ਨਗਰ ਨਿਗਮ ਚੋਣਾਂ 'ਚ ‘ਆਪ’ ਦੀ ਹੂੰਝਾ ਫੇਰ ਜਿੱਤ 2027 ਦਾ ਸੈਮੀਫਾਈਨਲ: ਮੀਤ ਹੇਅਰ
ਬਰਨਾਲਾ ਨਗਰ ਨਿਗਮ ਦੇ ਵਿੱਚ ਆਪ ਪਾਰਟੀ ਦੇ ਹਿੱਸੇ 36 ਸੀਟਾਂ ਆਈਆਂ
ਵਿਰੋਧੀਆਂ ਕੋਲ ਉਮੀਦਵਾਰ ਤੱਕ ਨਹੀਂ ਸਨ, ਸਾਡੇ ਬਾਗੀਆਂ ਦੇ ਸਿਰ 'ਤੇ ਲੜੀਆਂ ਚੋਣਾਂ
ਲੜਾਈ-ਝਗੜਿਆਂ 'ਚ ਸਰਕਾਰ ਦਾ ਕੋਈ ਕਸੂਰ ਨਹੀਂ, ਨੁਕਸਾਨ ਹਮੇਸ਼ਾ ਸੱਤਾਧਾਰੀ ਧਿਰ ਦਾ ਹੁੰਦਾ ਹੈ: ਸਾਂਸਦ
50 ਸਾਲਾਂ ਦਾ ਰਿਕਾਰਡ ਟੁੱਟਿਆ: 72% ਸੀਟਾਂ ਅਤੇ 47% ਵੋਟ ਸ਼ੇਅਰ
ਉਹਨਾਂ ਨੇ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ
ਕਮਲਜੀਤ ਸਿੰੰਘ/ ਬਾਬੂਸ਼ਾਹੀ ਬਿਊਰੋ
ਬਰਨਾਲਾ, 31 ਮਈ 2026 : ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ 'ਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਨ੍ਹਾਂ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ’ ਕਰਾਰ ਦਿੰਦਿਆਂ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ ਵਿਰੋਧੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਨਕਾਰ ਕੇ ‘ਆਪ’ ਦੀਆਂ ਵਿਕਾਸ ਨੀਤੀਆਂ 'ਤੇ ਮੋਹਰ ਲਾਈ ਹੈ।ਲੜਾਈ-ਝਗੜਿਆਂ ਅਤੇ ਬੂਥ ਕੈਪਚਰਿੰਗ ਦੇ ਦੋਸ਼ਾਂ 'ਤੇ ਪਲਟਵਾਰ ਚੋਣਾਂ ਦੌਰਾਨ ਹੋਈਆਂ ਝੜਪਾਂ 'ਤੇ ਬੋਲਦਿਆਂ ਮੀਤ ਹੇਅਰ ਨੇ ਕਿਹਾ, ਚੋਣਾਂ ਦੌਰਾਨ ਮਾਹੌਲ ਬਹੁਤ ਜਜ਼ਬਾਤੀ ਹੁੰਦਾ ਹੈ।
ਜੇਕਰ ਕਿਸੇ ਬੂਥ 'ਤੇ ਦੋ ਬੰਦੇ ਆਪਸ ਵਿੱਚ ਲੜ ਪੈਂਦੇ ਹਨ, ਤਾਂ ਉਸ ਵਿੱਚ ਮੇਰਾ ਜਾਂ ਸਰਕਾਰ ਦਾ ਕੋਈ ਕਸੂਰ ਨਹੀਂ ਹੁੰਦਾ। ਅੱਜ-ਕੱਲ੍ਹ ਤਾਂ ਮਾਹੌਲ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਗੁਆਂਢੀ ਜਾਂ ਸੱਸ-ਨੂੰਹ ਵੀ ਆਪਸ ਵਿੱਚ ਲੜਨ, ਤਾਂ ਉਸ ਦਾ ਕਸੂਰ ਵੀ ਮੀਤ ਹੇਅਰ ਸਿਰ ਮੜ੍ਹ ਦਿੱਤਾ ਜਾਂਦਾ ਹੈ। ਉਨ੍ਹਾਂ ਵਾਰਡ ਨੰਬਰ 15 ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉੱਥੇ ਹੋਈ ਲੜਾਈ ਕਾਰਨ ‘ਆਪ’ ਦੀ ਜਿੱਤੀ-ਜਿਤਾਈ ਸੀਟ ਹੱਥੋਂ ਨਿਕਲ ਗਈ, ਕਿਉਂਕਿ ਲੜਾਈ ਦਾ ਨੁਕਸਾਨ ਹਮੇਸ਼ਾ ਸੱਤਾਧਾਰੀ ਧਿਰ ਨੂੰ ਹੀ ਹੁੰਦਾ ਹੈ ਅਤੇ ਭਾਜਪਾ ਉਮੀਦਵਾਰ ਨੇ ਲੋਕਾਂ ਦੀ ਹਮਦਰਦੀ (ਸਿੰਪਥੀ) ਹਾਸਲ ਕਰਕੇ ਜਿੱਤ ਪ੍ਰਾਪਤ ਕਰ ਲਈ। ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਬਾਹਰੋਂ ਗੈਂਗਸਟਰ ਲਿਆਉਣ ਅਤੇ ਬੂਥ ਕੈਪਚਰਿੰਗ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਾਂਸਦ ਨੇ ਚੁਣੌਤੀ ਦਿੱਤੀ ਕਿ ਜੇਕਰ ਕੋਈ ਵੀਡੀਓ ਹੈ ਤਾਂ ਉਹ ਪ੍ਰੈੱਸ ਕਾਨਫਰੰਸ ਕਰਕੇ ਜਨਤਕ ਕਰਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਪੂਰੀ ਤਰ੍ਹਾਂ ਨਿਰਪੱਖ ਹੈ ਅਤੇ ਝੂਠੇ ਦੋਸ਼ ਲਾਉਣ ਦੀ ਬਜਾਏ ਵਿਰੋਧੀਆਂ ਨੂੰ ਆਪਣੀ ਹਾਰ ਸਵੀਕਾਰ ਕਰਨੀ ਚਾਹੀਦੀ ਹੈ। ਮੈਂ ਪਿਛਲੇ 10 ਸਾਲਾਂ ਤੋਂ ਸਿਆਸਤ ਵਿੱਚ ਹਾਂ, ਪਰ ਕਦੇ ਕਿਸੇ ਨਾਲ ਧੱਕਾ ਜਾਂ ਬੇਇਨਸਾਫ਼ੀ ਨਹੀਂ ਕੀਤੀ। ਚੋਣਾਂ ਲੜ ਰਹੇ ਵਿਰੋਧੀ ਪਾਰਟੀਆਂ ਦੇ 80% ਉਮੀਦਵਾਰ ਆਪਣੇ ਨਿੱਜੀ ਕੰਮਾਂ ਲਈ ਮੇਰੇ ਕੋਲ ਆਉਂਦੇ ਰਹੇ ਹਨ ਅਤੇ ਮੈਂ ਬਿਨਾਂ ਕਿਸੇ ਪੱਖਪਾਤ ਦੇ, ਉਨ੍ਹਾਂ ਨੂੰ ਪਾਰਟੀ ਬਦਲਣ ਲਈ ਕਹੇ ਬਿਨਾਂ, ਸਭ ਦੇ ਕੰਮ ਕੀਤੇ ਹਨ। ਮੀਤ ਹੇਅਰ ਨੇ ਵਿਰੋਧੀ ਪਾਰਟੀਆਂ 'ਤੇ ਤਨਜ਼ ਕਸਦਿਆਂ ਕਿਹਾ ਕਿ ਇਸ ਵਾਰ ਮਾਹੌਲ ਅਜਿਹਾ ਸੀ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਕੋਲ ਆਪਣੇ ਉਮੀਦਵਾਰ ਤੱਕ ਨਹੀਂ ਸਨ। ਜਿਨ੍ਹਾਂ ਵਰਕਰਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਨਹੀਂ ਦਿੱਤੀ, ਵਿਰੋਧੀ ਪਾਰਟੀਆਂ ਭੱਜ ਕੇ ਉਨ੍ਹਾਂ ਦੇ ਘਰ ਪਹੁੰਚ ਗਈਆਂ ਅਤੇ ਉਨ੍ਹਾਂ ਨੂੰ ਆਪਣੀਆਂ ਟਿਕਟਾਂ ਦੇ ਦਿੱਤੀਆਂ। ਉਨ੍ਹਾਂ ਕਿਹਾ, "ਚਾਹੇ ਅਕਾਲੀ ਦਲ ਹੋਵੇ, ਕਾਂਗਰਸ ਜਾਂ ਭਾਜਪਾ, ਸਾਰਿਆਂ ਨੇ ਸਾਡੀ ਪਾਰਟੀ ਦੇ ਬਾਗੀਆਂ ਨੂੰ ਹੀ ਟਿਕਟਾਂ ਦਿੱਤੀਆਂ ਸਨ। ਪਰ ਕੋਈ ਗੱਲ ਨਹੀਂ, ਉਹ ਸਾਡੇ ਆਪਣੇ ਹੀ ਬੰਦੇ ਹਨ, ਅਸੀਂ ਉਨ੍ਹਾਂ ਨੂੰ ਦੁਬਾਰਾ ਵਾਪਸ ਲਿਆਵਾਂਗੇ। ਪਿਛਲੀਆਂ ਸਰਕਾਰਾਂ ਦੌਰਾਨ ਸੱਤਾਧਾਰੀ ਪਾਰਟੀਆਂ ਦੀ ਜਿੱਤ ਦੇ ਰਿਕਾਰਡਾਂ 'ਤੇ ਗੱਲ ਕਰਦਿਆਂ ਮੀਤ ਹੇਅਰ ਨੇ ਦਾਅਵਾ ਕੀਤਾ ਕਿ ਬਰਨਾਲਾ ਦੇ ਇਤਿਹਾਸ ਵਿੱਚ ਪਿਛਲੇ 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਸੱਤਾਧਾਰੀ ਧਿਰ ਮਸਾਂ ਬਹੁਮਤ ਦੇ ਅੰਕੜੇ (ਲਗਭਗ 16 ਸੀਟਾਂ) ਤੱਕ ਪਹੁੰਚਦੀ ਸੀ ਜਾਂ ਆਜ਼ਾਦ ਉਮੀਦਵਾਰਾਂ ਦੇ ਸਿਰ 'ਤੇ ਸਰਕਾਰ ਬਣਾਉਂਦੀ ਸੀ। ਪਰ ਇਹ ਪਹਿਲੀ ਵਾਰ ਹੈ ਕਿ ਕਿਸੇ ਇੱਕ ਪਾਰਟੀ ਨੂੰ 72% ਸੀਟਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਕੱਲੀ ‘ਆਪ’ ਨੂੰ 47% ਵੋਟਾਂ ਪਈਆਂ ਹਨ, ਜਦਕਿ ਬਾਕੀ ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀਆਂ ਵੋਟਾਂ ਮਿਲਾ ਕੇ ਵੀ 40% ਦੇ ਆਸ-ਪਾਸ ਹੀ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 21 ਸਮੇਤ ਜੋ ਵੀ ਸੀਟਾਂ ਪਾਰਟੀ ਹਾਰੀ ਹੈ, ਉੱਥੇ ਕਮੀ-ਪੇਸ਼ੀਆਂ ਨੂੰ ਸੁਧਾਰਿਆ ਜਾਵੇਗਾ ਅਤੇ ਆਉਣ ਵਾਲੇ 6 ਮਹੀਨਿਆਂ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਸਾਂਸਦ ਨੇ ਦੁਹਰਾਇਆ ਕਿ ‘ਆਪ’ ਨੇ ਹਮੇਸ਼ਾ ਕੰਮ ਦੀ ਰਾਜਨੀਤੀ ਕੀਤੀ ਹੈ ਅਤੇ ਅੱਗੇ ਵੀ ਵਿਕਾਸ ਕਾਰਜਾਂ ਦੇ ਦਮ 'ਤੇ ਲੋਕਾਂ ਵਿੱਚ ਜਾਵੇਗੀ।
- Download Babushahi App
-
-