ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ 'ਚ ਮਨੁੱਖਤਾ ਸ਼ਰਮਸਾਰ: 20 ਅਣਪਛਾਤੀਆਂ ਲਾਸ਼ਾਂ ਸਸਕਾਰ ਨੂੰ ਤਰਸ ਰਹੀਆਂ; ਫੈਲੀ ਭਿਆਨਕ ਬਦਬੂ
ਪੁਲਿਸ ਨੂੰ ਰੀਮਾਈਂਡਰ ਦੇ ਬਾਵਜੂਦ ਲਾਸ਼ਾਂ ਦੇ ਸਸਕਾਰ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ- ਡਾਕਟਰ ਅਭਿਸ਼ੇਕ ਮੰਗਲਾ
ਸੁਖਮਿੰਦਰ ਭੰਗੂ
ਲੁਧਿਆਣਾ 20 ਮਾਰਚ 2026 - ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਬੇਹੱਦ ਦਰਦਨਾਕ ਤਸਵੀਰ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ। ਜਿੱਥੇ ਪ੍ਰਸ਼ਾਸਨ ਦੀ ਘੋਰ ਲਾਪਰਵਾਹੀ ਕਾਰਨ 20 ਅਣਪਛਾਤੀਆਂ ਲਾਸ਼ਾਂ ਮੋਰਚਰੀ ਵਿੱਚ ਪਈਆਂ-ਪਈਆਂ ਸੜ ਰਹੀਆਂ ਹਨ। ਇਨ੍ਹਾਂ ਵਿੱਚੋਂ 10 ਲਾਸ਼ਾਂ ਅਜਿਹੀਆਂ ਹਨ ਜੋ ਪਿਛਲੇ ਕਈ ਦਿਨਾਂ ਤੋਂ ਫ੍ਰੀਜ਼ਰ ਵਿੱਚ ਪਈਆਂ ਗਲ ਚੁੱਕੀਆਂ ਹਨ, ਜਿਸ ਕਾਰਨ ਪੂਰੇ ਇਲਾਕੇ ਵਿੱਚ ਭਿਆਨਕ ਬਦਬੂ ਫੈਲ ਗਈ ਹੈ ਅਤੇ ਉੱਥੇ ਸਾਹ ਲੈਣਾ ਵੀ ਦੁਭਰ ਹੋ ਚੁੱਕਾ ਹੈ।
ਪ੍ਰਸ਼ਾਸਨ ਦੀ ਘੋਰ ਲਾਪਰਵਾਹੀ
ਨਿਯਮਾਂ ਮੁਤਾਬਕ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਜਾਣਾ ਚਾਹੀਦਾ ਹੈ, ਪਰ ਇੱਥੇ ਸਿਸਟਮ ਸੁੱਤਾ ਪਿਆ ਹੈ। ਮੋਰਚਰੀ ਦੇ ਫ੍ਰੀਜ਼ਰ ਫੇਲ੍ਹ ਹੋਣ ਦੀ ਕਗਾਰ 'ਤੇ ਹਨ ਜਾਂ ਓਵਰਲੋਡ ਹਨ, ਜਿਸ ਕਾਰਨ ਲਾਸ਼ਾਂ ਗਲਣੀਆ ਸ਼ੁਰੂ ਹੋ ਗਈਆਂ ਹਨ।
ਕੀ ਹਨ ਨਿਯਮ ?
ਨਿਯਮਾਂ ਅਨੁਸਾਰ, ਜਿਵੇਂ ਹੀ ਕੋਈ ਅਣਪਛਾਤੀ ਲਾਸ਼ ਮੁਰਦਾਘਰ ਆਉਂਦੀ ਹੈ, ਪੁਲਿਸ ਉਸ ਦੀ ਕਾਨੂੰਨੀ ਕਸਟੋਡੀਅਨ ਬਣ ਜਾਂਦੀ ਹੈ। 72 ਘੰਟਿਆਂ ਦੇ ਅੰਦਰ ਸ਼ਨਾਖ਼ਤ ਲਈ ਫੋਟੋ ਜਨਤਕ ਕਰਨਾ, ਪੋਸਟਮਾਰਟਮ ਕਰਵਾਉਣਾ ਅਤੇ ਸਸਕਾਰ ਦਾ ਪ੍ਰਬੰਧ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੈ। ਪਰ ਲੁਧਿਆਣਾ ਪੁਲਿਸ ਦੀ ਇਸ ਲਾਪਰਵਾਹੀ ਦਾ ਖ਼ਾਮਿਆਜ਼ਾ ਹਸਪਤਾਲ ਸਟਾਫ਼ ਅਤੇ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਮਨੁੱਖੀ ਅਧਿਕਾਰਾਂ ਦਾ ਘਾਣ
ਮਰਨ ਤੋਂ ਬਾਅਦ ਵੀ ਮਨੁੱਖ ਨੂੰ ਸਨਮਾਨਜਨਕ ਅੰਤਿਮ ਵਿਦਾਈ ਦਾ ਅਧਿਕਾਰ ਹੈ, ਪਰ ਲੁਧਿਆਣਾ ਪ੍ਰਸ਼ਾਸਨ ਇਨ੍ਹਾਂ ਬੇਸਹਾਰਾ ਰੂਹਾਂ ਨੂੰ ਇਹ ਹੱਕ ਦੇਣ ਵਿੱਚ ਵੀ ਨਾਕਾਮ ਰਿਹਾ ਹੈ।ਇਸ ਗੱਲ ਦਾ ਸਖਤ ਨੋਟਿਸ ਲੈਂਦਿਆਂ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਕਿਹਾ "ਕੀ ਅਣਪਛਾਤੇ ਹੋਣਾ ਹੀ ਇਨ੍ਹਾਂ ਦਾ ਸਭ ਤੋਂ ਵੱਡਾ ਗੁਨਾਹ ਹੈ? ਜਿਹੜੇ ਲੋਕ ਜਿਉਂਦੇ ਜੀਅ ਅਪਨੱਤ ਨੂੰ ਤਰਸਦੇ ਰਹੇ, ਅੱਜ ਮੌਤ ਤੋਂ ਬਾਅਦ ਵੀ ਪ੍ਰਸ਼ਾਸਨਿਕ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ।" ਇਸ ਸਬੰਧੀ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੂੰ ਅਰਵਿੰਦ ਸ਼ਰਮਾ ਵੱਲੋ ਲਿਖੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਨ੍ਹਾਂ ਲਾਸ਼ਾਂ ਦਾ ਸਨਮਾਨਜਨਕ ਤਰੀਕੇ ਨਾਲ ਸਸਕਾਰ ਕੀਤਾ ਜਾ ਸਕੇ।
ਪੁਲਿਸ ਨੂੰ ਰੀਮਾਈਂਡਰ ਦੇ ਬਾਵਜੂਦ ਲਾਸ਼ਾਂ ਦੇ ਸਸਕਾਰ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ- ਡਾਕਟਰ ਅਭਿਸ਼ੇਕ ਮੰਗਲਾ
ਇਕ ਨਿੱਜੀ ਅਖ਼ਬਾਰ ਨੂੰ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਡਾਕਟਰ ਅਭਿਸ਼ੇਕ ਮੰਗਲਾ ਨੇ ਦੱਸਿਆ ਕਿ ਇਸ ਸਮੇਂ 20 ਲਾਵਾਰਿਸ ਲਾਸ਼ਾਂ ਪਈਆਂ ਹਨ, ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਆ ਰਿਹਾ। ਪੁਲਿਸ ਨੂੰ ਵਾਰ-ਵਾਰ ਯਾਦ ਦਿਵਾਉਣ (ਰੀਮਾਈਂਡਰ) ਦੇ ਬਾਵਜੂਦ ਵੀ ਲਾਸ਼ਾਂ ਦੇ ਸਸਕਾਰ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। 20 ਵਿੱਚੋਂ 10 ਲਾਸ਼ਾਂ ਪਿਛਲੇ 9 ਤੋਂ 41 ਦਿਨਾਂ ਤੋਂ ਫਰੀਜ਼ਰਾਂ ਵਿੱਚ ਪਈਆਂ ਗਲ ਰਹੀਆਂ ਹਨ। ਸਭ ਤੋਂ ਪੁਰਾਣੀਆਂ ਦੋ ਦੇਹਾਂ 7 ਫਰਵਰੀ ਤੋਂ ਮੁਰਦਾਘਰ ਵਿੱਚ ਹਨ। ਪੁਲਿਸ ਸਿਸਟਮ ਦੀ ਇਸ ਬੇਰੁਖੀ ਕਾਰਨ ਹਸਪਤਾਲ ਪ੍ਰਬੰਧਨ ਲਈ ਇਨ੍ਹਾਂ ਲਾਸ਼ਾਂ ਨੂੰ ਸਾਂਭਣਾ ਇੱਕ ਵੱਡੀ ਸਿਰਦਰਦੀ ਬਣ ਗਿਆ ਹੈ।
Click to Follow Babushahi Facebook page →