ਕਾਂਗਰਸ ਦੀ ਬਰਨਾਲਾ ਰੈਲੀ 'ਤੇ 'ਆਪ' ਦਾ ਤਿੱਖਾ ਵਾਰ, ਪੰਜਾਬੀ ਲੀਡਰਾਂ ਨੂੰ ਪੋਸਟਰ 'ਚ ਥਾਂ ਨਹੀਂ: ਬਲਤੇਜ ਪੰਨੂ
*CM ਬਣਨ ਦੀਆਂ ਜੈਕਟਾਂ ਸਵਾਉਣ ਵਾਲੇ ਕਾਂਗਰਸੀ ਆਗੂਆਂ ਦੀ ਪੋਸਟਰ ਤੋਂ ਵੀ ਫੋਟੋ ਗਾਇਬ - ਪੰਨੂ*
*ਫਿਰ 'ਦਿੱਲੀ ਵਾਲੇ ਆ ਗਏ' ਦੀ ਰੋਜ਼ ਦੁਹਾਈ ਪਾਉਣ ਵਾਲੇ ਪੰਜਾਬ ਦੇ ਕਾਂਗਰਸੀਓ ਆਹ ਰਾਹੁਲ ਗਾਂਧੀ ਕੀ ਭੁੱਲਥ ਤੋਂ ਹੈ ਤੇ ਖੜਗੇ ਜੀ ਬਾਘਾ ਪੁਰਾਣਾ ਤੋਂ ਹਨ?- ਬਲਤੇਜ ਪੰਨੂ*
ਚੰਡੀਗੜ੍ਹ, 28 ਫਰਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਾਂਗਰਸ ਵੱਲੋਂ ਬਰਨਾਲਾ ਵਿੱਚ ਕੀਤੀ ਗਈ ਰੈਲੀ 'ਤੇ ਤਿੱਖਾ ਵਾਰ ਕਰਦਿਆਂ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਹਾਈ ਕਮਾਂਡ ਅੱਗੇ ਸਿਫ਼ਰ ਹੋ ਚੁੱਕੀ ਹੈਸੀਅਤ ਨੂੰ ਬੇਨਕਾਬ ਕੀਤਾ ਹੈ।
ਬਲਤੇਜ ਪੰਨੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ (X) 'ਤੇ ਲਿਖਿਆ "ਦਿੱਲੀ ਵਾਲੇ ਆ ਗਏ, ਦਿੱਲੀ ਵਾਲੇ ਆ ਗਏ! ਹਰ ਰੋਜ਼ ਦੁਹਾਈ ਪਾਉਣ ਵਾਲੇ ਪੰਜਾਬ ਦੇ ਕਾਂਗਰਸੀਓ, ਆਹ ਰਾਹੁਲ ਗਾਂਧੀ ਕੀ ਭੁੱਲਥ ਤੋਂ ਹੈ ਤੇ ਖੜਗੇ ਜੀ ਬਾਘਾ ਪੁਰਾਣਾ ਤੋਂ ਹਨ?"
ਪੰਨੂ ਨੇ ਕਾਂਗਰਸ ਦੇ ਉਨ੍ਹਾਂ ਪੰਜਾਬੀ ਆਗੂਆਂ 'ਤੇ ਵੀ ਨਿਸ਼ਾਨਾ ਸਾਧਿਆ ਜੋ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਲੈ ਰਹੇ ਹਨ। ਉਨ੍ਹਾਂ ਲਿਖਿਆ "ਬਹੁਤੀ ਬੁਰੀ ਹੋਈ ਵਿਚਾਰੇ ਕਾਂਗਰਸੀਆਂ ਨਾਲ ਜਿਹੜੇ ਮੁੱਖ ਮੰਤਰੀ ਬਣਨ ਦੀਆਂ ਜੈਕਟਾਂ ਸਵਾਈ ਫਿਰਦੇ ਹਨ! ਤੁਹਾਡੀ ਤਾਂ ਪੋਸਟਰ ਤੋਂ ਫੋਟੋ ਵੀ ਗਾਇਬ ਹੋ ਗਈ!"
ਬਲਤੇਜ ਪੰਨੂ ਦੇ ਇਸ ਤਿੱਖੇ ਤੰਜ਼ ਦਾ ਸਿੱਧਾ ਇਸ਼ਾਰਾ ਇਸ ਗੱਲ ਵੱਲ ਹੈ ਕਿ ਕਾਂਗਰਸ ਦੀ ਬਰਨਾਲਾ ਰੈਲੀ ਦੇ ਪੋਸਟਰਾਂ ਵਿੱਚ ਪੰਜਾਬ ਦੇ ਸਥਾਨਕ ਕਾਂਗਰਸੀ ਆਗੂਆਂ ਨੂੰ ਥਾਂ ਨਹੀਂ ਦਿੱਤੀ ਗਈ, ਜਦਕਿ ਇਹੀ ਆਗੂ ਆਮ ਆਦਮੀ ਪਾਰਟੀ 'ਤੇ "ਦਿੱਲੀ ਤੋਂ ਪੰਜਾਬ ਚਲਾਉਣ" ਦਾ ਇਲਜ਼ਾਮ ਲਾਉਂਦੇ ਰਹਿੰਦੇ ਹਨ।
'ਆਪ' ਦੇ ਮੀਡੀਆ ਇੰਚਾਰਜ ਦੇ ਇਸ ਬਿਆਨ ਨੇ ਕਾਂਗਰਸ ਦੀ ਅੰਦਰੂਨੀ ਸਿਆਸਤ ਦੀ ਉਸ ਤਸਵੀਰ ਨੂੰ ਵੀ ਸਾਹਮਣੇ ਲਿਆਂਦਾ ਹੈ ਜਿੱਥੇ ਪੰਜਾਬ ਦੇ ਕਈ ਕਾਂਗਰਸੀ ਆਗੂ ਮੁੱਖ ਮੰਤਰੀ ਦੀ ਕੁਰਸੀ ਲਈ ਲਾਲਾਇਤ ਹਨ, ਪਰ ਹਾਈ ਕਮਾਂਡ ਦੀ ਨਜ਼ਰ ਵਿੱਚ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਇੰਨੀ ਵੀ ਨਹੀਂ ਕਿ ਰੈਲੀ ਦੇ ਪੋਸਟਰ ਵਿੱਚ ਉਨ੍ਹਾਂ ਦੀ ਫੋਟੋ ਤੱਕ ਲੱਗ ਸਕੇ।
Click to Follow Babushahi Facebook page →