ਲੁਧਿਆਣਾ ਪਹੁੰਚ ਕੇ CM ਸੈਨੀ ਨੇ ਆਤਿਸ਼ੀ ਮਾਮਲੇ 'ਤੇ ਦਿੱਤਾ ਵੱਡਾ ਬਿਆਨ
ਲੁਧਿਆਣਾ, 11 ਜਨਵਰੀ, 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਸਮਰਾਲਾ ਪਹੁੰਚੇ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਮੱਥਾ ਟੇਕਿਆ।
ਮੱਥਾ ਟੇਕਣ ਤੋਂ ਬਾਅਦ ਸੀ.ਐਮ. ਨਾਇਬ ਸੈਣੀ ਨੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਤਪੱਸਿਆ ਵਾਲੀ ਧਰਤੀ 'ਤੇ ਮੱਥਾ ਟੇਕਣ ਪਹੁੰਚੇ ਹਨ। ਉਨ੍ਹਾਂ ਕਿਹਾ, "ਗੁਰੂਆਂ ਨੇ ਇਸ ਦੇਸ਼, ਸਮਾਜ ਅਤੇ ਧਰਮ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਇਤਿਹਾਸ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖੇਗਾ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਗੁਰੂਆਂ ਦੀਆਂ ਕੁਰਬਾਨੀਆਂ ਕਾਰਨ ਹੀ ਅਸੀਂ ਅੱਜ ਆਜ਼ਾਦੀ ਦਾ ਸਾਹ ਲੈ ਰਹੇ ਹਾਂ।"
ਦਿੱਲੀ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨਾਲ ਸਬੰਧਤ ਵਿਵਾਦਿਤ ਵੀਡੀਓ ਮਾਮਲੇ 'ਤੇ ਬੋਲਦਿਆਂ, ਸੈਣੀ ਨੇ ਕਿਹਾ, "ਕੁਝ ਲੋਕ ਇਸ ਤਰ੍ਹਾਂ ਕਰਦੇ ਹਨ ਕਿ ਉਹ ਆਪਣੀ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਹਨ। ਗੁਰੂਆਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਜੋ ਸੰਘਰਸ਼ ਸਿਖਾਇਆ ਹੈ, ਉਸ ਵਿੱਚ ਗਲਤ ਬੋਲਣਾ ਤਾਂ ਦੂਰ ਦੀ ਗੱਲ ਹੈ, ਗਲਤ ਸੋਚਣਾ ਵੀ ਪਾਪ ਹੈ।"
ਪੰਜਾਬ ਸਰਕਾਰ 'ਤੇ ਸਵਾਲ
ਸੀ.ਐਮ. ਸੈਣੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਵੀ ਤਿੱਖਾ ਹਮਲਾ ਕੀਤਾ ਅਤੇ ਕਈ ਸਵਾਲ ਉਠਾਏ: ਉਨ੍ਹਾਂ ਪੰਜਾਬ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਕਿ ਕਿਸਾਨਾਂ ਨੂੰ ਕਿੰਨੇ ਰੁਪਏ ਦਿੱਤੇ ਗਏ ਹਨ? ਉਨ੍ਹਾਂ ਕਿਹਾ, "ਲੋਕ ਕੰਮ ਪਸੰਦ ਕਰਦੇ ਹਨ ਪਰ ਇਹ ਸਰਕਾਰ ਗੱਲਾਂ ਤੋਂ ਪੇਟ ਭਰਦੀ ਹੈ।"
ਮੈਨੀਫੈਸਟੋ ਵਾਅਦੇ: ਉਨ੍ਹਾਂ ਨੇ 'ਆਪ' ਸਰਕਾਰ ਨੂੰ ਚੋਣ ਮੈਨੀਫੈਸਟੋ ਯਾਦ ਕਰਵਾਉਂਦਿਆਂ ਪੁੱਛਿਆ ਕਿ ਜਿੱਥੇ ₹2500 ਸਨਮਾਨ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਸ ਵਾਅਦੇ ਦਾ ਕੀ ਹੋਇਆ, ਜਦੋਂ ਕਿ ਸਰਕਾਰ ਦੇ 4 ਸਾਲ ਪੂਰੇ ਹੋਣ ਵਾਲੇ ਹਨ।