ਮਹੰਤ ਗੁਰਬੰਤਾ ਦਾਸ ਸਕੂਲ ਵਿਖੇ ਬਹਿਰੇ ਅਤੇ ਗੂੰਗੇ ਬੱਚਿਆਂ ਲਈ ਦਾਖਲੇ ਸ਼ੁਰੂ - DC ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 18 ਅਪ੍ਰੈਲ 2026: ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਬਠਿੰਡਾ ਵੱਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ ਬਠਿੰਡਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਗੂੰਗੇ ਅਤੇ ਬੋਲੇ ਬੱਚਿਆਂ ਲਈ ਦਾਖਲੇ ਸ਼ੁਰੂ ਹੋ ਗਏ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਰੈਡ ਕ੍ਰਾਸ ਸੁਸਾਇਟੀ ਬਠਿੰਡਾ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਕੂਲ ਵਿਖੇ ਇਨ੍ਹਾਂ ਬੱਚਿਆਂ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਦਿੱਤੀ ਜਾ ਰਹੀ ਹੈ। ਸਕੂਲ ਦਾ ਮੁੱਖ ਉਦੇਸ਼ ਬੋਲਣ ਅਤੇ ਸੁਣਨ ਚ ਅਸਮਰਥ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਆਤਮਨਿਰਭਰ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ।
ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਤੋਂ ਦਸਵੀਂ ਜਮਾਤ ਤੱਕ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇੱਥੇ ਬੱਚਿਆਂ ਲਈ ਆਧੁਨਿਕ ਸਹੂਲਤਾਂ ਜਿਵੇਂ ਕਿ ਸਾਫ਼-ਸੁਥਰਾ ਅਤੇ ਅਨੁਕੂਲ ਵਾਤਾਵਰਣ, ਸਮਰਪਿਤ ਅਤੇ ਤਜਰਬੇਕਾਰ ਅਧਿਆਪਕਾਂ ਦੀ ਟੀਮ ਅਤੇ ਸਿੱਖਣ ਲਈ ਲੋੜੀਂਦਾ ਸਾਰਾ ਸਾਮਾਨ ਉਪਲਬਧ ਹੈ ।
ਇਸ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਅਤੇ ਹੋਰ ਗਤੀਵਿਧੀਆਂ ਨੂੰ ਵੀ ਪ੍ਰਮੋਟ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਲਾਈ, ਸਿਲਾਈ-ਕਢਾਈ, ਬਿਊਟੀਸ਼ਨ ਅਤੇ ਬੇਕਰੀ ਵਰਗੀਆਂ ਕੌਸ਼ਲ ਅਧਾਰਤ ਟ੍ਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਭਵਿੱਖ ਵਿੱਚ ਰੋਜ਼ਗਾਰ ਦੇ ਯੋਗ ਬਣ ਸਕਣ ਅਤੇ ਆਪਣੇ ਜੀਵਨ ਨੂੰ ਸੁਤੰਤਰ ਤਰੀਕੇ ਨਾਲ ਬਿਤਾ ਸਕਣ।
ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਬਠਿੰਡਾ ਨੇ ਮਾਪਿਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਘਰ ਜਾਂ ਆਸ ਪਾਸ ਵਿੱਚ ਕੋਈ ਬੱਚਾ ਜੋ ਬੋਲ ਜਾਂ ਸੁਣ ਨਹੀਂ ਸਕਦਾ, ਤਾਂ ਉਸ ਨੂੰ ਇਸ ਸਕੂਲ ਵਿੱਚ ਦਾਖ਼ਲ ਕਰਵਾਇਆ ਜਾਵੇ ਤਾਂ ਜੋ ਉਸ ਨੂੰ ਬਿਹਤਰ ਸਿੱਖਿਆ ਅਤੇ ਤਜਰਬਾ ਮਿਲ ਸਕੇ। ਹੋਰ ਜਾਣਕਾਰੀ ਲਈ ਸੰਪਰਕ ਨੰਬਰ 9872666803, 8146898987, 7986443529 ਜਾਂ ਈਮੇਲ mgdbtschool@gmail.com ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Click to Follow Babushahi Facebook page →