ਪਿੰਡ ਠੀਕਰੀਵਾਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਵਾਪਰੀ ਘਟਨਾ
ਸੰਗਤਾਂ ਵਿੱਚ ਭਾਰੀ ਰੋਸ
ਕਮਲਜੀਤ ਸਿੰਘ
ਬਰਨਾਲਾ, 22 ਜਨਵਰੀ 2026: ਬਰਨਾਲਾ ਨੇੜਲੇ ਪਿੰਡ ਠੀਕਰੀਵਾਲਾ ਵਿੱਚ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਦੀ 92ਵੀਂ ਬਰਸੀ ਦੇ ਸਮਾਗਮਾਂ ਦੌਰਾਨ ਗੁਟਕਾ ਸਾਹਿਬ ਜੀ ਦੇ ਪਵਿੱਤਰ ਅੰਗ ਪਾੜਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੇ ਵਿਰੋਧ ਵਿੱਚ ਪਿੰਡ ਵਾਸੀਆਂ, ਪੰਚਾਇਤ ਅਤੇ ਧਾਰਮਿਕ ਜਥੇਬੰਦੀਆਂ ਨੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ 'ਤੇ ਵਿਸ਼ਾਲ ਧਰਨਾ ਦਿੱਤਾ।
ਪਿਛਲੇ ਤਿੰਨ ਦਿਨਾਂ ਤੋਂ ਪਿੰਡ ਵਿੱਚ ਸ਼ਹੀਦੀ ਬਰਸੀ ਦੇ ਸਮਾਗਮ ਚੱਲ ਰਹੇ ਸਨ। ਇਸੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਗੁਟਕਾ ਸਾਹਿਬ ਜੀ ਦੇ ਪਵਿੱਤਰ ਅੰਗ ਪਾੜ ਕੇ ਗਲੀਆਂ ਵਿੱਚ ਸੁੱਟ ਦਿੱਤੇ। ਪੁਲਿਸ ਵੱਲੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਵਜੂਦ, ਅੱਜ ਸਵੇਰੇ ਫਿਰ ਤੋਂ ਪਿੰਡ ਵਿੱਚ ਗੁਟਕਾ ਸਾਹਿਬ ਜੀ ਦੇ ਪਵਿੱਤਰ ਅੰਗ ਮਿਲੇ, ਜਿਸ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ।
ਪਿੰਡ ਵਾਸੀਆਂ ਅਤੇ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਇਹ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਸਕੇ। ਧਰਨਾ ਵਾਲੀ ਥਾਂ 'ਤੇ ਪਹੁੰਚੇ DSP ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ, ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਪਿੰਡ ਠੀਕਰੀਵਾਲਾ ਦਾ ਰਹਿਣ ਵਾਲਾ ਹੈ (ਜੋ ਬੋਲ ਅਤੇ ਸੁਣ ਨਹੀਂ ਸਕਦਾ) ਅਤੇ ਦੂਜਾ ਉਸਦਾ ਰਿਸ਼ਤੇਦਾਰ ਧੂਰੀ ਤੋਂ ਹੈ। ਪੁਲਿਸ ਵੱਲੋਂ ਪਿੰਡ ਦੇ CCTV ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਸੰਤ ਬਲਬੀਰ ਸਿੰਘ ਘੁੰਨਸ ਅਤੇ ਬਲਦੇਵ ਸਿੰਘ ਚੂੰਘਾਂ ਵੀ ਧਰਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਨਿਦਾ ਕਰਦਿਆਂ ਮੰਗ ਕੀਤੀ ਕਿ: ਸਿਰਫ਼ ਮੋਹਰਿਆਂ ਨੂੰ ਹੀ ਨਹੀਂ, ਸਗੋਂ ਇਸ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਦੋਸ਼ੀਆਂ ਵਿਰੁੱਧ ਅਜਿਹੀ ਸਖ਼ਤ ਕਾਰਵਾਈ ਹੋਵੇ ਕਿ ਭਵਿੱਖ ਵਿੱਚ ਕੋਈ ਅਜਿਹੀ ਹਿੰਮਤ ਨਾ ਕਰ ਸਕੇ।
ਸਰਪੰਚ ਕਿਰਨਜੀਤ ਸਿੰਘ ਅਤੇ ਪੰਚ ਮਨਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਇਸ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਨਹੀਂ ਹੁੰਦਾ ਅਤੇ ਅਸਲੀ ਦੋਸ਼ੀ ਫੜੇ ਨਹੀਂ ਜਾਂਦੇ, ਉਦੋਂ ਤੱਕ ਇਨਸਾਫ਼ ਦੀ ਲੜਾਈ ਜਾਰੀ ਰਹੇਗੀ। ਪਿੰਡ ਵਿੱਚ ਫਿਲਹਾਲ ਸਥਿਤੀ ਤਣਾਅਪੂਰਨ ਪਰ ਅਮਨ-ਸ਼ਾਂਤੀ ਵਾਲੀ ਬਣੀ ਹੋਈ ਹੈ।