ਲਾਲੜੂ-ਚਾਂਦਹੇੜੀ ਸੰਪਰਕ ਸੜਕ ਦੇ ਮੰਦੇ ਹਾਲ: ਮੇਨ ਹੋਲਾਂ ਤੱਕ ਨੂੰ ਢੱਕਣ ਨਹੀਂ, ਲੋਕ ਚਿੱਕੜੀ 'ਚ ਲੰਘਣ ਲਈ ਮਜਬੂਰ
ਮਲਕੀਤ ਸਿੰਘ ਮਲਕਪੁਰ
ਲਾਲੜੂ 14 ਜਨਵਰੀ 2025: ਪਿਛਲੇ ਲੰਮੇਂ ਸਮੇਂ ਤੋਂ ਅਖ਼ਬਾਰੀ ਸੁਰਖੀਆਂ ਬਟੋਰਦੀ ਤੇ ਜਾਗਰੂਕ ਸ਼ਹਿਰੀਆਂ ਦੀ ਅਹਿਮ ਮੰਗ ਲਾਲੜੂ-ਚਾਂਦਹੇੜੀ ਸੰਪਰਕ ਸੜਕ ਬਣਨੀ ਤਾਂ ਹੁਣ ਦੂਰ ਦੀ ਗੱਲ , ਸਗੋਂ ਇਹ ਮੁੰਗੇਰੀ ਲਾਲ ਦਾ ਸੁਪਨਾ ਬਣ ਕੇ ਰਹਿ ਗਈ ਹੈ । ਹੁਣ ਤਾਂ ਇਸ ਸੜਕ ਵਿੱਚ ਪਈ ਸੀਵਰੇਜ਼ ਦੇ ਬਣੇ ਮੇਲ ਹੋਲਾਂ ਨੂੰ ਢੱਕਣ ਵੀ ਨਸੀਬ ਨਹੀਂ ਹੋ ਰਹੇ। ਇਹ ਸਭ ਕੁੱਝ ਉਸ ਸਮੇਂ ਹੋ ਰਿਹਾ ਹੈ, ਜਦੋਂ ਇਹ ਮੇਨ ਹੋਲ ਪੰਜ-ਪੰਜ ਫੁੱਟ ਡੂੰਘੇ ਹਨ ਤੇ ਜੇ ਇਨ੍ਹਾਂ ਵਿਚ ਰਾਹਗੀਰ ਡਿੱਗ ਜਾਵੇ ਤਾਂ ਉਸ ਦੀ ਆਵਾਜ਼ ਵੀ ਬਾਹਰ ਨਾ ਆਵੇ । ਇਹ ਸੜਕ ਇਸ ਕਦਰ ਆਪਣੀ ਹੋਂਦ ਗੁਆ ਚੁੱਕੀ ਹੈ ਕਿ ਹੁਣ ਇਸ ਉੱਤੇ ਪਿਆ ਗਟਕਾ ਵੀ ਮਿੱਟੀ ਵਿੱਚ ਰਲ ਗਿਆ ਹੈ।
ਥੋੜੀ ਜਿਹੀ ਬਰਸਾਤ ਪੈਣ ਨਾਲ ਇਹ ਮਿੱਟੀ ਚਿੱਕੜੀ ਵਿੱਚ ਬਦਲ ਜਾਂਦੀ ਹੈ ਅਤੇ ਭਾਰੀ ਵਾਹਨਾਂ ਨਾਲ ਇਹ ਚਿਕੜ ਟਾਇਰਾਂ ਰਾਹੀ ਨੇੜੇ ਲੰਘਦੇ ਰਾਹਗੀਰਾਂ ਤੇ ਵਾਹਨਾਂ ਉੱਤੇ ਇਸ ਕਦਰ ਡਿੱਗਦੀ ਹੈ ਕਿ ਸਾਰੇ ਰਾਹਗੀਰ ਤੇ ਵਾਹਨ ਚਿੱਕੜ ਨਾਲ ਲਬੇੜੇ ਜਾਂਦੇ ਹਨ। ਆਗਾਂਪੁਰ ਵਾਸੀ ਕੁਲਵਿੰਦਰ ਸਿੰਘ, ਗੁਰਮੁੱਖ ਸਿੰਘ, ਨਿਰਮੈਲ ਸਿੰਘ, ਗੁਰਜੀਤ ਸਿੰਘ,ਮੋਹਨ ਸਿੰਘ ਤੇ ਰਾਮ ਕੁਮਾਰ ਫੌਜੀ ਆਦਿ ਦਾ ਕਹਿਣਾ ਹੈ ਕਿ ਲਾਲੜੂ ਤੋਂ ਵੇਰਕਾ ਬੂਥ ਕੋਲੋਂ ਲੰਘਦੀ ਇਸ ਸੜਕ ਦਾ ਕੁੱਝ ਹਿੱਸਾ ਨਗਰ ਕੌਂਸਲ ਅਧੀਨ ਤੇ ਕੁੱਝ ਹਿੱਸਾ ਮੰਡੀਕਰਨ ਬੋਰਡ ਅਧੀਨ ਪੈਂਦਾ ਹੈ । ਉਨ੍ਹਾਂ ਦੱਸਿਆ ਕਿ ਉਕਤ ਸੜਕ ਨੂੰ ਬਣੀ ਨੂੰ ਕਰੀਬ ਇੱਕ ਦਹਾਕਾ ਬੀਤ ਚੁੱਕਾ ਹੈ, ਪਰ ਹੁਣ ਤੱਕ ਨਗਰ ਕੌਂਸਲ ਇਸ ਨੂੰ ਬਣਾਉਣ ਬਾਰੇ ਗੰਭੀਰ ਨਹੀਂ ਜਾਪ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਸੜਕ ਰਾਹੀਂ ਭਾਰੀ ਵਾਹਨ (ਟਿੱਪਰ ਆਦਿ) ਰੋਜ਼ਾਨਾ ਲੰਘਦੇ ਹਨ, ਜਿਨ੍ਹਾਂ ਦਾ ਇਸ ਸੜਕ ਨੂੰ ਤੋੜਨ ਵਿੱਚ ਮੁੱਖ ਰੋਲ ਹੈ।
ਉਨ੍ਹਾਂ ਦੱਸਿਆ ਕਿ ਇਹ ਸੰਪਰਕ ਸੜਕ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਲਾਲੜੂ ਸ਼ਹਿਰ ਨਾਲ ਜੋੜਦੀ ਹੈ, ਜਿਸ ਰਾਹੀਂ ਰੋਜ਼ਾਨਾ ਲੋਕਾਂ ਦਾ ਬਜਾਰ ਵਿੱਚ ਕੰਮ ਲਈ ਆਉਣਾ -ਜਾਣਾ ਬਣਿਆ ਰਹਿੰਦਾ ਹੈ, ਪਰ ਪਈ ਬਰਸਾਤ ਦੇ ਕਾਰਨ ਉਹ ਇਸ ਸੜਕ ਉੱਤੇ ਡਿੱਗੇ ਬਿਨ੍ਹਾਂ ਘਰ ਨਹੀਂ ਪੁੱਜ ਰਹੇ। ਸੜਕ ਉੱਤੇ ਫੈਲੀ ਚਿਕੜੀ ਕਾਰਨ ਰਾਹਗੀਰ ਡਿੱਗ ਕੇ ਸੱਟਾਂ ਖਾ ਰਹੇ ਹਨ ਅਤੇ ਵਾਹਨ ਵੀ ਨੁਕਸਾਨੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਨਗਰ ਕੌਂਸਲ ਇਸ ਸੰਪਰਕ ਸੜਕ ਦੀ ਸਾਰ ਲਵੇ ਤਾਂ ਜੋ ਰਾਹਗੀਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ।
ਇਸ ਸਬੰਧੀ ਸੰਪਰਕ ਕਰਨ ਉਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਸੜਕ ਬਣਾਉਣ ਦੀ ਕਾਰਵਾਈ ਵਿਚਾਰਧੀਨ ਹੈ ਜਦਕਿ ਮੇਨ ਹੋਲ ਵਾਲੇ ਖੱਡਿਆਂ ਦੇ ਢੱਕਣ ਨਾ ਹੋਣ ਬਾਰੇ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਿਆ ਹੈ ਤੇ ਕੱਲ ਨੂੰ ਉਹ ਮੌਕਾ ਵੇਖ ਕੇ ਢੱਕਣ ਰਖਵਾ ਦੇਣਗੇ ।