ਐੱਨ.ਜੀ.ਟੀ. ਦੀ ਰੋਕ ਦੇ ਬਾਵਜੂਦ ਪਿੰਡ ਕੰਨਿਆ ਹੁਸੈਨੀ 'ਚ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼
ਸਮਾਜ ਸੇਵੀ ਵੱਲੋਂ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦੇ ਗੰਭੀਰ ਦੋਸ਼
ਜਗਰਾਓ (ਦੀਪਕ ਜੈਨ)
ਮਾਣਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਵੱਲੋਂ ਪੰਜਾਬ ਦੀਆਂ 85 ਡਿਸੈਲਟਿੰਗ ਸਾਈਟਾਂ 'ਤੇ ਲਗਾਈ ਗਈ ਰੋਕ ਦੇ ਬਾਵਜੂਦ, ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਕੰਨਿਆ ਹੁਸੈਨੀ ਵਿਖੇ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਪੂਰਥਲਾ ਦੇ ਪਿੰਡ ਸੰਗੋਜਲਾ ਦੇ ਰਹਿਣ ਵਾਲੇ ਸਮਾਜ ਸੇਵੀ ਗੁਰਜੀਤ ਸਿੰਘ ਨੇ ਐੱਨ.ਜੀ.ਟੀ. ਸਮੇਤ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਡਰੇਨੇਜ ਅਤੇ ਮਾਈਨਿੰਗ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਅਤੇ ਇੱਕ ਨਿੱਜੀ ਕੰਪਨੀ 'ਤੇ ਗੰਭੀਰ ਦੋਸ਼ ਲਗਾਏ ਹਨ।
ਕੇ.ਐੱਲ.ਐੱਮ. ਹੱਦਾਂ ਤੋਂ ਬਾਹਰ ਜਾ ਕੇ ਪਾਣੀ 'ਚੋਂ ਰੇਤੇ ਦੀ ਨਿਕਾਸੀ ਦੇ ਦੋਸ਼
ਸ਼ਿਕਾਇਤਕਰਤਾ ਗੁਰਜੀਤ ਸਿੰਘ ਅਨੁਸਾਰ, ਐੱਮ/ਐੱਸ ਜੀ.ਡੀ.ਪੀ. (GTP) ਇਨਫਰਾਸਟ੍ਰਕਚਰ ਕੰਪਨੀ ਨੂੰ ਅਲਾਟ ਕੀਤੀ ਗਈ ਡਿਸੈਲਟਿੰਗ ਸਾਈਟ 'ਤੇ ਨੇਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਅਲਾਟ ਕੀਤੇ ਗਏ ਕੇ.ਐੱਲ.ਐੱਮ. (KLM) ਨੰਬਰਾਂ ਤੋਂ ਬਾਹਰ ਜਾ ਕੇ ਦਰਿਆ ਦੇ ਵਗਦੇ ਪਾਣੀ ਵਿੱਚੋਂ ਮਸ਼ੀਨਾਂ ਰਾਹੀਂ ਰੇਤਾ ਕੱਢਿਆ ਜਾ ਰਿਹਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਲਾਟ ਕੀਤੀ ਜਗ੍ਹਾ 'ਤੇ ਮਿੱਟੀ ਹੈ, ਜਿਸਦੀ ਮਾਰਕੀਟ ਵਿੱਚ ਮੰਗ ਘੱਟ ਹੋਣ ਕਾਰਨ, ਕੰਪਨੀ ਵੱਲੋਂ ਕਥਿਤ ਤੌਰ 'ਤੇ ਨਾਜਾਇਜ਼ ਖੁਦਾਈ ਕਰਕੇ ਰੇਤਾ ਕੱਢ ਕੇ ਲੁਧਿਆਣਾ (ਗਿੱਦੜਪਿੰਡੀ) ਸਾਈਡ 'ਤੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਨਾਜਾਇਜ਼ ਕੰਮ ਜ਼ਿਆਦਾਤਰ ਰਾਤ ਦੇ ਹਨੇਰੇ (ਕਰੀਬ 2 ਵਜੇ) ਵਿੱਚ ਹੁੰਦਾ ਹੈ, ਜਿਸ ਦੀਆਂ ਵੀਡੀਓਜ਼ ਅਤੇ ਸੀ.ਸੀ.ਟੀ.ਵੀ. ਫੁਟੇਜ ਉਨ੍ਹਾਂ ਕੋਲ ਸਬੂਤ ਵਜੋਂ ਮੌਜੂਦ ਹਨ।
ਬਲੈਕਲਿਸਟ ਕੰਪਨੀ ਨੂੰ ਮੁੜ ਕੰਮ ਦੇਣ ਅਤੇ ਅਧਿਕਾਰੀਆਂ ਦੀ ਭੂਮਿਕਾ 'ਤੇ ਸਵਾਲ
ਸ਼ਿਕਾਇਤਕਰਤਾ ਨੇ ਮਾਈਨਿੰਗ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ— ਚੀਫ ਹਰਦੀਪ ਸਿੰਘ ਮਹਿੰਦੀਰੱਤਾ, ਐੱਸ.ਈ. ਅਮਰਿੰਦਰ ਸਿੰਘ ਪੰਧੇਰ, ਐਕਸੀਅਨ (ਸ਼ਹੀਦ ਭਗਤ ਸਿੰਘ ਨਗਰ) ਕਿਰਨਦੀਪ ਕੌਰ ਅਤੇ ਐੱਸ.ਡੀ.ਓ. ਜਨੇਸ਼ ਗੁਪਤਾ 'ਤੇ ਕੰਪਨੀ ਨਾਲ ਕਥਿਤ ਮਿਲੀਭੁਗਤ ਦੇ ਸਿੱਧੇ ਦੋਸ਼ ਲਗਾਏ ਹਨ। ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਕੰਪਨੀ ਦੀਆਂ ਬੇਨਿਯਮੀਆਂ ਸਬੰਧੀ ਪਹਿਲਾਂ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਜਿਸ ਦੇ ਆਧਾਰ 'ਤੇ ਵਿਭਾਗ ਵੱਲੋਂ ਬੀਤੀ 6 ਜਨਵਰੀ ਨੂੰ ਐੱਸ.ਐੱਚ.ਓ. ਸਿੱਧਵਾਂ ਬੇਟ ਨੂੰ ਕਾਰਵਾਈ ਲਈ ਪੱਤਰ (ਨੰਬਰ 06-08/1) ਵੀ ਜਾਰੀ ਕੀਤਾ ਗਿਆ ਸੀ ਅਤੇ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਸੀ। ਪਰ ਉਨ੍ਹਾਂ ਦੋਸ਼ ਲਗਾਇਆ ਕਿ ਕਥਿਤ ਸਿਆਸੀ ਦਬਾਅ ਅਤੇ ਅਧਿਕਾਰੀਆਂ ਦੀ ਗੰਢ-ਤੁੱਪ ਕਾਰਨ ਬਲੈਕਲਿਸਟ ਕੰਪਨੀ ਨੂੰ ਮੁੜ ਡਿਸੈਲਟਿੰਗ ਦਾ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ
ਸਮਾਜ ਸੇਵੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਕਮੇਟੀ ਤੋਂ ਜਾਂਚ ਕਰਵਾਈ ਜਾਵੇ ਅਤੇ ਨਾਜਾਇਜ਼ ਖੁਦਾਈ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੰਪਨੀ ਅਤੇ ਸਬੰਧਤ ਅਧਿਕਾਰੀਆਂ ਤੋਂ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ ਦੋ ਦਿਨਾਂ ਦੇ ਅੰਦਰ-ਅੰਦਰ ਕੋਈ ਠੋਸ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਜਬੂਰਨ ਮਾਣਯੋਗ ਅਦਾਲਤ ਦਾ ਰੁਖ਼ ਕਰਨਗੇ।
ਦੱਸਣਯੋਗ ਹੈ ਕਿ ਇਸ ਸ਼ਿਕਾਇਤ ਦੀਆਂ ਕਾਪੀਆਂ ਚੀਫ ਸੈਕਟਰੀ ਪੰਜਾਬ, ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਐੱਸ.ਐੱਸ.ਪੀ. ਜਗਰਾਉਂ ਨੂੰ ਵੀ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤੀਆਂ ਗਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਗੰਭੀਰ ਮਾਮਲੇ ਵਿੱਚ ਕੀ ਕਦਮ ਚੁੱਕਦਾ ਹੈ।
Click to Follow Babushahi Facebook page →