ਨਗਰ ਨਿਗਮ ਚੋਣਾਂ ਵਿੱਚ ਗੜਬੜ ਨੂੰ ਲੈਕੇ ਰਵਨੀਤ ਬਿੱਟੂ ਨੇ ਮਾਰਿਆ ਡੀਸੀ ਤੇ ਐੱਸਐੱਸਪੀ ਨੂੰ ਦਬਕਾ
ਬਠਿੰਡਾ ਵਿੱਚ ਖੁਦ ਰੱਖਣਗੇ ਵੋਟਿੰਗ ਪ੍ਰਕਿਰਿਆ ‘ਤੇ ਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚਾਈ ਜਾਵੇਗੀ ਸ਼ਿਕਾਇਤ
ਅਸ਼ੋਕ ਵਰਮਾ
ਬਠਿੰਡਾ, 23 ਮਈ 2026 : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਪੱਸ਼ਟ ਕੀਤਾ ਹੈ ਕਿ 26 ਮਈ ਨੂੰ ਹੋਣ ਵਾਲੀ ਵੋਟਿੰਗ ਦੇ ਦਿਨ ਉਹ ਖੁਦ ਬਠਿੰਡਾ ਵਿੱਚ ਮੌਜੂਦ ਰਹਿਣਗੇ ਅਤੇ ਪੂਰੀ ਵੋਟਿੰਗ ਪ੍ਰਕਿਰਿਆ ‘ਤੇ ਨਜ਼ਰ ਰੱਖਣਗੇ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇ ਕਿਸੇ ਨੇ ਵੀ ਚੋਣਾਂ ਵਿੱਚ ਗੜਬੜ ਕਰਨ ਜਾਂ ਵੋਟਿੰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਾਮਲੇ ਦੀ ਤੁਰੰਤ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਜਾਵੇਗੀ ਅਤੇ ਡੀਸੀ ਤੇ ਐੱਸਐੱਸਪੀ ਪੱਧਰ ਦੇ ਅਧਿਕਾਰੀਆਂ ਤੱਕ ‘ਤੇ ਸਖ਼ਤ ਕਾਰਵਾਈ ਕਰਵਾਈ ਜਾਵੇਗੀ।ਸ਼ਨੀਵਾਰ ਨੂੰ ਭਾਜਪਾ ਵੱਲੋਂ ਨਿਗਮ ਚੋਣਾਂ ਸਬੰਧੀ ਕਰਵਾਈਆਂ ਗਈਆਂ ਜਨ ਸਭਾਵਾਂ ਤੋਂ ਪਹਿਲਾਂ ਜ਼ਿਲ੍ਹਾ ਭਾਜਪਾ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿੱਧੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਕਿਸਮ ਦੀ ਗੜਬੜ ਜਾਂ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਛੋਟੇ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਉੱਚ ਅਧਿਕਾਰੀਆਂ ਨੂੰ ਵੀ ਕਿਸੇ ਵੀ ਕੀਮਤ ‘ਤੇ ਨਹੀਂ ਬਖ਼ਸ਼ਿਆ ਜਾਵੇਗਾ।
ਇਸ ਮੌਕੇ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨਿਗਮ ਚੋਣ ਪ੍ਰਭਾਰੀ ਜੀਵਨ ਗੁਪਤਾ ਅਤੇ ਰਾਜ ਨੰਬਰਦਾਰ ਵੀ ਮੌਜੂਦ ਰਹੇ। ਇਸ ਮੌਕੇ ਬਿੱਟੂ ਨੇ ਅਮਰਜੀਤ ਸਿੰਘ ਮਹਿਤਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ‘ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕਾਰਵਾਈ ਦੀ ਵਾਰੀ ਇਨ੍ਹਾਂ ਦੋਵਾਂ ‘ਤੇ ਹੈ ਅਤੇ ਕ੍ਰਿਕਟ ਤੋਂ ਲੈ ਕੇ ਸ਼ਹਿਰ ਵਿੱਚ ਹੋਈ ਕਥਿਤ ਲੁੱਟ ਦਾ ਪੂਰਾ ਹਿਸਾਬ ਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਇਸ “ਪਿਉ-ਪੁੱਤਰ” ਨੂੰ ਬਚਾ ਨਹੀਂ ਸਕੇਗੀ ਅਤੇ ਜਾਂਚ ਏਜੰਸੀਆਂ ਜਲਦ ਕਾਰਵਾਈ ਕਰਨਗੀਆਂ।
“ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ”
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਠਿੰਡਾ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਜਗਰੂਪ ਸਿੰਘ ਗਿੱਲ ਨੂੰ ਵੋਟ ਦਿੱਤੀ ਸੀ ਅਤੇ ਵਿਧਾਇਕ ਚੁਣਿਆ ਸੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੂੰ ਵੋਟ ਦੇ ਕੇ ਆਪਣਾ ਮਤ ਖਰਾਬ ਨਾ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਕੋਲ ਹੁਣ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਬਚਿਆ ਅਤੇ ਪੰਜਾਬ ਦੇ ਲੋਕ ਹੁਣ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।ਬਿੱਟੂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ।
ਕੇਜਰੀਵਾਲ ਅਤੇ ਭਗਵੰਤ ਮਾਨ ‘ਤੇ ਵੀ ਬੋਲੇ ਹਮਲੇ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਲ੍ਹ ਵਿੱਚ ਬੰਦ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੇ ਜਾਣ ‘ਤੇ ਤੰਜ਼ ਕੱਸਦਿਆਂ ਬਿੱਟੂ ਨੇ ਕਿਹਾ ਕਿ ਉਹ ਉਨ੍ਹਾਂ ਦੀ ਸਿਹਤ ਦਾ ਹਾਲ ਪੁੱਛਣ ਨਹੀਂ ਸਗੋਂ ਇਹ ਜਾਣਣ ਗਏ ਸਨ ਕਿ “ਖਜ਼ਾਨਾ ਕਿੱਥੇ ਲੁਕਾਇਆ ਗਿਆ ਹੈ।”
ਉਨ੍ਹਾਂ ਤੰਜ ਕਰਦਿਆਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਜੇਲ੍ਹ ਜਾਣ ਦੀ ਵਾਰੀ ਆਉਣ ਵਾਲੀ ਹੈ ਅਤੇ ਉਹ ਆਪਣੇ ਲਈ ਜੇਲ੍ਹ ਦਾ ਕਮਰਾ ਵੇਖਣ ਗਏ ਸਨ। ਬਿੱਟੂ ਨੇ ਦੋਸ਼ ਲਾਇਆ ਕਿ ਸੰਜੀਵ ਅਰੋੜਾ ਨੇ ਆਪਣੇ ਵਿਭਾਗਾਂ ਵਿੱਚ ਭਾਰੀ ਭ੍ਰਿਸ਼ਟਾਚਾਰ ਕੀਤਾ ਹੈ, ਜਿਸਦਾ ਹਿਸਾਬ ਹੁਣ ਲਾਗੂਕਰਨ ਨਿਰਦੇਸ਼ਾਲੇ ਵੱਲੋਂ ਲਿਆ ਜਾ ਰਿਹਾ ਹੈ।
ਪੰਜਾਬ ਸਰਕਾਰ ‘ਤੇ ਨਾਕਾਮੀ ਦੇ ਦੋਸ਼
ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਢੇ ਚਾਰ ਸਾਲਾਂ ਵਿੱਚ ਰਾਜ ਸਰਕਾਰ ਕੋਈ ਵੀ ਖਾਸ ਕੰਮ ਨਹੀਂ ਕਰ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਵੀ ਕੱਚੇ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਕਰਮਚਾਰੀਆਂ ਨੂੰ ਆਪਣਾ ਮਹਿੰਗਾਈ ਭੱਤਾ ਲੈਣ ਲਈ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜ਼ਮੀਨਾਂ ਗਿਰਵੀ ਰੱਖ ਕੇ ਕਰਜ਼ਾ ਲੈਣ ਲਈ ਮਜਬੂਰ ਹੈ, ਜੋ ਸੂਬੇ ਦੀ ਆਰਥਿਕ ਹਾਲਤ ਨੂੰ ਦਰਸਾਉਂਦਾ ਹੈ।
ਨਸ਼ਿਆਂ ਦੇ ਸਰਵੇ ਨੂੰ ਲੈ ਕੇ ਵੀ ਉਠਾਏ ਸਵਾਲ
ਪੰਜਾਬ ਵਿੱਚ ਨਸ਼ਾ ਕਰਨ ਵਾਲਿਆਂ ਦੇ ਸਰਵੇ ਨੂੰ ਲੈ ਕੇ ਵੀ ਬਿੱਟੂ ਨੇ ਰਾਜ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਲਗਭਗ 1000 ਅਧਿਆਪਕ ਲਗਾਏ ਗਏ ਹਨ, ਜੋ ਨਸ਼ਾ ਕਰਨ ਵਾਲਿਆਂ ਦੇ ਫਾਰਮ ਭਰ ਰਹੇ ਹਨ।
ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਅੰਕੜੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣ ਚੁੱਕੇ ਹਨ ਅਤੇ ਇਨ੍ਹਾਂ ਅੰਕੜਿਆਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਬਿੱਟੂ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਕਿਸੇ ਵੀ ਤਰੀਕੇ ਨਾਲ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਹੈ।
ਤੇਲ ਦੀਆਂ ਕੀਮਤਾਂ ‘ਤੇ ਬੋਲੇ ਬਿੱਟੂ
“ਵਿਸ਼ਵ ਪੱਧਰੀ ਹਾਲਾਤ ਸਧਾਰਣ ਹੁੰਦੇ ਹੀ ਘਟਣਗੀਆਂ ਕੀਮਤਾਂ”
ਤੇਲ ਦੀਆਂ ਵੱਧ ਰਹੀਆਂ ਕੀਮਤਾਂ ਸਬੰਧੀ ਪੁੱਛੇ ਗਏ ਸਵਾਲ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਇਸ ਸਮੇਂ ਮਹਿੰਗੇ ਤੇਲ ਦੀ ਸਮੱਸਿਆ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਟਕਰਾਅ ਖਤਮ ਹੋਣਗੇ, ਤੇਲ ਦੀਆਂ ਕੀਮਤਾਂ ਵਿੱਚ ਵੀ ਕਮੀ ਆ ਜਾਵੇਗੀ।
- Download Babushahi App
-
-