ਵੱਡੀ ਖ਼ਬਰ: ਵਿਧਾਇਕ ਡਾ. ਸੁੱਖੀ ਨੇ ਕੈਬਨਿਟ ਰੈਂਕ ਅਤੇ ਚੇਅਰਮੈਨੀ ਤੋਂ ਦਿੱਤਾ ਅਸਤੀਫ਼ਾ; ਵੀਡੀਓ ਜਾਰੀ ਕਰਕੇ ਦੱਸੀ ਵਜ੍ਹਾ
Babushahi Network
ਬੰਗਾ/ਚੰਡੀਗੜ੍ਹ 18 ਜਨਵਰੀ 2026: ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਕੈਬਨਿਟ ਮੰਤਰੀ ਦੇ ਰੈਂਕ ਅਤੇ ਕੋਨਵੇਅਰ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਹ ਫੈਸਲਾ ਧਾਰਮਿਕ ਮਰਿਆਦਾ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਹੋਈ ਠੇਸ ਦੇ ਹਵਾਲੇ ਨਾਲ ਲਿਆ ਹੈ।
ਡਾ. ਸੁੱਖੀ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਰਾਜਾ ਸਾਹਿਬ ਦੇ ਅਸਥਾਨ 'ਤੇ ਨਤਮਸਤਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਰਿਆਦਾ ਅਨੁਸਾਰ ਨਾ ਪਾਏ ਜਾਣ ਕਾਰਨ ਰਾਜਾ ਸਾਹਿਬ ਦੀ ਸੰਗਤ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਡਾ. ਸੁੱਖੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਅਸਥਾਨ ਸਿਆਸਤ ਦਾ ਘਰ ਨਹੀਂ ਬਲਕਿ ਰੱਬ ਦਾ ਘਰ ਹੈ। ਉਨ੍ਹਾਂ ਹੋਰਨਾਂ ਸਿਆਸਤਦਾਨਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਥੇ ਆ ਕੇ ਸਿਆਸਤ ਨਹੀਂ ਕਰਨੀ ਚਾਹੀਦੀ।
ਡਾ. ਸੁੱਖੀ ਦਾ ਬਿਆਨ
"ਮੈਂ ਰਾਜੇ ਦਾ ਹਾਂ ਅਤੇ ਰਾਜੇ ਦੀ ਸੰਗਤ ਦਾ ਹਾਂ। ਮੈਂ ਅੱਜ ਇਹ ਐਲਾਨ ਕਰਦਾ ਹਾਂ ਕਿ ਜੋ ਪੰਜਾਬ ਸਰਕਾਰ ਨੇ ਮੈਨੂੰ ਕੈਬਨਿਟ ਮੰਤਰੀ ਦਾ ਰੈਂਕ ਅਤੇ ਸਟੇਟਸ ਦਿੱਤਾ ਸੀ, ਮੈਂ ਉਸ ਤੋਂ ਅਤੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।" ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਰੈਂਕ ਦਿੱਤਾ ਗਿਆ ਸੀ।