ਡੀਸੀ ਵੱਲੋਂ ਧੀਆਂ ਨੂੰ ਬੱਚੇਦਾਨੀ ਦੇ ਕੈਂਸਰ ਤੋਂ ਬਚਾਉਣ ਲਈ ਐਚ ਪੀ ਵੀ ਵੈਕਸੀਨ ਲਵਾਉਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 10 ਮਾਰਚ 2026 : ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਜ਼ਿਲ੍ਹਾ ਵਾਸੀਆਂ ਨੂੰ 14 ਤੋਂ 15 ਸਾਲ ਤੱਕ ਦੀਆਂ ਧੀਆਂ ਨੂੰ ਬੱਚੇਦਾਨੀ ਦੇ ਕੈਂਸਰ ਤੋਂ ਬਚਾਉਣ ਲਈ ਐੱਚ.ਪੀ.ਵੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 14000 ਦੇ ਕਰੀਬ ਬੱਚੀਆਂ ਐੱਚ.ਪੀ.ਵੀ. ਟੀਕਾਕਰਨ ਲਈ ਯੋਗ ਹਨ ਅਤੇ ਉਨ੍ਹਾਂ ਨੂੰ ਇਹ ਟੀਕਾ ਜ਼ਿਲ੍ਹਾ ਬਠਿੰਡਾ ਦੇ 9 ਸਰਕਾਰੀ ਹਸਪਤਾਲਾਂ ਚ ਮੁਫ਼ਤ ਲਗਾਏ ਜਾਂਦੇ ਹਨ।
ਉਹਨਾਂ ਕਿਹਾ ਕਿ ਸਰਵਾਇਕਲ ਕੈਂਸਰ ਤੋਂ ਬਚਾਅ ਲਈ ਇਹ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ ਜਦਕਿ ਬਜ਼ਾਰ ਵਿੱਚ ਇਸਦੀ ਇੱਕ ਡੋਜ਼ ਦੀ ਕੀਮਤ ਲਗਭਗ 4 ਹਜ਼ਾਰ ਰੁਪਏ ਹੈ। ਉਹਨਾਂ ਮਾਪਿਆਂ ਨੂੰ ਇਸ ਟੀਕੇ ਦੇ ਮਾੜੇ ਅਸਰ ਬਾਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਸਲਾਹ ਦਿੰਦਿਆਂ ਆਪਣੇ ਬੱਚੀ ਦੇ ਸੁਰੱਖਿਅਤ ਭਵਿੱਖ ਲਈ ਅੱਜ ਹੀ ਉਸਦਾ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਮਾਤਾ - ਪਿਤਾ ਜਾਂ ਸਕੂਲਾਂ ਵੱਲੋਂ https://uwin.mohfw.gov.in/home ਪੋਰਟਲ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਪੋਰਟਲ ਤੇ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਟੀਕਾ ਲਗਵਾਉਣ ਦਾ ਸਮਾਨ ਆਨਲਾਇਨ ਹੀ ਦੇ ਦਿੱਤਾ ਜਾਵੇਗਾ ਅਤੇ ਮਿਥੇ ਸਮੇਂ ਅਨੁਸਾਰ ਸਬੰਧਿਤ ਸਰਕਾਰੀ ਹਸਪਤਾਲ ਜਾ ਕੇ ਉਨ੍ਹਾਂ ਵੱਲੋਂ ਟੀਕਾਕਰਨ ਕਰਵਾਇਆ ਜਾ ਸਕਦਾ ਹੈ।
ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਸ਼੍ਰੀ ਰਮਨਜੀਤ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਵਿੱਚ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸਬੰਧੀ ਜਾਗਰੂਕ ਕਰਨ।
ਇਸ ਮੌਕੇ ਸਿਵਿਲ ਸਰਜਨ ਡਾ. ਤਪਿੰਦਰਜੋਤ ਕੌਸ਼ਲ ਅਤੇ ਸੀਨੀਅਰ ਡਾਕਟਰ ਸਾਹਿਬਾਨ ਹਾਜ਼ਰ ਸਨ।
ਟੀਕਾਕਰਨ ਤੋਂ ਪਹਿਲਾਂ ਆ ਕੰਮ ਕਰੋ :
--ਟੀਕਾ ਲਗਵਾਉਣ ਤੋਂ ਪਹਿਲਾਂ ਘਰ ਤੋਂ ਖਾਣਾ ਖਾ ਕੇ ਚੱਲੋ। ਕਦੇ ਵੀ ਟੀਕਾ ਭੁੱਖੇ ਪੇਟ ਨਾ ਲਗਵਾਓ
--ਟੀਕਾ ਲਗਵਾਉਣ ਸਮੇਂ ਸਕੂਲ ਆਈ.ਡੀ ਕਾਰਡ ਜਾਂ ਆਧਾਰ ਕਾਰਡ ਜਾਂ ਅਪਾਰ ਆਈ.ਡੀ ਕਾਰਡ ਜਾਂ ਰਾਸ਼ਨ ਕਾਰਡ ਦੀ ਕਾਪੀ ਜਾਂ ਪੈਨ ਕਾਰਡ ਲੈ ਕੇ ਜਾਣਾ ਲਾਜ਼ਮੀ ਹੈ
ਇਨ੍ਹਾਂ ਥਾਵਾਂ 'ਤੇ ਮੁਫ਼ਤ ਲੱਗਦੇ ਹਨ ਐਚ.ਪੀ.ਵੀ. ਦੇ ਟੀਕੇ:
--ਸਰਕਾਰੀ ਜੱਚਾ ਬੱਚਾ ਹਸਪਤਾਲ ਬਠਿੰਡਾ
--ਸਬ ਡਵੀਜ਼ਨ ਹਸਪਤਾਲ ਰਾਮਪੁਰਾ ਫੂਲ
--ਸਬ ਡਵੀਜ਼ਨ ਹਸਪਤਾਲ ਤਲਵੰਡੀ ਸਾਬੋ
--ਸਰਕਾਰੀ ਹਸਪਤਾਲ ਗੋਨਿਆਣਾ
--ਸਰਕਾਰੀ ਹਸਪਤਾਲ ਭਗਤਾ
--ਸਰਕਾਰੀ ਹਸਪਤਾਲ ਨਥਾਣਾ
--ਸਰਕਾਰੀ ਹਸਪਤਾਲ ਬਾਲਿਆਂਵਾਲੀ
--ਸਰਕਾਰੀ ਹਸਪਤਾਲ ਸੰਗਤ
--ਏਮਜ਼ ਬਠਿੰਡਾ
Click to Follow Babushahi Facebook page →