ਲੋਕ ਮੋਰਚਾ ਵੱਲੋਂ ਈਰਾਨ 'ਤੇ ਅਮਰੀਕੀ ਇਜ਼ਰਾਈਲੀ ਹਮਲੇ ਖਿਲਾਫ਼ ਰੋਸ ਪਰਦਰਸ਼ਨ
ਅਸ਼ੋਕ ਵਰਮਾ
ਰਾਮਪੁਰਾ, 16 ਮਾਰਚ 2026 : ਅਮਰੀਕਾ ਅਤੇ ਇਜਰਾਇਲ ਵੱਲੋਂ ਈਰਾਨ ਉੱਤੇ ਕੀਤੇ ਧੱਕੜ ਹਮਲੇ ਖਿਲਾਫ਼ ਅੱਜ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਰਾਮਪੁਰਾ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਅਤੇ ਇਸ ਜੰਗ ਦੇ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਇਸ ਪ੍ਰਦਰਸ਼ਨ ਤੋਂ ਪਹਿਲਾਂ ਸਥਾਨਕ ਸ਼ਹੀਦ ਬੇਰੁਜਗਾਰ ਅਧਿਆਪਕ ਯਾਦਗਾਰੀ ਟਰੱਸਟ ਵਿੱਚ ਕੀਤੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੁਬਾਈ ਆਗੂ ਮੁਖਤਿਆਰ ਪੂਹਲਾ ਨੇ ਕਿਹਾ ਕਿ ਇਰਾਨ ਅਮਰੀਕੀ ਧੋਂਸ ਮੰਨਣ ਤੋਂ ਨਾਬਰ ਹੈ ਅਤੇ ਇਸ ਕਰਕੇ ਇਹ ਅਮਰੀਕਾ ਨੂੰ ਮੱਧ ਪੂਰਬ ਅੰਦਰ ਆਪਣੀ ਸਾਮਰਾਜੀ ਲੁੱਟ ਦੀਆਂ ਸਕੀਮਾਂ ਵਿੱਚ ਵੱਡਾ ਅੜਿੱਕਾ ਜਾਪ ਰਿਹਾ ਹੈ। ਤੇਲ ਭੰਡਾਰਾਂ ਨਾਲ ਭਰਪੂਰ ਮੱਧ ਪੂਰਬ ਦੇ ਖੇਤਰ ਅੰਦਰ ਅਮਰੀਕਾ ਬੇਰੋਕ ਟੋਕ ਲੁੱਟ ਜਾਰੀ ਰੱਖਣਾ ਚਾਹੁੰਦਾ ਹੈ ਅਤੇ ਇਜਰਾਇਲ ਇਸ ਖੇਤਰ ਅੰਦਰ ਉਸਦਾ ਵੱਡਾ ਹੱਥ ਠੋਕਾ ਹੈ।
ਉਨ੍ਹਾਂ ਕਿਹਾ ਕਿ ਈਰਾਨ ਦੀ ਖਮੇਨੇਈ ਹਕੂਮਤ ਉਹਨਾਂ ਚੁਨਿੰਦਾ ਹਕੂਮਤਾਂ ਵਿੱਚੋਂ ਸੀ ਜਿਸਨੇ ਆਪਣੇ ਦੇਸ਼ਾਂ ਅੰਦਰ ਅਮਰੀਕੀ ਧੌਸ ਮੰਨਣ ਤੋਂ ਇਨਕਾਰ ਕਰਨ ਦੀ ਦਲੇਰੀ ਦਿਖਾਈ ਹੈ। ਟਰੰਪ ਹਕੂਮਤ ਪਿਛਲੇ ਲੰਬੇ ਸਮੇਂ ਤੋਂ ਇਸ ਉੱਤੇ ਆਰਥਿਕ ਰੋਕਾਂ ਲਾਉਂਦੀ ਆ ਰਹੀ ਹੈ, ਪਰ ਇਹਨਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਇਰਾਨ ਡਟਿਆ ਰਿਹਾ ਹੈ। ਹੁਣ ਆਰਥਿਕ ਪਾਬੰਦੀਆਂ ਦਾ ਹਥਿਆਰ ਫੇਹਲ ਹੋ ਜਾਣ ਤੋਂ ਬਾਅਦ ਅਮਰੀਕਾ ਨੰਗੇ ਚਿੱਟੇ ਹਮਲੇ 'ਤੇ ਉੱਤਰ ਆਇਆ ਹੈ।ਪਿਛਲੇ ਸਾਲ ਵੀ ਅਮਰੀਕੀ ਅਤੇ ਇਜ਼ਰਾਈਲੀ ਹਾਕਮਾਂ ਨੇ ਈਰਾਨ ਉੱਤੇ ਹਮਲੇ ਕੀਤੇ ਸਨ ਪਰ ਉਹ ਇਸਦੇ ਬਾਵਜੂਦ ਖਮੇਨੇਈ ਹਕੂਮਤ ਨੂੰ ਝੁਕਾ ਨਹੀਂ ਸਕੇ ਸਨ। ਹੁਣ ਉਹਨਾਂ ਨੇ ਵੱਡੀ ਪੱਧਰ ਉੱਤੇ ਹਵਾਈ ਹਮਲਿਆਂ ਨਾਲ ਇਸਦੇ ਸੁਪਰੀਮ ਲੀਡਰ ਤੇ ਉਹਨਾਂ ਦੇ ਪਰਿਵਾਰਕ ਜੀਅ ਅਤੇ ਚੋਟੀ ਦੇ ਫੌਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਾਰ ਕੇ ਇਸ ਦੇਸ਼ ਅੰਦਰ ਅਮਰੀਕਾ ਪੱਖੀ ਸਰਕਾਰ ਖੜ੍ਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਜੰਗਬਾਜ਼ ਅਮਰੀਕਾ ਅਤੇ ਇਜ਼ਰਾਈਲ ਨੇ ਇਸ ਹਮਲੇ ਰਾਹੀਂ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇੱਕ ਸਕੂਲ 'ਤੇ ਹਮਲਾ ਕਰਕੇ 150 ਤੋਂ ਵਧੇਰੇ ਲੜਕੀਆਂ ਨੂੰ ਕਤਲ ਕੀਤਾ ਹੈ । ਟਰੰਪ ਨੇ ਇਹ ਜੰਗ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਹ ਹਮਲਾ ਸਾਰੇ ਕੌਮਾਂਤਰੀ ਕਾਨੂੰਨ ਉਲੰਘ ਕੇ ਅਤੇ ਸਾਰੀਆਂ ਕੌਮਾਂਤਰੀ ਸੰਸਥਾਵਾਂ ਨੂੰ ਦਰਕਿਨਾਰ ਕਰਕੇ ਕੀਤਾ ਗਿਆ ਹੈ।
ਇਕੱਤਰਤਾ ਵਿੱਚ ਸ਼ਾਮਲ ਲੋਕਾਂ ਨੇ ਜੰਗ ਵਿਰੋਧੀ ਬੈਨਰ, ਤਖਤੀਆਂ ਅਤੇ ਝੰਡੇ ਲੈ ਕੇ ਨਾਹਰੇ ਲਾਉਂਦਿਆਂ ਸ਼ਹਿਰ ਦੇ ਬਜ਼ਾਰਾਂ ਵਿੱਚ ਦੀ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਤੱਕ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਇਕੱਠ ਨੇ ਅਮਰੀਕੀ ਅਤੇ ਇਜ਼ਰਾਇਲੀ ਜੰਗਬਾਜ਼ ਹਾਕਮਾਂ ਦੇ ਖਿਲਾਫ਼ ਆਵਾਜ਼ ਉਠਾਈ ਅਤੇ ਮੰਗ ਕੀਤੀ ਕਿ ਈਰਾਨ ਉੱਤੇ ਵਿੱਢਿਆ ਹਮਲਾ ਤੁਰੰਤ ਬੰਦ ਕੀਤਾ ਜਾਵੇ। ਮੋਦੀ ਹਕੂਮਤ ਜੰਗਬਾਜ਼ ਇਜਰਾਇਲ ਨਾਲ ਸਾਂਝ ਪਾਉਣੀ ਬੰਦ ਕਰੇ।ਭਾਰਤ ਅੰਦਰ ਇਜਰਾਇਲ ਦਾ ਸਫਾਰਤਖਾਨਾ ਬੰਦ ਕੀਤਾ ਜਾਵੇ ਅਤੇ ਉਸ ਨਾਲ ਸਾਰੇ ਸੰਬੰਧ ਤੋੜੇ ਜਾਣ।ਮੋਦੀ ਹਕੂਮਤ ਅਮਰੀਕੀ ਦਬਾਅ ਅੱਗੇ ਝੁਕਣਾ ਬੰਦ ਕਰੇ। ਅਮਰੀਕਾ ਤੇ ਇਜ਼ਰਾਈਲ ਨਾਲ ਕੀਤੇ ਸਾਰੇ ਸਮਝੌਤੇ ਸੰਧੀਆਂ ਰੱਦ ਕੀਤੀਆਂ ਜਾਣ। ਉਹਨਾਂ ਨੇ ਲੋਕਾਂ ਨੂੰ ਇਸ ਨਿਹੱਕੀ ਜੰਗ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਸਟੇਜ ਸੰਚਾਲਨ ਜਗਜੀਤ ਲਹਿਰਾ ਨੇ ਕੀਤਾ ਜਦੋਂ ਕਿ ਮੰਦਰ ਜੱਸੀ ਅਤੇ ਗੁਰਕੀਰਤ ਔਲਖ ਨੇ ਇਨਕਲਾਬੀ ਕਵਿੱਸ਼ਰੀ ਪੇਸ਼ ਕੀਤੀ।
Click to Follow Babushahi Facebook page →