ਪੀ ਏ ਯੂ ਦੇ ਵਿਦਿਆਰਥੀਆਂ ਨੇ ਹਰੀਕੇ ਵਿਖੇ ਪੰਛੀਆਂ ਦੀ ਗਿਣਤੀ ਵਿਚ ਭਾਗ ਲਿਆ
ਲੁਧਿਆਣਾ 21 ਜਨਵਰੀ, 2025 - ਪੀ ਏ ਯੂ ਦੇ ਜ਼ੂਆਲੋਜੀ ਵਿਭਾਗ ਦੇ ਦੋ ਪੀ.ਐਚ.ਡੀ. ਖੋਜਾਰਥੀਆਂ ਨੇ ਹਰੀਕੇ ਜੰਗਲੀ ਜੀਵ ਸੈਂਚੂਰੀ ਵਿੱਚ ਏਸ਼ੀਅਨ ਜਲ ਪੰਛੀ ਜਨਗਣਨਾ ਵਿੱਚ ਭਾਗ ਲਿਆ ਸੀ। ਇਹ ਗਿਣਤੀ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਜੰਗਲੀ ਜੀਵ ਅਤੇ ਜੰਗਲਾਤ ਸੰਭਾਲ ਵਿਭਾਗ ਦੁਆਰਾ ਆਯੋਜਿਤ ਕੀਤੀ ਗਈ ਸੀ। ਗਿਣਤੀ ਦੀ ਇਹ ਪ੍ਰਕਿਰਿਆ ਹਰ ਸਾਲ ਪ੍ਰਵਾਸੀ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਉਨ੍ਹਾਂ ਦੀਆਂ ਪ੍ਰਜਾਤੀਆਂ ਅਨੁਸਾਰ ਆਬਾਦੀ ਨੂੰ ਦਰਜ ਕਰਨ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ।
ਪ੍ਰਵਾਸੀ ਪੰਛੀਆਂ ਦੀਆਂ ਕਿਸਮਾਂ ਦੀ ਗਿਣਤੀ ਦੇ ਨਾਲ-ਨਾਲ ਨਿਵਾਸੀ ਪਾਣੀ ਦੇ ਪੰਛੀਆਂ ਦੀ ਆਬਾਦੀ ਡਬਲਿਊ ਡਬਲਿਊ ਐੱਫ ਇੰਡੀਆ, ਵੱਖ-ਵੱਖ ਯੂਨੀਵਰਸਿਟੀਆਂ, ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ ਦੇ ਭਾਗੀਦਾਰਾਂ ਅਤੇ ਰਾਜ ਵਿਭਾਗ ਦੇ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਪੀ ਏ ਯੂ ਦਾ ਜ਼ੂਆਲੋਜੀ ਵਿਭਾਗ,ਪਿਛਲੇ ਦਹਾਕੇ ਤੋਂ ਸਾਲਾਨਾ ਏਸ਼ੀਅਨ ਪੰਛੀ ਜਨਗਣਨਾ ਨਾਲ ਜੁੜਿਆ ਹੈ ਅਤੇ ਇਸ ਸਾਲ ਇਸ ਵਿਭਾਗ ਦੀ ਪੀ.ਐਚ.ਡੀ. ਵਿਦਿਆਰਥਣ ਸੁਖਦੀਪ ਕੌਰ ਅਤੇ ਤਿਸ਼ਾਲੀਹਾਦ ਨੇ ਇਸ ਕਾਰਜ ਵਿੱਚ ਭਾਗ ਲਿਆ। ਉਹ ਮੁਹਿੰਮ ਟੀਮ ਦਾ ਹਿੱਸਾ ਸਨ ਜਿਸ ਨੇ ਜਲ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਣ ਵਾਲੀ ਆਬਾਦੀ ਨੂੰ ਰਿਕਾਰਡ ਕੀਤਾ ਸੀ। ਸਾਰੀਆਂ ਟੀਮਾਂ ਨੇ ਨਵੀਨਤਮ ਸਰਵੇਖਣ ਢੰਗਾਂ ਦੀ ਵਰਤੋਂ ਕਰਕੇ ਅਤੇ ਪੰਛੀਆਂ ਦੀ ਗਿਣਤੀ ਦਰਜ ਕਰਨ ਲਈ ਆਪਣੀ ਸਮੂਹਿਕ ਮੁਹਾਰਤ ਨੂੰ ਲਾਗੂ ਕਰਕੇ ਉੱਤਮ ਕੰਮ ਕੀਤਾ। ਹਰੀਕੇ ਜਲ ਖੇਤਰ ਵਿਚ ਪਰਵਾਸੀ ਪੰਛੀਆਂ ਦੀਆਂ ਦੁਰਲੱਭ ਪਰਜਾਤੀਆਂ ਦੇਖਣ ਨੂੰ ਮਿਲੀਆਂ ਹਨ ਅਤੇ ਖੁਸ਼ੀ ਦੀ ਗੱਲ ਇਹ ਕਿ ਪੀ ਏ ਯੂ ਦੇ ਵਿਦਿਆਰਥੀ ਨੇ ਇਨ੍ਹਾਂ ਨੂੰ ਦਰਜ ਕਰਨ ਦਾ ਕਾਰਜ ਨੇਪਰੇ ਚੜ੍ਹਾਇਆ।