ਚੰਡੀਗੜ੍ਹ: ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ; ਕਈ ਲੋਕ ਜ਼ਖ਼ਮੀ
ਗੈਸ ਦੀ ਕਿੱਲਤ ਦੇ ਡਰੋਂ ਬਿਲਡਿੰਗ ਵਿੱਚ ਸਟੋਕ ਕਰਕੇ ਰੱਖੇ ਗਏ ਸਨ 10 ਤੋਂ 12 ਸਿਲੰਡਰ
ਭਿਆਨਕ ਗਰਮੀ ਜਾਂ ਸ਼ਾਰਟ ਸਰਕਟ ਬਣੀ ਵਜ੍ਹਾ? ਧਮਾਕੇ ਨਾਲ ਇਮਾਰਤ ਦਾ ਵੱਡਾ ਹਿੱਸਾ ਹੋਇਆ ਬੁਰੀ ਤਰ੍ਹਾਂ ਨੁਕਸਾਨਿਆ
ਭੀੜੀਆਂ ਗਲੀਆਂ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਮੁਸਤੈਦੀ ਨਾਲ ਸਥਿਤੀ 'ਤੇ ਪਾਇਆ ਕਾਬੂ
ਚੰਡੀਗੜ੍ਹ, 25 May 2026- ਚੰਡੀਗੜ੍ਹ ਦੇ ਸੈਕਟਰ 45 ਸਥਿਤ ਬੁੜੈਲ ਇਲਾਕੇ ਤੋਂ ਇੱਕ ਬੇਹੱਦ ਖ਼ੌਫਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਅਚਾਨਕ ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਦੇਖਦੇ ਹੀ ਦੇਖਦੇ ਇਮਾਰਤ ਦੇ ਅੰਦਰ ਰੱਖੇ ਸਿਲੰਡਰਾਂ ਵਿੱਚ ਇੱਕ ਤੋਂ ਬਾਅਦ ਇੱਕ ਲਗਾਤਾਰ 4 ਧਮਾਕੇ ਹੋਏ। ਇਸ ਭਿਆਨਕ ਹਾਦਸੇ ਵਿੱਚ ਘਰ 'ਚ ਮੌਜੂਦ ਪਰਿਵਾਰ ਦੇ ਕੁੱਝ ਮੈਂਬਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ।
ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਦਿਨੀਂ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ (Gulf War) ਦੇ ਕਾਰਨ ਗੈਸ ਦੀ ਕਿੱਲਤ ਹੋਣ ਦੀਆਂ ਅਫ਼ਵਾਹਾਂ ਅਤੇ ਖ਼ਬਰਾਂ ਸਾਹਮਣੇ ਆਈਆਂ ਸਨ। ਇਸੇ ਡਰ ਦੇ ਚਲਦਿਆਂ ਲੋਕਾਂ ਨੇ ਸਿਲੰਡਰ ਭਰਵਾ ਕੇ ਘਰਾਂ ਵਿੱਚ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਇਮਾਰਤ ਵਿੱਚ ਵੀ ਕਰੀਬ 10 ਤੋਂ 12 ਸਿਲੰਡਰ ਸਟੋਕ ਕਰਕੇ ਰੱਖੇ ਹੋਏ ਸਨ। ਅਚਾਨਕ ਲੱਗੀ ਅੱਗ ਕਾਰਨ ਇਨ੍ਹਾਂ ਵਿੱਚੋਂ 4 ਸਿਲੰਡਰ ਬੁਰੀ ਤਰ੍ਹਾਂ ਬਲਾਸਟ ਹੋ ਗਏ, ਜਿਸ ਕਾਰਨ ਬਿਲਡਿੰਗ ਦਾ ਇੱਕ ਵੱਡਾ ਹਿੱਸਾ ਢਹਿ-ਢੇਰੀ ਹੋ ਗਿਆ।
ਜ਼ਿਕਰਯੋਗ ਹੈ ਕਿ ਸੈਕਟਰ 45 ਦਾ ਬੁੜੈਲ ਇਲਾਕਾ ਇੱਕ ਪੁਰਾਣਾ ਪਿੰਡ ਹੈ, ਜਿਸ ਨੂੰ ਬਾਅਦ ਵਿੱਚ ਵਿਕਸਿਤ ਕੀਤਾ ਗਿਆ ਹੈ। ਇੱਥੋਂ ਦੀਆਂ ਗਲੀਆਂ ਬੇਹੱਦ ਭੀੜੀਆਂ ਅਤੇ ਸੰਘਣੀਆਂ ਹਨ, ਜਿਸ ਕਾਰਨ ਸ਼ੁਰੂਆਤ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੰਦਰ ਪਹੁੰਚਣ ਵਿੱਚ ਭਾਰੀ ਮੁਸ਼ੱਕਤ ਕਰਨੀ ਪਈ। ਹਾਲਾਂਕਿ, ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਬਿਲਕੁਲ ਸਹੀ ਸਮੇਂ 'ਤੇ ਸਥਿਤੀ ਨੂੰ ਸੰਭਾਲ ਲਿਆ। ਜੇਕਰ ਫਾਇਰ ਬ੍ਰਿਗੇਡ ਦੇ ਪਹੁੰਚਣ ਵਿੱਚ ਥੋੜ੍ਹੀ ਵੀ ਦੇਰੀ ਹੁੰਦੀ ਤਾਂ ਬਾਕੀ ਬਚੇ 6-8 ਸਿਲੰਡਰ ਵੀ ਫਟ ਸਕਦੇ ਸਨ, ਜਿਸ ਨਾਲ ਪੂਰੇ ਇਲਾਕੇ ਵਿੱਚ ਕੋਈ ਬਹੁਤ ਵੱਡੀ ਤਬਾਹੀ ਹੋ ਸਕਦੀ ਸੀ।
ਪੁਲਿਸ ਮੁਤਾਬਕ, ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਲੱਗਣ ਦਾ ਕਾਰਨ ਭਿਆਨਕ ਗਰਮੀ ਸੀ ਜਾਂ ਕੋਈ ਹੋਰ ਜਲਨਸ਼ੀਲ ਪਦਾਰਥ ਸਿਲੰਡਰਾਂ ਦੇ ਨੇੜੇ ਪਹੁੰਚ ਗਿਆ ਸੀ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਗੈਸ ਦੀ ਸਪਲਾਈ ਬਿਲਕੁਲ ਸਹੀ ਹੈ ਅਤੇ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਹੈ। ਇਸ ਲਈ ਕਿਸੇ ਵੀ ਅਫ਼ਵਾਹ ਦੇ ਡਰੋਂ ਘਰਾਂ ਵਿੱਚ ਇਸ ਤਰ੍ਹਾਂ ਗੈਰ-ਕਾਨੂੰਨੀ ਅਤੇ ਖ਼ਤਰਨਾਕ ਤਰੀਕੇ ਨਾਲ ਸਿਲੰਡਰ ਸਟੋਕ ਨਾ ਕੀਤੇ ਜਾਣ।
- Download Babushahi App
-
-