ਬੇਅਦਬੀਆਂ ਦੇ ਦੋਸ਼ੀਆਂ ਨੂੰ ਮਿਲੇ ਉਮਰ ਕੈਦ; ਸੁਖਬੀਰ ਨੇ ਕੀਤੀ ਮੰਗ- ਬਲਤੇਜ ਪੰਨੂ ਨੇ ਬਾਦਲ 'ਤੇ ਹੀ ਕੱਸਿਆ ਤੰਜ
Babushahi Network
ਚੰਡੀਗੜ੍ਹ, 20 ਮਾਰਚ 2026: ਪੰਜਾਬ ਦੀ ਸਿਆਸਤ ਵਿੱਚ ਬੇਅਦਬੀ ਦਾ ਮੁੱਦਾ ਇੱਕ ਵਾਰ ਫਿਰ ਭੱਖ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਵਾਲਾ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ, ਜਿਸ ਦੇ ਜਵਾਬ ਵਿੱਚ 'ਆਪ' ਬੁਲਾਰੇ ਬਲਤੇਜ ਪੰਨੂ ਨੇ ਅਕਾਲੀ ਦਲ ਦੇ ਪਿਛਲੇ ਕਾਰਜਕਾਲ ਦੌਰਾਨ ਵਾਪਰੀਆਂ ਘਟਨਾਵਾਂ ਦੀ ਯਾਦ ਦਿਵਾਉਂਦਿਆਂ ਤਿੱਖੇ ਸਵਾਲ ਦਾਗੇ ਹਨ।
"ਉਮਰ ਕੈਦ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ"- ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਕਾਨੂੰਨ ਬੇਅਦਬੀ ਰੋਕਣ ਵਿੱਚ ਨਾਕਾਮ ਹਨ। ਬਾਦਲ ਨੇ ਯਾਦ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਧਾਰਾ 295-AA ਰਾਹੀਂ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਰੱਖੀ ਸੀ। ਪਹਿਲਾਂ ਸਜ਼ਾ ਸਿਰਫ਼ 2 ਸਾਲ ਸੀ, ਜੋ ਬਹੁਤ ਘੱਟ ਹੈ। ਅਪਰਾਧੀਆਂ ਵਿੱਚ ਡਰ ਪੈਦਾ ਕਰਨ ਲਈ ਸਖ਼ਤ ਕਾਨੂੰਨ ਲਾਜ਼ਮੀ ਹੈ। ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਮਰਿਆਦਾ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕਾਨੂੰਨ ਬਣਨਾ ਚਾਹੀਦਾ ਹੈ।
"ਪੰਜਾਬੀ ਸਭ ਯਾਦ ਰੱਖਦੇ ਹਨ"- ਬਲਤੇਜ ਪੰਨੂ
'ਆਪ' ਬੁਲਾਰੇ ਬਲਤੇਜ ਪੰਨੂ ਨੇ ਅਕਾਲੀ ਦਲ ਨੂੰ ਪੁਰਾਣੇ ਗੁਨਾਹ ਯਾਦ ਕਰਵਾਉਂਦਿਆਂ ਕਿਹਾ ਕਿ, ਨਕੋਦਰ (1986) ਅਤੇ ਬਰਗਾੜੀ (2015) ਦੀਆਂ ਘਟਨਾਵਾਂ ਵੇਲੇ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਸੀ, ਸਗੋਂ ਅਕਾਲੀ ਦਲ ਦੀ ਜ਼ਿੰਮੇਵਾਰੀ ਸੀ। ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਨੇ ਸਿੱਧਾ ਉਂਗਲ ਅਕਾਲੀ ਦਲ ਵੱਲ ਚੁੱਕੀ ਸੀ। ਸੁਖਬੀਰ ਬਾਦਲ ਖ਼ੁਦ ਅਤੇ ਉਸ ਵੇਲੇ ਦੇ ਕਈ ਉੱਚ ਪੁਲਿਸ ਅਧਿਕਾਰੀ ਇਨ੍ਹਾਂ ਮਾਮਲਿਆਂ ਵਿੱਚ ਜ਼ਮਾਨਤਾਂ 'ਤੇ ਹਨ। "ਪੰਜਾਬ ਨੂੰ ਹਨੇਰੀ ਗੁਫ਼ਾ ਵਿੱਚ ਧੱਕਣ ਵਾਲੇ ਅੱਜ ਕਾਨੂੰਨ ਦੀਆਂ ਗੱਲਾਂ ਕਰ ਰਹੇ ਹਨ, ਜਦਕਿ ਲੋਕ ਅੱਜ ਵੀ 2007-2017 ਦੇ ਦੌਰ ਦਾ ਹਿਸਾਬ ਮੰਗ ਰਹੇ ਹਨ।"
Click to Follow Babushahi Facebook page →