ਨਾਗਰਿਕ ਆਜ਼ਾਦੀਆਂ ਦੇ ਆਗੂ ਕ੍ਰਾਂਤੀ ਚੈਤੰਨਯ ਵਿਰੁੱਧ ਰਾਜਧ੍ਰੋਹ ਦਾ ਕੇਸ ਵਾਪਸ ਲਿਆ ਜਾਵੇ -ਜਮਹੂਰੀ ਫਰੰਟ
ਜਲੰਧਰ , 15 ਜਨਵਰੀ 2026: ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਆਂਧਰਾ ਪ੍ਰਦੇਸ਼ ਸਿਵਲ ਲਿਬਰਟੀਜ਼ ਕਮੇਟੀ (ਏਪੀਸੀਐੱਲਸੀ) ਦੇ ਆਗੂਆਂ ਵਿਰੁੱਧ ਰਾਜਧ੍ਰੋਹ ਦਾ ਕੇਸ ਦਰਜ ਕਰਨ ਅਤੇ ਜਥੇਬੰਦੀ ਦੇ ਮੀਤ ਪ੍ਰਧਾਨ ਕ੍ਰਾਂਤੀ ਚੈਤੰਨਯ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ਲੈਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਤ੍ਰਿਿਪੁਤੀ ਸ਼ਹਿਰ ਵਿਚ ਕਮੇਟੀ ਦੀ 20ਵੀਂ ਸਟੇਟ ਕਾਨਫਰੰਸ (10–11 ਜਨਵਰੀ 2026) ਸਮੇਂ ਲਗਾਏ ਫਲੈਕਸ ਬੈਨਰਾਂ ਨੂੰ ਮੁੱਦਾ ਬਣਾ ਕੇ “ਸਨਾਤਨ ਧਰਮ ਰੱਖਿਆ ਕਮੇਟੀ” ਦੇ ਅਹੁਦੇਦਾਰਾਂ ਵੱਲੋਂ ਨਾਗਰਿਕ ਆਜ਼ਾਦੀਆਂ ਦੇ ਆਗੂਆਂ ਵਿਰੁੱਧ ਰਾਜਧ੍ਰੋਹ ਦਾ ਕੇਸ ਦਰਜ ਕਰਾਉਣਾ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਉੱਪਰ ਹਮਲਾ ਹੈ। ਕ੍ਰਾਂਤੀ ਤੋਂ ਇਲਾਵਾ, ਕਈ ਹੋਰ ਏਪੀਸੀਐੱਲਸੀ ਮੈਂਬਰਾਂ ਅਤੇ ਇੱਕ ਪ੍ਰਿੰਟਰ ਨੂੰ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।
ਬੈਨਰ ਵਿਚ ਭਾਰਤ ਦੇ ਰਾਸ਼ਟਰੀ ਚਿੰਨ੍ਹ ਅਸ਼ੋਕ ਮੂਰਤੀ ਦਾ ਵਿਅੰਗਾਤਮਕ ਕਾਰਟੂਨ ਅਤੇ ਹਿੰਦੂਤਵੀ ਦਹਿ਼ਸਤਗਰਦਾਂ ਹੱਥੋਂ ਮਾਰੇ ਗਏ ਬੁੱਧੀਜੀਵੀਆਂ ਨਰੇਂਦਰ ਦਾਭੋਲਕਰ, ਗੋਵਿੰਦ ਪਾਨਸਰੇ, ਐਮ.ਐਮ. ਕਲਬੁਰਗੀ ਅਤੇ ਗੌਰੀ ਲੰਕੇਸ਼ ਦੀਆਂ ਤਸਵੀਰਾਂ ਲਗਾਕੇ ਅਜੋਕੇ ਫਾਸ਼ੀਵਾਦੀ ਖ਼ਤਰੇ ਵੱਲ ਧਿਆਨ ਖਿੱਚਿਆ ਗਿਆ ਸੀ ਅਤੇ “ਹਿੰਦੂ ਫਾਸ਼ੀਵਾਦ ਵਿਰੁੱਧ ਲੜੋ।” ਦਾ ਨਾਅਰਾ ਦਿੱਤਾ ਗਿਆ ਸੀ। ਹਿੰਦੂਤਵਵਾਦੀ ਅਨਸਰਾਂ ਦੀਆਂ ਧਮਕੀਆਂ ਅਤੇ ਖ਼ਲਲ ਪਾਉਣ ਦੇ ਬਾਵਜੂਦ 350 ਤੋਂ ਵੱਧ ਹੱਕਾਂ ਦੇ ਝੰਡਾਬਰਦਾਰਾਂ ਨੇ ਕਾਨਫਰੰਸ ਵਿਚ ਹਿੱਸਾ ਲੈ ਕੇ ਇਸ ਨੂੰ ਸਫ਼ਲ ਬਣਾਇਆ ਅਤੇ ਪ੍ਰੋ. ਹਰਗੋਪਾਲ, ਪ੍ਰੋ. ਡੀ. ਨਰਸਿੰਹਾ ਰੈੱਡੀ, ਗਾਂਧੀਵਾਦੀ ਕਾਰਕੁਨ ਹਿਮਾਂਸ਼ੂ ਕੁਮਾਰ ਅਤੇ ਰਿਟਾਇਰਡ ਜਸਟਿਸ ਬੀ. ਚੰਦਰ ਕੁਮਾਰ ਸਮੇਤ ਨਾਮਵਰ ਸ਼ਖ਼ਸੀਅਤਾਂ ਵੱਲੋਂ ਸੰਬੋਧਨ ਕੀਤਾ ਗਿਆ। ਫਰੰਟ ਦੇ ਆਗੂਆਂ ਨੇ ਕਿਹਾ ਕਿ ਫਾਸ਼ੀਵਾਦੀ ਖ਼ਤਰੇ ਵਿਰੁੱਧ ਆਵਾਜ਼ ਉਠਾਉਣਾ ਤੇ ਭਾਰਤ ਦੇ ਲੋਕਾਂ ਨੂੰ ਇਸ ਬਾਰੇ ਚੇਤੰਨ ਕਰਨਾ ਹਰ ਜਾਗਰੂਕ ਬੁੱਧੀਜੀਵੀ ਅਤੇ ਜਮਹੂਰੀ ਹੱਕਾਂ ਨਾਲ ਸਰੋਕਾਰ ਰੱਖਦੇ ਨਾਗਰਿਕਾਂ ਦਾ ਫਰਜ਼ ਹੈ।
ਕਲਾਤਮਕ ਪ੍ਰਤੀਰੋਧ ਦੇ ਹੋਰ ਰੂਪ ਜਮਹੂਰੀ ਵਿਰੋਧ ਦੇ ਦੁਨੀਆ ਭਰ ਵਿਚ ਪ੍ਰਵਾਨਤ ਹਨ। ਇਸੇ ਤਰ੍ਹਾਂ ਹਿੰਦੂਤਵ ਫਾਸ਼ੀਵਾਦੀਆਂ ਵੱਲੋਂ ਕਤਲ ਕੀਤੇ ਲੋਕਪੱਖੀ ਬੁੱਧੀਜੀਵੀਆਂ ਤੇ ਕਲਮਕਾਰਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਲਈ ਨਿਆਂ ਦੀ ਮੰਗ ਕਰਨਾ ਭਾਰਤ ਦੇ ਨਿਆਂਪਸੰਦ ਲੋਕਾਂ ਦਾ ਜਮਹੂਰੀ ਹੱਕ ਹੈ। ਹਿੰਦੂਤਵਵਾਦੀ ਹਕੂਮਤ ਨੇ ਰਾਜਨੀਤਕ ਵਿਅੰਗ ਸਮੇਤ ਪ੍ਰਗਟਾਵੇ ਦੇ ਮੁੱਢਲੇ ਜਮਹੂਰੀ ਹੱਕਾਂ ਨੂੰ ਵੀ ਸਟੇਟ ਵਿਰੋਧੀ ਸੰਗੀਨ ਜੁਰਮ ਬਣਾ ਦਿੱਤਾ ਹੈ ਅਤੇ ਫਿਰਕੂ ਫਾਸ਼ੀਵਾਦੀ ਰਾਜ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਜ਼ਬਾਨਬੰਦੀ ਕਰਨ ਲਈ ਉਨ੍ਹਾਂ ਵਿਰੁੱਧਅ ਰਾਜਧ੍ਰੋਹ ਦੇ ਪਰਚੇ ਦਰਜ ਕਰਵਾਏ ਜਾ ਰਹੇ ਹਨ। ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਕ੍ਰਾਂਤੀ ਚੇਤੰਨਯ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਰਾਜਧ੍ਰੋਹ ਦਾ ਬੇਬੁਨਿਆਦ ਕੇਸ ਤੁਰੰਤ ਵਾਪਸ ਲਿਆ ਜਾਵੇ ਅਤੇ ਪ੍ਰਗਟਾਵੇ ਤੇ ਸੰਘਰਸ਼ ਦੇ ਹੱਕਾਂ ਉੱਪਰ ਹਮਲੇ ਬੰਦ ਕੀਤੇ ਜਾਣ।