Big Update: ਰਣਜੀਤ ਸਿੰਘ ਕਤਲ ਕੇਸ ਸਬੰਧੀ ਪਿੰਡ ਆਦੀਆਂ ਦੀ ਗ੍ਰਾਮ ਸਭਾ ਵੱਲੋਂ ਇਨਸਾਫ ਲਈ ਪਾਇਆ ਗਿਆ 'ਮਤਾ'
Ravi Jakhu
ਪਿੰਡ ਆਦੀਆ (ਪੰਜਾਬ): 2 ਮਾਰਚ, 2026 : ਪਿੰਡ ਆਦੀਆ ਵਿੱਚ ਅੱਜ ਗ੍ਰਾਮ ਸਭਾ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਰਣਜੀਤ ਸਿੰਘ ਦੀ ਦੁਖਦਾਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਮੂਹ ਗ੍ਰਾਮ ਸਭਾ ਮੈਂਬਰਾਂ ਅਤੇ ਪਿੰਡ ਨਿਵਾਸੀਆਂ ਨੇ ਇੱਕਮਤ ਹੋ ਕੇ ਰਣਜੀਤ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇੱਕ ਵਿਸ਼ੇਸ਼ ਮਤਾ ਪਾਸ ਕੀਤਾ।
28 ਫਰਵਰੀ 2026 ਨੂੰ ਗ੍ਰਾਮ ਸਭਾ ਪਿੰਡ ਆਦੀਆਂ ਦਾ ਆਮ ਇਜਲਾਸ ਹੋਇਆ ਅਤੇ ਇਸ ਵਿੱਚ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ ਗਈਆਂ।
--
ਗ੍ਰਾਮ ਪੰਚਾਇਤ ਅਤੇ ਸਭਾ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ 21 ਫਰਵਰੀ 2026 ਨੂੰ ਜੋ ਪਿੰਡ ਵਿੱਚ ਵਾਰਦਾਤ ਹੋਈ, ਉਸ ਵਿੱਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ, ਉਸ ਸਬੰਧ ਵਿੱਚ ਸਮੂਹ ਪੰਚਾਇਤ ਆਦੀਆਂ, ਬਲਾਕ ਦੋਰਾਗੱਲਾਂ, ਹਲਕਾ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਤਸਦੀਕ ਕਰਦਾ ਹੈ ਕਿ ਪਿੰਡ ਆਦੀਆਂ ਦੇ ਸਰਪੰਚ ਰਵਿੰਦਰ ਕੌਰ ਦੇ ਪਤੀ ਸਰਦਾਰ ਕਮਲਜੀਤ ਸਿੰਘ ਨੂੰ ਐਸਐਚਓ ਦੋਰਾਗੱਲਾਂ ਬਨਾਰਸੀ ਦਾਸ ਦਾ ਮਿਤੀ 22 ਫਰਵਰੀ 2026 ਨੂੰ ਸਮਾਂ ਸਵੇਰੇ ਕਰੀਬ 8 ਵਜਕੇ 39 ਮਿੰਟ 'ਤੇ ਫੋਨ ਆਇਆ ਜਿਸ ਵਿੱਚ ਦੱਸਿਆ ਕਿ ਪਿੰਡ ਆਦੀਆਂ ਦੇ ਮੋੜ 'ਤੇ ਨਾਕੇ 'ਤੇ ਜਾ ਕੇ ਗੁਰਨਾਮ ਸਿੰਘ ਅਤੇ ਅਸ਼ੋਕ ਕੁਮਾਰ ਨਾਲ ਗੱਲ ਕਰਵਾਓ। ਜਿਸ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਕਤ ਮੁਲਾਜ਼ਮਾਂ ਨੂੰ ਗੋਲੀ ਲੱਗੀ ਹੋਈ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਸੀ। ਉਸ ਸਮੇਂ ਇਸ ਬਾਰੇ ਸਰਪੰਚ ਰਵਿੰਦਰ ਕੌਰ ਵੱਲੋਂ ਐਸ ਐਚ ਓ ਨੂੰ ਸੂਚਿਤ ਕਰ ਦਿੱਤਾ ਗਿਆ, ਫਿਰ ਉੱਥੇ ਪੁਲਿਸ ਅਫਸਰ ਆ ਗਏ ਅਤੇ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਈ ਪੁਲਿਸ ਪਾਰਟੀਆਂ ਪਿੰਡ ਆਦੀਆਂ ਅਤੇ ਸੀਸੀਟੀਵੀ ਕੈਮਰਿਆਂ ਦੀਆਂ ਰਿਕਾਰਡਿੰਗ ਚੈੱਕ ਕੀਤੀਆਂ ਅਤੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ। ਮਿਤੀ 24 ਫਰਵਰੀ 2026 ਨੂੰ ਸਮਾਂ ਕਰੀਬ 4 ਵਜੇ ਸ਼ਾਮ ਐਸਐਚਓ ਬਹਿਰਾਮਪੁਰ ਸਾਹਿਲ ਪਠਾਨੀਆਂ ਅਤੇ ਆਪਣੇ ਪੁਲਿਸ ਦੇ ਸਾਥੀਆਂ ਸਮੇਤ ਰਣਜੀਤ ਸਿੰਘ ਪੁੱਤਰ ਬਿਕਰਮ ਸਿੰਘ ਦੇ ਘਰ ਆਏ ਅਤੇ ਉਸ ਦੀ ਮਾਤਾ ਲਖਵਿੰਦਰ ਕੌਰ, ਚਾਚੀ ਕਮਲਜੀਤ ਕੌਰ, ਚਾਚੇ ਦੀਆਂ ਬੇਟੀਆਂ ਹਰਸਿਮਰਨਦੀਪ ਕੌਰ ਅਤੇ ਸੁਖਮਨਦੀਪ ਕੌਰ, ਮਾਸੀ ਸੁਰਜੀਤ ਕੌਰ, ਮਾਸੜ ਗੁਰਚਰਨ ਸਿੰਘ, ਗਵਾਂਢੀ ਕੁਲਦੀਪ ਕੌਰ, ਰੁਪਿੰਦਰ ਕੌਰ ਅਤੇ ਗਗਨਦੀਪ ਦੇ ਸਾਹਮਣੇ ਘਰ ਦੀ ਤਲਾਸ਼ੀ ਉਪਰੰਤ ਰਣਜੀਤ ਸਿੰਘ ਨੂੰ ਆਪਣੇ ਨਾਲ ਸਕਾਰਪੀਓ ਗੱਡੀ ਵਿੱਚ ਬਿਠਾ ਕੇ ਲੈ ਗਏ। ਮਿਤੀ 24 ਫਰਵਰੀ 2026 ਨੂੰ ਸਮਾਂ ਰਾਤ ਕਰੀਬ 10 ਵਜੇ ਐਸ ਐਚ ਓ ਬਹਿਰਾਮਪੁਰ ਸਾਹਿਲ ਪਠਾਨੀਆ ਅਤੇ 10-15 ਪੁਲਿਸ ਮੁਲਾਜ਼ਮ ਪਿੰਡ ਆਦੀ ਕਸ਼ਮੀਰ ਸਿੰਘ ਪੁੱਤਰ ਬਿਸ਼ਨ ਸਿੰਘ, ਲਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਡੀਵੀਆਰ ਬਗੈਰ ਕੋਈ ਲਿਖਤ ਦੇ ਗੈਰ ਕਾਨੂੰਨੀ ਤਰੀਕੇ ਨਾਲ ਲੈ ਗਏ। ਇਸ ਤੋਂ ਇਲਾਵਾ ਪਰਮਜੀਤ ਕੌਰ ਦੇ ਘਰ ਲੱਗਾ ਚਿੱਪ ਵਾਲਾ ਕੈਮਰਾ ਵੀ ਤੋੜ ਕੇ ਨਾਲ ਲੈ ਗਏ। ਪਰਮਜੀਤ ਕੌਰ ਅਤੇ ਗੁਰਦੁਆਰਾ ਸਾਹਿਬ ਦੇ ਕੈਮਰੇ ਅਤੇ ਡੀਵੀਆਰ ਐਸਐਚਓ ਜਤਿੰਦਰ ਪਾਲ ਐਸ ਐਚ ਓ ਕਾਲਾਨੌਰ ਲਾ ਕੇ ਲੈ ਗਏ। ਇਸ ਤੋਂ ਬਾਅਦ ਪਿੰਡ ਦੇ ਨੌਜਵਾਨ ਜਸਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਦੀ ਭੂਆ ਦਾ ਪੁੱਤ ਪ੍ਰਤੀਦ ਸਿੰਘ ਨੂੰ ਵੀ ਪੁਲਿਸ ਲੈ ਗਈ। ਪਿੰਡ ਦੇ ਹੀ ਇੰਦਰਜੀਤ ਸਿੰਘ ਦੀਆਂ ਭੈਣਾਂ, ਭਾਬੀ ਅਤੇ ਪਿਤਾ ਨੂੰ ਵੀ ਲੈ ਗਈ। ਉਨ੍ਹਾਂ ਬਾਰੇ ਕੋਈ ਪਤਾ ਨਹੀਂ, ਕਿਉਂ ਤੇ ਕਿਸ ਕੇਸ ਵਿੱਚ ਲੈ ਗਈ। ਰਣਜੀਤ ਸਿੰਘ ਨੂੰ ਰਾਤ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਝੂਠੀ ਕਹਾਣੀ ਬਣਾ ਕੇ ਪਿੰਡ ਪੁਰਾਣਾ ਛਾਲਾ ਨੇੜੇ ਥਾਣੇ ਦੇ ਨਜ਼ਦੀਕ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ, ਜਿਸ ਦੀ ਸਮੂਹ ਪੰਚਾਇਤ ਅਤੇ ਸਮੂਹ ਪਿੰਡ ਵਾਸੀ ਨਿਖੇਧੀ ਕਰਦੇ ਹਨ ਅਤੇ ਗ੍ਰਾਮ ਸਭਾ ਅਤੇ ਪੰਚਾਇਤ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੁਲਿਸ ਵੱਲੋਂ ਕੀਤੇ ਗਏ ਇਸ ਕਤਲ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਬੜੇ ਦੁੱਖ ਦੀ ਗੱਲ ਹੈ ਕਿ ਜੋ ਪੰਚਾਇਤ ਕਾਰਵਾਈ ਰਜਿਸਟਰ ਹੁੰਦਾ ਹੈ, ਉਹ ਰਜਿਸਟਰ ਬੀਡੀਪੀਓ ਦਿਲਬਾਗ ਸਿੰਘ ਦੇ ਕੋਲ ਹੈ, ਅਸੀਂ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਬੀਡੀਪੀਓ ਨੂੰ ਰਜਿਸਟਰ ਦੇਣ ਲਈ ਬੇਨਤੀ ਕੀਤੀ, ਪਰ ਉਸਨੇ ਰਜਿਸਟਰ ਨਹੀਂ ਦਿੱਤਾ। ਇਸ ਕਰਕੇ ਅਸੀਂ ਆਮ ਰਜਿਸਟਰ ਉੱਪਰ ਸਰਪੰਚ ਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਸਮੁੱਚੇ ਪਿੰਡ ਨੇ ਇਕੱਠ ਕਰਕੇ ਇਹ ਮਤਾ ਪਾਇਆ ਹੈ ਕਿ ਜਿਸ ਨੂੰ ਹਰਵਿੰਦਰ ਪੁੱਤਰ ਝਿਰਮਲ ਸਿੰਘ ਨੇ ਪੜ੍ਹ ਕੇ ਸੁਣਾਇਆ ਹੈ ਅਤੇ ਸਮੁੱਚੀ ਗ੍ਰਾਮ ਸਭਾ ਨੇ ਤਾਇਦ ਕੀਤੀ ਹੈ।




Click to Follow Babushahi Facebook page →