ਬਰਨਾਲਾ: ਘਰ 'ਚ ਵੱਡਾ ਧਮਾਕਾ, ਪੁਲਿਸ ਜਾਂਚ 'ਚ ਜੁਟੀ
ਕਮਲਜੀਤ ਸੰਧੂ
ਬਰਨਾਲਾ 15 ਮਾਰਚ 2025- ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿੱਚ ਇੱਕ ਘਰ ਵਿੱਚ ਅਚਾਨਕ ਵੱਡਾ ਧਮਾਕਾ ਹੋਇਆ। ਧਮਾਕੇ ਕਾਰਨ ਘਰ ਦੀਆਂ ਤਿੰਨ ਛੱਤਾਂ ਉੱਡ ਗਈਆਂ, ਧਮਾਕੇ ਤੋਂ ਬਾਅਦ ਅਚਾਨਕ ਇੱਕ ਕਮਰੇ ਵਿੱਚ ਅੱਗ ਲੱਗ ਗਈ। ਘਰ ਦੇ ਮਾਲਕ ਨੂੰ ਅੱਗ ਵਿੱਚ ਝੁਲਸਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ, ਉਸਦੀ ਪਤਨੀ ਵੀ ਜ਼ਖ਼ਮੀ ਹੋ ਗਈ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜ਼ਖਮੀ ਹਰਮੇਲ ਸਿੰਘ ਇਲੈਕਟ੍ਰੀਸ਼ੀਅਨ ਮਕੈਨਿਕ ਦਾ ਕੰਮ ਕਰਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ 'ਤੇ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸੰਗਠਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਪ੍ਰਭਾਵਿਤ ਪਰਿਵਾਰਕ ਮੈਂਬਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰੁੜਕੀ ਕਲਾਂ ਥਾਣੇ ਦੇ ਐਸਐਚਓ ਗੁਰਮੇਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਜਾਵੇਗੀ ਅਤੇ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ।