ਪੰਜਾਬੀ ਯੂਨੀਵਰਸਿਟੀ ਦੀ ਖੋਜ : ਪੰਜਾਬੀ ਲਿਖ਼ਤਾਂ ਨੂੰ ਬਦਲੇ ਜਾ ਸਕਣ ਵਾਲ਼ੀ ਤਕਨੀਕ ਕੀਤੀ ਵਿਕਸਤ
-ਗੁਰਮੁਖੀ ਲਿਪੀ ਤੋਂ ਬਰੇਲ, ਆਟੋਮੈਟਿਕ ਫੌਂਟ ਪਰਿਵਰਤਕ ਅਤੇ ਟੈਕਸਟ-ਟੂ-ਸਪੀਚ ਵਰਗੀਆਂ ਉਪਯੋਗੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਤਕਨੀਕ
-ਸਿਰਫ਼ ਤਕਨੀਕ ਹੀ ਨਹੀਂ ਬਲਕਿ ਸਮਾਜਿਕ ਵਿਕਾਸ ਪੱਖੋਂ ਵੀ ਹੈ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਅਜਿਹੀਆਂ ਖੋਜਾਂ: ਡਾ. ਜਗਦੀਪ ਸਿੰਘ
ਪਟਿਆਲਾ, 6 ਜੁਲਾਈ 2025 : ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਪੰਜਾਬੀ ਲਿਖ਼ਤਾਂ ਨੂੰ ਨੇਤਰਹੀਣ ਵਿਅਕਤੀਆਂ ਵੱਲੋਂ ਪੜ੍ਹਨ ਲਈ ਵਰਤੀ ਜਾਂਦੀ ਬਰੇਲ ਲਿਪੀ ਵਿੱਚ ਬਦਲੇ ਜਾ ਸਕਣ ਵਾਲ਼ੀ ਤਕਨੀਕ ਵਿਕਸਤ ਕੀਤੀ ਗਈ ਹੈ।
ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਡਾ. ਚਰਨਜੀਵ ਸਿੰਘ ਸਰੋਆ ਵੱਲੋਂ ਡਾ. ਕਵਲਜੀਤ ਸਿੰਘ ਦੀ ਨਿਗਰਾਨੀ ਹੇਠ ਵਿਕਸਿਤ ਕੀਤੀ ਗਈ ਇਹ ਪ੍ਰਣਾਲੀ ਗੁਰਮੁਖੀ ਲਿਪੀ ਤੋਂ ਬਰੇਲ, ਆਟੋਮੈਟਿਕ ਫੌਂਟ ਪਰਿਵਰਤਕ, ਵਿਸ਼ਾਲ ਕਾਰਪਸ ਵਿਕਾਸ ਅਤੇ ਟੈਕਸਟ-ਟੂ-ਸਪੀਚ ਵਰਗੀਆਂ ਉਪਯੋਗੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ।
ਡਾ. ਕਵਲਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਕਨੀਕ ਵੇਖਣ ਤੋਂ ਅਸਮਰੱਥ ਵਿਅਕਤੀਆਂ ਦੀ ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਗਿਆਨ ਸਮੱਗਰੀ ਤੱਕ ਆਸਾਨ ਪਹੁੰਚ ਬਣਾਉਣ ਪੱਖੋਂ ਨਵਾਂ ਇਨਕਲਾਬ ਸਿੱਧ ਹੋਣ ਦੀ ਸਮਰਥਾ ਰਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦਾ ਮੁੱਖ ਉਦੇਸ਼ ਵੇਖਣ ਤੋਂ ਅਸਮਰੱਥ ਅਜਿਹੇ ਵਿਅਕਤੀਆਂ ਲਈ ਇਕ ਸਾਰਥਕ ਡਿਜੀਟਲ ਰਸਤਾ ਉਪਲਬਧ ਕਰਵਾਉਣਾ ਹੈ ਜੋ ਆਪਣੀ ਮਾਂ-ਭਾਸ਼ਾ ਵਿੱਚ
ਗਿਆਨ ਅਤੇ ਜਾਣਕਾਰੀ ਤੱਕ ਪਹੁੰਚ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ਨੂੰ ਨਿਰਵਿਘਨ ਅਤੇ ਤੇਜ਼ੀ ਨਾਲ਼ ਬਰੇਲ ਵਿੱਚ ਬਦਲ ਕੇ, ਵਿਅਕਤੀਆਂ ਵਿੱਚ ਆਤਮਨਿਰਭਰਤਾ ਪੈਦਾ ਕਰਦਿਆਂ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਪੱਖੋਂ ਇਹ ਤਕਨੀਕ ਅਸਰਦਾਰ ਯੋਗਦਾਨ ਪਾ ਸਕਦੀ ਹੈ।
ਖੋਜਾਰਥੀ ਡਾ. ਚਰਨਜੀਵ ਸਿੰਘ ਨੇ ਦੱਸਿਆ ਕਿ ਇਹ ਪ੍ਰਣਾਲੀ ਪੰਜਾਬੀ ਲਿਖਤ ਨੂੰ ਗਰੇਡ- 1 ਅਤੇ ਗਰੇਡ- 2 ਬਰੇਲ ਵਿੱਚ ਤੁਰੰਤ ਬਦਲਣ ਦੀ ਸਮਰਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਗਰੇਡ- 1 ਬਰੇਲ ਵਿੱਚ ਅੱਖਰ-ਅਧਾਰਿਤ ਬਦਲਾਅ ਕੀਤਾ ਜਾਂਦਾ ਹੈ ਜਿਸ ਵਿੱਚ ਹਰ ਪੰਜਾਬੀ ਅੱਖਰ ਨੂੰ ਬਰੇਲ ਦੇ ਇੱਕ ਅਨੁਕੂਲ ਚਿੰਨ੍ਹ ਵਿੱਚ ਤਬਦੀਲ ਕੀਤਾ ਜਾਂਦਾ ਹੈ। ਇਸ ਪੱਧਰ ਦੀ ਸ਼ੁੱਧਤਾ ਲਗਭਗ 99.9% ਹੈ। ਗਰੇਡ- 2 ਬਰੇਲ ਵਿੱਚ ਲਿਖਤ ਦੀ ਕੁਸ਼ਲਤਾ ਵਧਾਉਣ ਲਈ ਵੱਖ ਵੱਖ ਵਿਧੀਆਂ ਨਾਲ਼ ਬਰੇਲ ਕੋਡ ਪੈਟਰਨਜ਼ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਰੂਪਾਂਤਰਣ ਦੀ ਸ਼ੁੱਧਤਾ 99.7% ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਿਸਟਮਯੂਨੀਕੋਡ-ਅਧਾਰਿਤ ਟੈਕਸਟ ਇਨਪੁਟ ਨੂੰ ਸਵੀਕਾਰ ਕਰਦਾ ਹੈ ਅਤੇ ਪ੍ਰਾਪਤ ਲਿਖ਼ਤ ਸਮੱਗਰੀ ਦੀ ਬਰੇਲ ਆਊਟਪੁਟ ਨੂੰ ਬੀ. ਆਰ. ਐੱਫ. (ਬਰੇਲ ਰੈਡੀ ਫਾਰਮੈਟ) ਜਾਂ ਟੈਕਸਟ ਫਾਰਮੈਟ ਵਿੱਚ ਐਕਸਪੋਰਟ ਕਰ ਸਕਦਾ ਹੈ, ਜਿਸ ਨੂੰ ਅੱਗੇ ਸਕਰੀਨ ਰੀਡਰ ਜਾਂ ਬਰੇਲ ਪ੍ਰਿੰਟਰ ਰਾਹੀਂ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਲੋੜੀਂਦਾ ਪੰਜਾਬੀ ਡਾਟਾ ਕਾਰਪਸ ਤਿਆਰ ਕਰਨ ਲਈ 12.7 ਮਿਲੀਅਨ ਸ਼ਬਦ, 49 ਮਿਲੀਅਨ ਅੱਖਰ, 25 ਮਿਲੀਅਨ ਬਾਈਗ੍ਰਾਮ ਅਤੇ 16 ਮਿਲੀਅਨ ਟ੍ਰਾਈਗ੍ਰਾਮ ਉੱਤੇ ਅਧਾਰਿਤ ਇੱਕ ਵਿਸ਼ਾਲ ਭੰਡਾਰ ਇਕੱਠਾ ਕੀਤਾ ਗਿਆ, ਜੋ ਭਵਿੱਖ ਵਿੱਚ ਭਾਸ਼ਾਈ ਵਿਸ਼ਲੇਸ਼ਣ, ਮਸ਼ੀਨ ਲਰਨਿੰਗ ਅਤੇ ਐੱਨ. ਐੱਲ.ਪੀ. ਜਿਹੇ ਖੇਤਰਾਂ ਲਈ ਮੂਲ ਆਧਾਰ ਵਜੋਂ ਕੰਮ ਕਰੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਖੋਜ ਦੇ ਇੱਕ ਹੋਰ ਪੜਾਅ ਵਜੋਂ ਪੰਜਾਬੀ ਵਿਭਾਗ ਦੇ ਡਾ. ਰਾਜਵਿੰਦਰ ਸਿੰਘ ਦੀ ਸਹਿਯੋਗ ਨਾਲ਼ ਏ. ਐੱਸ.ਸੀ. ਆਈ. ਆਈ. ਤੋਂ ਯੂਨੀਕੋਡ ਆਟੋਮੈਟਿਕ ਫੌਂਟ ਪਰਿਵਰਤਕ ਵੀ ਤਿਆਰ ਕੀਤਾ ਗਿਆ। ਇਹ ਮਾਡਿਊਲ ਇੰਪੁੱਟ ਟੈਕਸਟ ਦੇ ਫੌਂਟ ਨੂੰ ਆਟੋਮੈਟਿਕ ਤੌਰ 'ਤੇ ਪਛਾਣ ਕੇ, ਉਸਦੇ ਅਨੁਸਾਰ ਯੂਨੀਕੋਡ ਫੌਂਟ ਵਿੱਚ ਬਦਲਣ ਦੀ ਸਮਰਥਾ ਰੱਖਦਾ ਹੈ, ਜਿਸ ਦੀ ਸ਼ੁੱਧਤਾ 99.8% ਹੈ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਤੌਰ 'ਤੇ ਅਜਿਹੇ ਡੇਟਾ ਲਈ ਉਪਯੋਗੀ ਹੈ ਜੋ ਵੱਖ-ਵੱਖ ਫੌਂਟਾਂ ਵਿੱਚ ਮੌਜੂਦ ਹੋਣ ਕਰ ਕੇ ਸਿੱਧੇ ਤੌਰ 'ਤੇ ਕੰਪਿਊਟਰ ਦੁਆਰਾ ਪੜ੍ਹਨਯੋਗ ਨਹੀਂ ਹੁੰਦੇ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖੋਜ ਦਾ ਸਿਰਫ਼ ਤਕਨੀਕ ਪੱਖੋਂ ਹੀ ਨਹੀਂ ਬਲਕਿ ਸਮਾਜਿਕ ਵਿਕਾਸ ਪੱਖੋਂ ਵੀ ਵਿਸ਼ੇਸ਼ ਮਹੱਤਵ ਹੈ। ਅਜਿਹੀਆਂ ਖੋਜਾਂ ਸਮਾਜ ਦੀ ਬਣਤਰ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਸਮਾਜ ਦੇ ਉਹ ਹਿੱਸੇ ਜੋ ਤਕਨੀਕ ਅਤੇ ਸਹੂਲਤ ਤੱਕ ਪਹੁੰਚ ਨਾ ਹੋਣ ਕਾਰਨ ਅਕਸਰ ਪਿੱਛੇ ਰਹਿ ਜਾਂਦੇ ਹਨ, ਨੂੰ ਮੂਲਧਾਰਾ ਦੇ ਵਿਕਾਸ ਨਾਲ਼ ਜੋੜਨ ਲਈ ਅਜਿਹੀਆਂ ਖੋਜਾਂ ਕਾਰਗਰ ਸਿੱਧ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਇਹ ਪ੍ਰੋਜੈਕਟ ਨਾ ਸਿਰਫ਼ ਪੰਜਾਬੀ ਭਾਸ਼ਾ ਲਈ, ਬਲਕਿ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਬਰੇਲ ਪ੍ਰਣਾਲੀਆਂ ਦੇ ਵਿਕਾਸ ਲਈ ਰਾਹ ਦਰਸਾਉਂਦਾ ਮਾਡਲ ਬਣ ਸਕਦਾ ਹੈ।