਤੇ ਅਨੁਸ਼ਾਸਿਤ ਢੰਗ ਨਾਲ ਸੰਪੰਨ ਹੋਏ। ਇਸ ਦੇ ਨਾਲ ਹੀ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸੰਗਤ ਲਈ ਲੰਗਰ ਅਤੇ ਪ੍ਰਸਾਦ ਵੰਡ ਦੀ ਵੀ ਵਿਵਸਥਾ ਕੀਤੀ ਗਈ।
Click to Follow Babushahi Facebook page →