ਖਰੜ ਨਗਰ ਨਿਗਮ 'ਤੇ ਭੜਕਿਆ AAP ਆਗੂ, ਕਿਹਾ- ਮੇਰੇ ਫਲੈਕਸ ਨਜਾਇਜ਼ ਉਤਾਰੇ
ਆਪਣੀ ਹੀ ਸਰਕਾਰ ਦੇ ਬੋਰਡ ਉਤਾਰਨ 'ਤੇ ਭੜਕਿਆ 'ਆਪ' ਆਗੂ; ਨਗਰ ਨਿਗਮ 'ਤੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ
Ravi Jakhu
ਖਰੜ 22 ਅਪ੍ਰੈਲ, 2026- ਖਰੜ ਵਿੱਚ ਉਸ ਵੇਲੇ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ ਜਦੋਂ ਸੱਤਾਧਿਰ ਆਮ ਆਦਮੀ ਪਾਰਟੀ (AAP) ਦੇ ਪ੍ਰਿੰਸ ਧਾਲੀਵਾਲ (ਯੂਥ ਕੋਆਰਡੀਨੇਟਰ) ਨੇ ਨਗਰ ਨਿਗਮ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਮਾਮਲਾ ਸ਼ਹਿਰ ਵਿੱਚ ਲਗਾਏ ਗਏ ਸਿਆਸੀ ਫਲੈਕਸ ਬੋਰਡਾਂ ਨੂੰ ਉਤਾਰਨ ਨਾਲ ਜੁੜਿਆ ਹੋਇਆ ਹੈ। ਪ੍ਰਿੰਸ ਧਾਲੀਵਾਲ ਨੇ ਨਗਰ ਨਿਗਮ 'ਤੇ ਸ਼ਰੇਆਮ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਹੈ। ਆਗੂ ਦਾ ਕਹਿਣਾ ਹੈ ਕਿ, ਉਨ੍ਹਾਂ ਨੇ ਸ਼ਹਿਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸਰਕਾਰ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੇ ਪ੍ਰਚਾਰ ਲਈ ਬੋਰਡ ਲਗਾਏ ਸਨ। ਨਗਰ ਨਿਗਮ ਦੇ ਮੁਲਾਜ਼ਮਾਂ ਨੇ ਸਿਰਫ਼ 'ਆਪ' ਦੇ ਬੋਰਡਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਨਜਾਇਜ਼ ਤਰੀਕੇ ਨਾਲ ਉਤਾਰ ਦਿੱਤਾ। ਆਗੂ ਨੇ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਅਜੇ ਵੀ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ਦੇ ਬੋਰਡ ਲੱਗੇ ਹੋਏ ਹਨ, ਜਿਨ੍ਹਾਂ ਨੂੰ ਹੱਥ ਤੱਕ ਨਹੀਂ ਪਾਇਆ ਗਿਆ।
"ਕਾਨੂੰਨ ਸਭ ਲਈ ਬਰਾਬਰ"- ਨਗਰ ਨਿਗਮ ਅਧਿਕਾਰੀ
ਦੂਜੇ ਪਾਸੇ, ਨਗਰ ਨਿਗਮ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ, ਇਹ ਕਾਰਵਾਈ ਕਿਸੇ ਖ਼ਾਸ ਪਾਰਟੀ ਵਿਰੁੱਧ ਨਹੀਂ, ਸਗੋਂ ਨਿਯਮਾਂ ਅਨੁਸਾਰ ਕੀਤੀ ਗਈ ਹੈ। ਸ਼ਹਿਰ ਦੀ ਸੁੰਦਰਤਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਗੈਰ-ਕਾਨੂੰਨੀ ਫਲੈਕਸ ਅਤੇ ਬੋਰਡ ਉਤਾਰੇ ਗਏ ਹਨ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰੀਆਂ ਪਾਰਟੀਆਂ ਦੇ ਬੋਰਡ ਹਟਾਏ ਹਨ।
Click to Follow Babushahi Facebook page →